ਰਾਜਨ ਆਪਣੇ ਪਤੀ ਨਾਲ ਤੇ ਆਪਣੇ ਪੰਦਰਾਂ ਕੁ ਮਹੀਨੇ ਦੇ ਬੇਟੇ ਨਾਲ ਪੰਜਾਬ ਆਈ । ਸਹੁਰਾ ਪਰਿਵਾਰ ਸਾਰਾ ਕਨੇਡਾ ਵਿੱਚ ਹੋਣ ਕਰਕੇ ਉਹ ਸਿੱਧੀ ਆਪਣੇ ਪੇਕੇ ਘਰ ਹੀ ਆਈ ।
ਪਹਿਲਾ ਲੋਕ ਜਨਵਰੀ ਦੀ ਤੇਰ੍ਹਾਂ ਤਰੀਕ ਨੂੰ ਹੀ ਲੋਹੜੀ ਦਾ ਤਿਉਹਾਰ ਮਨਾਉਂਦੇ ਸਨ ਪਰ ਅੱਜ ਕੱਲ ਬਾਹਰ ਵਾਲੇ ਜਦੋਂ ਪੰਜਾਬ ਜਾਂਦੇ ਨੇ ਤਾਂ ਕਿਸੇ ਵੀ ਮਹੀਨੇ ਤੇ ਕਿਸੇ ਵੀ ਤਰੀਕ ਨੂੰ ਲੋਹੜੀ ਮਨਾ ਲੈੰਦੇ ਹਨ ।
ਰਾਜਨ ਦੀ ਮਾਂ ਨੂੰ ਬਹੁਤ ਚਾਅ ਸੀ ਕਿ ਘਰ ਵਿੱਚ ਲੋਹੜੀ ਦਾ ਵੱਡਾ ਪ੍ਰੋਗਰਾਮ ਕਰਵਾਈਆਂ ਜਾਵੇ। ਪ੍ਰੋਗਰਾਮ ਮਿੱਥ ਲਿਆ ਗਿਆ ਤੇ ਖਾਸ ਖਾਸ ਰਿਸ਼ਤੇਦਾਰਾਂ ਨੂੰ ਬੁਲਾਵਾ ਭੇਜਿਆ ਗਿਆ । ਸਿਮਰ ਜੋ ਰਾਜਨ ਦੀ ਵੱਡੀ ਭਰਜਾਈ ਸੀ , ਜਿਸ ਨੂੰ ਵਿਆਹੀ ਨੂੰ ਅੱਠ ਵਰ੍ਹੇ ਹੋ ਚੁੱਕੇ ਸਨ ਪਰ ਅਜੇ ਮਾਂ ਨਹੀਂ ਸੀ ਬਣੀ ।
ਸਿਮਰ ਦੀ ਸੱਸ ਆਏ ਦਿਨ ਪੋਤਰਾ-ਪੋਤਰਾ ਕਰਦੀ ਰਹਿੰਦੀ ਸੀ । ਅੱਜ ਘਰ ਸ਼ਗਨਾਂ ਦਾ ਦਿਨ ਸੀ ਤੇ ਸਾਰੇ ਮਹਿਮਾਨ ਆਏ ਹੋਏ ਸਨ । ਸਿਮਰ ਦੀ ਸੱਸ ਸਵੇਰ ਤੋਂ ਜਿੱਥੇ ਦੋਹਤਰੇ ਦੀ ਲੋਹੜੀ ਦੇ ਪ੍ਰੋਗਰਾਮ ਕਰਕੇ ਬਹੁਤ ਖੁਸ਼ ਸੀ ਉੱਥੇ ਨਾਲ ਨਾਲ ਸਿਮਰ ਨੂੰ ਵਾਰ ਵਾਰ ਸੁਣਾ ਵੀ ਰਹੀ ਸੀ ਕਿ ਦੋਹਤਰੇ ਦੇ ਨਾਲ ਪੋਤਰੇ ਦੀ ਲੋਹੜੀ ਵੀ ਪੈਂਦੀ ਤਾਂ ਮੇਰਾ ਜਨਮ ਸਫਲ ਹੋ ਜਾਂਦਾ, ਫੁੱਟੀ ਕਿਸਮਤ ਮੇਰੇ ਮੁੰਡੇ ਦੀ ਬਾਂਝ ਪੱਲੇ ਪੈ ਗਈ …… ਵਗੈਰਾ ਵਗੈਰਾ …..!
