ਕੋਟਕਪੂਰਾ, 2 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ ਦੇ ਸਾਂਝੇ ਉਮੀਦਵਾਰ ਮਾ. ਗੁਰਚਰਨ ਸਿੰਘ ਮਾਨ ਦੇ ਕੋਟਕਪੂਰਾ ਵਿਖੇ ਲੜਕੀਆਂ ਵਾਲੇ ਸਰਕਾਰੀ ਸਕੂਲ ਦੇ ਨੇੜੇ ਚੋਣ ਦਫਤਰ ਦਾ ਉਦਘਾਟਨ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਅਤੇ ਸੀਪੀਐਮ ਦੇ ਆਗੂ ਕਾਮਰੇਡ ਇੰਦਰਜੀਤ ਵਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਦੇਸ਼ ਭਗਤ ਅਤੇ ਮਿਹਨਤਕਸ਼ ਜਮਾਤ ਦੀ ਕਾਰਪੋਰੇਟ ਘਰਾਣਿਆਂ ਖਿਲਾਫ ਵਿਚਾਰਧਾਰਕ ਜੰਗ ਦਾ ਸਿਖਰ ਹਨ, ਜਿੰਨਾਂ ਦੀ ਸੇਵਾ ਮੋਦੀ ਸਰਕਾਰ ਪਿਛਲੇ 10 ਵਰਿਆਂ ਤੋਂ ਕਰਦੀ ਆ ਰਹੀ ਹੈ। ਇਹਨਾਂ ਨੀਤੀਆਂ ਕਾਰਨ ਪੈਦਾ ਹੋਈ ਲੱਕ ਤੋੜ ਮਹਿੰਗਾਈ, ਬੇਰੁਜਗਾਰੀ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਬੁਲਾਰਿਆਂ ਨੇ ਇਸ ਤਾਨਾਸ਼ਾਹ ਸਰਕਾਰ ਨੂੰ ਚੱਲਦਾ ਕਰਨ ਦਾ ਸੱਦਾ ਦਿੰਦਿਆਂ ਪੈਨਸ਼ਨਰ ਆਗੂ ਮਾ. ਗੁਰਚਰਨ ਸਿੰਘ ਮਾਨ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਨਰੇਗਾ ਮਜਦੂਰ ਆਗੂ ਗੋਰਾ ਪਿੱਪਲੀ, ਕਾਮਰੇਡ ਠਾਕਰ ਸਿੰਘ ਇਸਤਰੀ ਆਗੂ ਬੀਬੀ ਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਗਾ ਆਗੂ ਵੀਰ ਸਿੰਘ ਕੰਮੇਆਣਾ, ਕਾਮਰੇਡ ਅਸ਼ਵਨੀ ਕੁਮਾਰ, ਕਾਮਰੇਡ ਸੁਖਦਰਸ਼ਨ ਰਾਮ ਸ਼ਰਮਾ ਔਲਖ, ਭਲਵਿੰਦਰ ਸਿੰਘ ਔਲਖ, ਬਲਵੀਰ ਰੰਗਾ, ਗੁਰਮੇਲ ਸਿੰਘ ਲਾਲੇਆਣਾ, ਕੁਲਵੰਤ ਸਿੰਘ ਚਾਨੀ, ਮਾ. ਸੋਮਨਾਥ ਅਰੋੜਾ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ ਆਦਿ ਵੀ ਹਾਜਰ ਸਨ।