ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੋਧੀ ਯੂਨੀਅਨ ਬਲਾਕ ਕੋਟਕਪੂਰਾ ਦੀ ਮੀਟਿੰਗ ਜਿਲਾ ਪ੍ਰਧਾਨ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਸਥਾਨਕ ਕਿਲ੍ਹਾ ਪਾਰਕ ਨੇੜੇ ਨਵਾਂ ਬੱਸ ਅੱਡਾ ਵਿਖੇ ਹੋਈ, ਜਿਸ ’ਚ ਬਲਾਕ ਕੋਟਕਪੂਰਾ ਦੇ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਸਨ ਅਤੇ ਮੀਟਿੰਗ ’ਚ ਮਿਲਾਵਟਖੋਰੀ ਨੂੰ ਰੋਕਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰੇ ਸਾਥੀਆਂ ਨੇ ਮਿਲਾਵਟਖੋਰੀ ਨੂੰ ਰੋਕਣ ਦੀ ਹਾਮੀ ਭਰੀ ਅਤੇ ਚਿਤਾਵਨੀ ਦਿੱਤੀ ਕਿ ਸ਼ਹਿਰ ’ਚ ਕਿਸੇ ਵੀ ਮਿਲਾਵਟ ਵਾਲੀ ਚੀਜ ਨੂੰ ਵਿਕਣ ਨਹੀਂ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਯੂਨੀਅਨ ਜਿਲ੍ਹਾ ਫਰੀਦਕੋਟ ਬਲਾਕ ਕੋਟਕਪੁਰਾ ਵੱਲੋਂ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਕਰਕੇ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਕੋਟਕਪੂਰਾ ’ਚ ਦੁੱਧ ਨਾਲ ਸਬੰਧਤ ਵਸਤੂਆਂ ਦੀ ਕਾਲਾਬਜਾਰੀ ਹੋ ਰਹੀ ਹੈ। ਕੋਟਕਪੂਰਾ ਬਲਾਕ ਦੇ ਅਹੁਦੇਦਾਰ ਓਮਪ੍ਰੀਤ ਸਿੰਘ ਅਤੇ ਹਨੀਸ਼ ਨਰੰਗ ਨੇ ਕਿਹਾ ਸ਼ਹਿਰ ’ਚ ਬਹੁਤ ਹੀ ਸਸਤੇ ਭਾਅ ’ਤੇ ਮਿਲਾਵਟ ਖੋਰੇ ਵਾਲਾ ਸਾਮਾਨ ਦੁੱਧ ਦਹੀਂ ਮੱਖਣ ਪਨੀਰ ਖੋਆ ਅਤੇ ਮਠਿਆਈਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੋਣ ਕਾਰਨ ਜਿੱਥੇ ਦੁੱਧ ਦੇ ਧੰਦੇ ਨਾਲ ਜੁੜੇ ਦੋਧੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਇਸ ਧੰਦੇ ਨਾਲ ਜੁੜੇ ਛੋਟੇ ਕਿਸਾਨ ਦੁੱਧ ਦਾ ਰੇਟ ਨਾ ਮਿਲਣ ਕਰਕੇ ਇਸ ਧੰਦੇ ਤੋਂ ਮੂੰਹ ਮੋੜ ਰਹੇ ਹਨ। ਮੀਟਿੰਗ ਵਿੱਚ ਹਾਜਰ ਦੋਧੀ ਯੂਨੀਅਨ ਦੇ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਲੋਕਾਂ ਦੀ ਸਿਹਤ ਅਤੇ ਛੋਟੇ ਕਿਸਾਨਾਂ ਦੇ ਸਹਾਇਕ ਧੰਦੇ ਨੂੰ ਬਚਾਉਣ ਲਈ ਜਲਦ ਤੋਂ ਜਲਦ ਸਾਰਥਿਕ ਯਤਨ ਕੀਤੇ ਜਾਣ।