ਸਿਮਰ ਹਰ ਰੋਜ ਦੀ ਤਰਾਂ ਅੱਜ ਵੀ ਸੱਸ ਦੀਆਂ ਇਹ ਸਭ ਗੱਲਾ ਸੁਣੀਆਂ ਅਣਸੁਣੀਆਂ ਕਰੀ ਜਾ ਰਹੀ ਸੀ ਤੇ ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਦੀ ਸੇਵਾ ਵਿੱਚ ਵਿਅਸਤ ਸੀ । ਸਿਮਰ ਦੇ ਪਤੀ ਨੂੰ ਅਚਾਨਕ ਕੋਈ ਕੰਮ ਪੈ ਗਿਆ ਹੋਣ ਕਰਕੇ ਉਹ ਸਵਖਤੇ ਦਾ ਸ਼ਹਿਰ ਗਿਆ ਹੋਈਆ ਸੀ ।
ਹੁਣ ਸਿਮਰ ਦਾ ਪਤੀ ਸ਼ਹਿਰ ਤੋਂ ਵਾਪਸ ਪਰਤਿਆ ……। ਪਤੀ ਨੂੰ ਬੂਹੇ ਵੜਦਾ ਵੇਖ ਸਿਮਰ ਤੇਜ਼ੀ ਨਾਲ ਉਸ ਵੱਲ ਭੱਜੀ ਤੇ ਗਲ਼ਵੱਕੜੀ ਪਾ ਕੇ ਬਿਨਾਂ ਕੁਝ ਕਹੇ ਕਿੰਨਾ ਚਿਰ ਲਿਪਟੀ ਰਹੀ। ਗਲ਼ਵੱਕੜੀ ਖੁੱਲ੍ਹਣ ਤੇ ਦੋਵੇਂ ਪਤੀ ਪਤਨੀ ਨੇ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਬਿਨਾਂ ਕੁਝ ਕਹੇ ਕੁਝ ਪਲ ਇੱਕ ਦੂਜੇ ਨੂੰ ਤੱਕਿਆ ।
ਸਿਮਰ ਦਾ ਪਤੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਜਿਵੇਂ ਦੇਖਣ ਨੂੰ ਦੋ ਜਿੰਦਾਂ ਪਰ ਇੱਕ ਜਾਨ ਇੱਕ ਰੂਹ ਸਨ ਉਹ ਦੋਵੇਂ ।
ਸਾਰਾ ਪ੍ਰੋਗਰਾਮ ਅਖੀਰ ਤੱਕ ਬਹੁਤ ਵਧੀਆ ਰਿਹਾ ਤੇ ਮਹਿਮਾਨ ਰਾਤ ਨੂੰ ਲੋਹੜੀ ਦੀ ਧੂਣੀ ਸੇਕਣ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਚਲੇ ਗਏ । ਸਿਮਰ ਦੇ ਪਤੀ ਨੇ ਸਿਮਰ ਦੇ ਪੇਕੇ ਪਰਿਵਾਰ ਨੂੰ ਰਾਤ ਰੁਕਣ ਲਈ ਕਿਹਾ ਤੇ ਉਹ ਸਾਰਾ ਪਰਿਵਾਰ ਰੁਕ ਵੀ ਗਏ। ਹੁਣ ਸਿਰਫ ਪਰਿਵਾਰਕ ਮੈਂਬਰ ਹੀ ਰਲ ਕੇ ਬੈਠੇ ਸਨ ।
ਸਿਮਰ ਦੇ ਪਤੀ ਨੇ ਕਿਹਾ ਮੈਂ ਤੁਹਾਨੂੰ ਸਭ ਨੂੰ ਕੁਝ ਦੱਸਣਾ ਚਾਹੁੰਦਾ ਹਾਂ ।
ਤੁਹਾਡੇ ਸਭ ਨਾਲ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ….!
ਉਸ ਨੇ ਆਪਣੀ ਮਾਂ ਵੱਲ ਤੱਕਦੇ ਨੇ ਬਹੁਤ ਭਾਵੁਕ ਹੋ ਕੇ ਕਿਹਾ …… ਮਾਤਾ ਤੂੰ ਨਿੱਤ ਦਿਨ …. ….. ਸਗੋਂ ਇੱਕ ਦਿਨ ਵਿੱਚ ਕਈ ਕਈ ਵਾਰ ਪੋਤਾ ਪੋਤਾ ਕਰਦੀ ਐ ….!
ਮੈਂ ਸਭ ਦੀਆਂ ਭਾਵਨਾਵਾ ਦੀ ਕਦਰ ਕਰਦਾ ਪਰ ਜੇਕਰ ਤੂੰ ਪੋਤਰੇ ਦਾ ਮੂੰਹ ਦੇਖਣਾ ਤਾਂ ਤੈਨੂੰ ਪਹਿਲਾ ਸਿਮਰ ਨੂੰ ਇੱਕ ਪਤੀ ਲਿਆ ਕੇ ਦੇਣਾ ਪਵੇਗਾ ਕਿਉਂਕਿ ਜੋ ਕੁਝ ਇੱਕ ਚੰਗੇ ਪਤੀ ਕੋਲ ਹੋਣਾ ਚਾਹੀਦਾ ਹੈ ….. …. ਜਿਸ ਨਾਲ ਤੈਨੂੰ ਪੋਤਰਾ ਮਿਲਣਾ ਹੈ ….. ਉਹ ਗੁਣ ਮੇਰੇ ਕੋਲ ਹੈ ਹੀ ਨਹੀਂ ….!
ਅਫ਼ਸੋਸ ਇਸ ਗੱਲ ਦਾ ਕਿ ਮੇਰੀ ਪਤਨੀ ਨੇ ਮੈਨੂੰ ਇੰਨੀ ਵੱਡੀ ਕਮੀ ਹੋਣ ਦੇ ਬਾਵਜੂਦ ਵੀ ਬਿਨਾਂ ਕਿਸੇ ਸਮਝੌਤੇ ਸਵੀਕਾਰ ਕੀਤਾ ਹੈ । ਅਸੀਂ ਦੋਵੇਂ ਜੀਅ ਇੱਕ ਦੂਸਰੇ ਨੂੰ ਇੰਨਾਂ ਪਿਆਰ ਕਰਦੇ ਹਾਂ ਕਿ ਕਦੇ ਸਾਨੂੰ ਇੱਕ ਦੂਸਰੇ ਦੀ ਕੋਈ ਇੱਕ ਵੀ ਕਮੀ ਮਹਿਸੂਸ ਹੀ ਨੀ ਹੋਈ, ਪਰ ਮਾਤਾ ਜੀ ਤੁਸੀਂ ਇਸ ਵਿਚਾਰੀ ਨੂੰ ਦਿਨ ਰਾਤ ਤੋਹਮਤਾਂ ਲਾਉਂਦੇ ਹੋ ਤੇ ਤਰਾਂ ਤਰਾਂ ਦੀਆਂ ਗੱਲਾ ਸੁਣਾਉਣ ਲੱਗੇ ਰਹਿੰਦੇ ਹੋ। ਕਦੇ ਇਸ ਵਿਚਾਰੀ, ਕਰਮਾ ਮਾਰੀ ਨੂੰ ਆਪਣੀ ਧੀ ਸਮਝ ਕੇ ਐਨੇ ਸਾਲਾ ਵਿੱਚ ਪਿਆਰ ਨਾਲ ਇੱਕ ਵਾਰ ਵੀ ਇਹ ਕਿਉਂ ਨੀ ਪੁੱਛਿਆ ਕਿ ਸਿਮਰ ਪੁੱਤ ਤੂੰ ਮੇਰੇ ਪੁੱਤ ਤੋਂ ਪੂਰੀ ਤਰਾਂ ਖੁਸ਼ ਐ ? ਜਾ ਪੁੱਤਰ ਤੂੰ ਸੰਪੂਰਨ ਔਰਤ ਕਿਉਂ ਨੀ ਬਣ ਰਹੀ ? ਤੁਹਾਨੂੰ ਹਰ ਵੇਲੇ ਇਹ ਕਿਉਂ ਲੱਗਦਾ ਕਿ ਕਮੀ ਸਿਮਰ ਵਿੱਚ ਹੀ ਹੈ ? ਤੁਹਾਡੇ ਪੁੱਤਰ ਵਿੱਚ ਵੀ ਕਮੀ ਹੋ ਸਕਦੀ ਹੈ ਤੁਸੀਂ ਇਹ ਕਦੇ ਇੱਕ ਵਾਰ ਵੀ ਕਿਉਂ ਨਹੀਂ ਸੋਚਿਆ ਮਾਤਾ ? ਪੁੱਛ ਆਪਣੇ ਆਪ ਤੋਂ ਅੱਜ ?
ਸਾਡੇ ਸਮਾਜ ਵਿੱਚ ਔਰਤ ਨੂੰ ਬੱਚਾ ਹੋਣ ਤੋਂ ਬਾਅਦ ਹੀ ਸੰਪੂਰਨ ਔਰਤ ਕਿਹਾ ਜਾਂਦਾ ਹੈ , ਮੇਰੀਏ ਮਾਏ ਤੂੰ ਸੰਪੂਰਨ ਔਰਤ ਹੁੰਦੇ ਹੋਏ ਵੀ ਸੰਪੂਰਨ ਕਿਉਂ ਨੀ ਆ ਅਜੇ ਤੱਕ ? ਔਰਤ ਹੀ ਔਰਤ ਦਾ ਦਰਦ ਨਾ ਸਮਝੂ ਤਾਂ ਕੌਣ ਸਮਝੂ ? ਔਰਤ ਜਣਨੀ ਹੈ, ਔਰਤ ਰੱਬ ਦਾ ਰੂਪ ਹੈ, ਔਰਤ ਮਰਦ ਵੀ ਹੈ ਤੇ ਮਰਦ ਤੋਂ ਵੀ ਉੱਪਰ ਹੈ !
ਸਿਮਰ ਦੇ ਪਤੀ ਦੀਆਂ ਗੱਲਾ ਸੁਣਕੇ ਸਭ ਰੋਣ ਲੱਗੇ ਤੇ ਸਿਮਰ ਵੱਲ ਬਹੁਤ ਤਰਸ ਦੀ ਨਿਗਾਹ ਨਾਲ ਵੀ ਵੇਖਣ ਲੱਗੇ। ਪਰ ਸਿਮਰ ਸ਼ਾਤ ਸੀ, ਚੁੱਪ ਸੀ ਮਨ ਹੀ ਮਨ ਆਪਣੇ ਪਤੀ ਤੇ ਫ਼ੱਕਰ ਕਰ ਰਹੀ ਸੀ । ਜਿਸ ਨੇ ਆਪਣੀ ਕਮਜ਼ੋਰੀ ਸਭ ਨੂੰ ਦੱਸਣ ਦੀ ਹਿੰਮਤ ਕੀਤੀ ਤੇ ਸਿਮਰ ਦਾ ਸਾਥ ਦਿੱਤਾ ਨਾ ਕਿ ਆਪਣੀ ਮਾਂ ਦਾ ।
ਪੁੱਤ ਦੀਆਂ ਗੱਲਾ ਸੁਣ ਸਿਮਰ ਦੀ ਸੱਸ ਨੇ ਭੁੱਬ ਮਾਰਦੀ ਨੇ ਚਾਰਪਾਈ ਤੋਂ ਉੱਠ ਸਿਮਰ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ ਤੇ ਉੱਚੀ ਉੱਚੀ ਰੋਣ ਲੱਗੀ ਤੇ … ….. ਮੁਆਫ਼ੀ ਮੰਗਣ ਲੱਗੀ …..! ਧੀਏ ਅੱਜ ਤੋਂ ਤੂੰ ਮੇਰੀ ਨੂੰਹ ਨਹੀਂ ਸਗੋਂ ਰਾਜਨ ਤੋਂ ਵੱਧਕੇ ਮੇਰੀ ਵੱਡੀ ਧੀ ਏ …..! ਮੈਨੂੰ ਮਾਫ਼ ਕਰ ਸਕਦੀ ਤਾਂ ਕਰ ਦੇਈ ਪੁੱਤ ……! ਮੈਂ ਤੇਰੇ ਨਾਲ ਨਾਲ ਆਪਣੇ ਪੁੱਤ ਦੀ ਵੀ ਗੁਣੇਗਾਰ ਹਾਂ ……! ਅੱਜ ਤੋਂ ਬਾਅਦ ਮੈਂ ਤੈਨੂੰ ਹਮੇਸ਼ਾ ਪਿਆਰ ਕਰਾਂਗੀ , ਤੇਰਾ ਸਤਿਕਾਰ ਕਰਾਂਗੀ , ਤੂੰ ਐਨੀ ਸਬਰ ਸਿਦਕ ਵਾਲੀ ਔਰਤ ਏ , ਤੂੰ ਸੱਚ ਹੀ ਦੇਵੀ ਐ ਪੁੱਤਰਾ ……!
ਸਿਮਰ ਸੱਸ ਨੂੰ ਹੋਰ ਕਲਾਵੇ ਵਿੱਚ ਘੁੱਟਦੀ ਹੋਈ ਆਖਣ ਲੱਗੀ …..! ਅੱਜ ਮੈਨੂੰ ਕੋਈ ਪੀੜਾ ਨਹੀਂ ਹੈ ਕਿ ਮੈਂ ਗਰਿਸਤ ਦਾ ਇੱਕ ਸੁੱਖ ਨਹੀਂ ਭੋਗ ਸਕਦੀ ਜਾ ਮੈਂ ਕਦੇ ਇੱਕ ਨਵ-ਜੰਮੇ ਦੀ ਮਾਂ ਨੀ ਬਣ ਸਕਦੀ ……! ਮੰਮੀ ਜੀ ਅੱਜ ਤੁਸੀਂ ਮੈਨੂੰ ਪਿਆਰ ਕਰਕੇ, ਮੇਰਾ ਅਸਲ ਦਰਦ ਸਮਝ ਕੇ ਮੈਨੂੰ ਸਾਰੇ ਪਰਿਵਾਰ ਦੀ ਹੀ ਨਹੀਂ ਸਗੋਂ ਖ਼ਾਨਦਾਨ ਦੀ ਮਾਂ ਹੋਣ ਦਾ ਅਹਿਸਾਸ ਕਰਾ ਦਿੱਤਾ ਹੈ ……! ਅੱਜ ਮੈਂ ਆਪਣੇ ਆਪ ਨੂੰ ਸੰਪੂਰਨ ਔਰਤ ਸਮਝਦੀ ਹਾਂ ਕਿਉਂਕਿ ਅੱਜ ਇੱਕ ਔਰਤ ਨਾਲ ਔਰਤ ਰਲ ਗਈ ਹੈ ਭਾਵ ਸਿਮਰ ਨਾਲ ਸਿਮਰ ਦੀ ਸੱਸ ਮਾਂ ਪਿਆਰ ਦੇ ਘਰ ਵਿੱਚ ਆ ਗਈ ਹੈ । ਹੁਣ ਸਿਮਰ ਆਪਣੀ ਸੱਸ ਦੇ ਤੇ ਸੱਸ ਸਿਮਰ ਦਾ ਨੀਰ ਆਪਣੇ ਟੱਲੇ ਨਾਲ ਪੂੰਝ ਰਹੀਆਂ ਸਨ !
ਜਦੋਂ ਕਿਸੇ ਵੀ ਪਰਿਵਾਰ ਵਿੱਚ ਕੋਈ ਸਮੱਸਿਆ ਹੁੰਦੀ ਹੈ ਤਾਂ ਔਰਤ ਹੀ ਔਰਤ ਦੇ ਖ਼ਿਲਾਫ਼ ਕਿਉਂ ਹੁੰਦੀ ਹੈ। ਇੱਕ ਵਾਰ ਆਪਣੇ ਆਲੇ ਦੁਆਲ਼ੇ ਝਾਤ ਮਾਰਕੇ ਜ਼ਰੂਰ ਦੇਖਣਾ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੇ ਜੀ । ਵਿਚਾਰੇ ਮਰਦਾ ਵਿੱਚ ਇੰਨਾਂ ਦਮ ਕਿੱਥੇ ਹੈ ? ਕਿ ਇਹ ਇਕੱਲੇ ਔਰਤ ਨੂੰ ਹਰਾ ਦੇਣ ਜਾ ਜ਼ਲੀਲ ਕਰਨ ਸਕਣ ।
ਜਿਸ ਦਿਨ ਔਰਤ ਹੀ ਔਰਤ ਦਾ ਸਾਥ ਦੇਵੇਗੀ !
ਦੁਨੀਆ ਚ ਕੋਈ ਪਰਿਵਾਰਕ ਕਲੇਸ਼ ਹੀ ਨੀ ਹੋਵੇਗਾ !
ਔਰਤ ਕਦੇ ਵੀ ਦੁੱਖਾਂ ਭਰੀ ਜਾ ਨਰਕਾਂ ਭਰੀ ਜ਼ਿੰਦਗੀ ਨਹੀਂ ਭੋਗੇਂਗੀ !
ਸਰਬਜੀਤ ਸਿੰਘ ਜਰਮਨੀ
Leave a Comment
Your email address will not be published. Required fields are marked with *