728 x 90
Spread the love

ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ‘ਨੌਜੁਆਨ ਪੀੜ੍ਹੀ ਨੂੰ ਬੋਲੀ ਤੇ ਸਭਿਆਚਾਰ ਨਾਲ ਜੋੜਨ ਦੀ ਲੋੜ’ ਤੇ ਵਿਚਾਰ ਵਟਾਂਦਰਾ

ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ‘ਨੌਜੁਆਨ ਪੀੜ੍ਹੀ ਨੂੰ ਬੋਲੀ ਤੇ ਸਭਿਆਚਾਰ ਨਾਲ ਜੋੜਨ ਦੀ ਲੋੜ’ ਤੇ ਵਿਚਾਰ ਵਟਾਂਦਰਾ
Spread the love


ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ, ‘ਰਸੀਲਾ ਕਾਵਿ’ ਤੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੋਕ-ਅਰਪਣ ਕੀਤੀਆਂ ਗਈਆਂ

ਕੈਲਗਰੀ, 6 ਫਰਵਰੀ : (ਵਰਲਡ ਪੰਜਾਬੀ ਟਾਈਮਜ਼)

ਕੈਲਗਰੀ ਲੇਖਕ ਸਭਾ ਦੀ 3 ਫਰਵਰੀ, 2024 ਦੀ ਮਹੀਨਾਵਾਰ ਇਕੱਤਰਤਾ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ, ‘ਰਸੀਲਾ ਕਾਵਿ’ ਤੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੋਕ-ਅਰਪਣ ਕੀਤੀਆਂ ਗਈਆਂ ਅਤੇ ‘ਨੌਜੁਆਨ ਪੀੜ੍ਹੀ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਦੀ ਲੋੜ ਤੇ ਉਪਰਾਲੇ’ ਵਿਸ਼ੇ ਤੇ ਭਰਵੀਂ ਵਿਚਾਰ-ਚਰਚਾ ਹੋਈ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਜਸਵਿੰਦਰ ਸਿੰਘ ਰੁਪਾਲ ਅਤੇ ਬਲਵਿੰਦਰ ਕੌਰ ਬਰਾੜ ਦੇ ਸਥਾਨ ਗ੍ਰਹਿਣ ਕਰਨ ਉਪਰੰਤ ਸਕੱਤਰ ਗੁਰਚਰਨ ਥਿੰਦ ਨੇ ਸਟੇਜ ਸੰਚਾਲਨ ਸ਼ੁਰੂ ਕੀਤਾ। ਸਭਾ ਦੇ ਸਤਿਕਾਰਤ ਮੈਂਬਰ ਜਗਦੇਵ ਸਿੰਘ ਸਿੱਧੂ ਦੇ ਨੌਜੁਆਨ ਭਤੀਜੇ ਦੀ ਬੇਵਕਤ ਮੌਤ ਦਾ ਦੁੱਖ ਸਾਂਝਾ ਕੀਤਾ ਗਿਆ। ਜ਼ਿੰਦਗੀ ਵਿੱਚ ਜਿੱਥੇ ਦੁੱਖ ਦੀ ਖ਼ਬਰ ਆਉਂਦੀ ਹੈ ਉੱਥੇ ਸੁੱਖ ਦੀਆਂ ਘੜੀਆਂ ਵੀ ਵਾਪਰਦੀਆਂ ਹਨ, ਸੋ ਪੰਜਾਬੀ ਸਿਨਮੇ ਦੀ ਜਾਣੀ-ਮਾਣੀ ਸਖ਼ਸ਼ੀਅਤ ਨਿਰਮਲ ਰਿਸ਼ੀ ਜੀ ਨੂੰ ‘ਪਦਮ ਸ਼੍ਰੀ ਅਵਾਰਡ’ ਮਿਲਣ ਦੀ ਖੁਸ਼ਖਬਰੀ ਹਾਜ਼ਰੀਨ ਨਾਲ ਸਾਂਝੀ ਕੀਤੀ ਗਈ। ਸਭਾ ਦੇ ਮੈਂਬਰ ਦਰਸ਼ਨ ਸਿੰਘ ਤਿਓਨਾ, ਹਰਜਿੰਦਰ ਕੌਰ ਬਦੇਸ਼ਾ, ਜਗਦੀਸ਼ ਸਿੰਘ ਚੋਹਕਾ ਤੇ ਡਾ: ਗੁਰਮਿੰਦਰ ਕੌਰ, ਜੋ ਕਿ ਪੰਜਾਬ ਫੇਰੀ ਤੇ ਹਨ, ਉਨ੍ਹਾਂ ਵਲੋਂ ਉੱਥੇ ਜਾ ਕੇ ਸਭਾ ਲਈ ਪਾ ਜਾ ਰਹੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਪਰੰਤ ਮੀਟਿੰਗ ਦੀ ਵਿੱਧੀਵਤ ਕਾਰਵਾਈ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਵਿਦਿਆਰਥੀ ਵਜੋਂ ਕਨੇਡਾ ਆਏ ਪ੍ਰੀਤ ਸਾਗਰ ਸਿੰਘ ਨੇ ਨੌਜੁਆਨ ਪੀੜ੍ਹੀ ਨੂੰ ਸਭਿਆਚਾਰ ਤੇ ਬੋਲੀ ਨਾਲ ਜੋੜਨ ਦੀ ਲੋੜ ਬਾਰੇ ਆਪਣੇ ਨਿੱਜੀ ਤਜਰਬੇ ਦੇ ਅਧਾਰ ਤੇ ਦਰਪੇਸ਼ ਮੁਸ਼ਕਲਾਂ ਜਿਵੇਂ, ਕਲਚਰਲ ਸ਼ਾਕ, ਇਕੱਲਾਪਨ, ਲੈਂਗੁਏਜ ਬੈਰੀਅਰ ਅਤੇ ਵਿਦੇਸ਼ ਆਉਣ ਤੋਂ ਪਹਿਲਾਂ ਸਹੀ ਜਾਣਕਾਰੀ ਨਾ ਮਿਲਣ ਵਾਲੇ ਪਹਿਲੂਆਂ ਬਾਰੇ ਵਿਚਾਰ ਪੇਸ਼ ਕਰਕੇ ਇਸ ਵਿਸ਼ੇ ਨੂੰ ਅੱਜ ਦੀ ਵਿਚਾਰ ਚਾਰਚਾ ਲਈ ਛੁਹ ਦਿੱਤਾ।

ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਕੀਤਾ ਚਿੰਤਨ


ਇਸ ਵਿਸ਼ੇ ਨੂੰ ਹਾਜ਼ਰੀਨ ਦੀ ਚਰਚਾ ਲਈ ਪਰੋਸ ਕੇ ਪਹਿਲਾਂ ਕਿਤਾਬਾਂ ਦੇ ਲੋਕ ਅਰਪਣ ਦੀ ਕਾਰਵਾਈ ਕੀਤੀ ਗਈ। ਬਲਵਿੰਦਰ ਬਰਾੜ ਨੇ ‘ਰਸੀਲਾ ਕਾਵਿ’ ਵਿੱਚ ਸਰਲ ਭਾਸ਼ਾ ਵਿੱਚ ਭਿੰਨ ਭਿੰਨ ਸਮਾਜਿਕ ਤੇ ਧਾਰਮਿਕ ਵਿਸ਼ਿਆਂ ਤੇ ਲਿਖੀਆਂ ਛੰਦ ਬੱਧ ਕਵਿਤਾਵਾਂ ਨੂੰ ਕਵੀ ਦਾ ਹਾਸਲ ਦੱਸਿਆ। ਗੁਰਦੀਸ਼ ਗਰੇਵਾਲ ਨੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੇਖ-ਸੰਗ੍ਰਿਹ ਉੱਪਰ ‘ਖੋਜ ਭਰਪੂਰ ਗੁਰਮਤਿ ਲੇਖਾਂ ਦਾ ਅਨਮੋਲ ਖਜ਼ਾਨਾ’ ਸਿਰਲੇਖ ਹੇਠ ਆਪਣਾ ਪੇਪਰ ਪੜ੍ਹਿਆ। ਗੁਰਨਾਮ ਕੌਰ ਨੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੇਖ-ਸੰਗ੍ਰਿਹ ਦੇ ਗੁਰਮਤਿ ਤੇ ਅਧਾਰਤ ਲੇਖਾਂ ਦਾ ਵਿਸ਼ਲੇਸ਼ਣ ਕਰਦੇ ਕਿਤਾਬ ਵਿਚਲੇ ਤੀਹ ਲੇਖਾਂ ਨੂੰ ਜੀਵਨ-ਜਾਚ ਦਰਸਾਉਂਦੇ ਲੇਖ ਦਰਸਾਇਆ। ਗੁਰਚਰਨ ਥਿੰਦ ਨੇ ਦੋਵਾਂ ਕਿਤਾਬਾਂ ਦੀਆਂ ਲਿਖਤਾਂ ਨੂੰ ਜਸਵਿੰਦਰ ਸਿੰਘ ਰੁਪਾਲ ਦੀ ‘ਤਰਕ ਤੇ ਦਲੀਲ ਦੀ ਕਸਵੱਟੀ ਤੇ ਪੂਰੀ ਉਤਰਦੀ ਅਧਿਆਤਮਕ ਲੇਖਣੀ’ ਆਖ ਇਨ੍ਹਾਂ ਕਿਤਾਬਾਂ ਨੂੰ ਆਪਣੀਆਂ ਪੜ੍ਹਨਯੋਗ ਪੁਸਤਕਾਂ ਵਿੱਚ ਸ਼ਾਮਲ ਕਰਨ ਦੀ ਗੱਲ ਆਖੀ। ਬਲਤੇਜ ਸਿੰਘ ਨੇ ਆਪਣੇ ਲੇਖਕ ਪਿਤਾ ਜੀ ਤੋਂ ਸਹਿਣਸ਼ੀਲਤਾ ਤੇ ਡਿਸਪਲਿਨ ਭਰਪੂਰ ਜ਼ਿੰਦਗੀ ਜਿਓਣ ਦੀ ਪ੍ਰਰੇਨਾ ਮਿਲਣ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀ ਬੋਲਣ ਸਮੇਂ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਪਰੰਤ ਸਭਾ ਦੇ ਅਗਜ਼ੈਕਟਿਵ ਮੈਂਬਰਾਂ ਅਤੇ ਪ੍ਰਵਾਰ ਦੇ ਮੈਂਬਰਾਂ ਵਲੋਂ ਭਰਪੂਰ ਤਾੜੀਆਂ ਨਾਲ ਕਿਤਾਬਾਂ ਲੋਕ-ਅਰਪਣ ਕੀਤੀਆਂ ਗਈਆਂ। ਸਭਾ ਵਲੋਂ ਉਨ੍ਹਾਂ ਨੂੰ ‘ਮਾਂ-ਬੋਲੀ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ, ਵਿਸ਼ੇਸ਼ ਸਨਮਾਨ’ ਭੇਟ ਕੀਤਾ ਗਿਆ। ਜਸਵਿੰਦਰ ਸਿੰਘ ਰੁਪਾਲ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਲੇਖਕ ਦੁਨੀਆਂ ਨੂੰ ਹਿਲਾ ਸਕਣ ਦੀ ਸਮਰੱਥਾ ਰੱਖਦੇ ਹਨ। ਬਾਬੇ ਨਾਨਕ ਦੇ ਸ਼ਬਦਾਂ ਨੇ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਾਹੇ ਪਾਇਆ। ਪਰ ਅਫ਼ਸੋਸ! ਕਿ ਸਾਡੇ ਸ਼ਬਦਾਂ ਵਿੱਚ ਉਹ ਜ਼ੋਰ ਕਿਉਂ ਨਹੀਂ? ਉਨ੍ਹਾਂ ਅਜੋਕੇ ਸਮੇਂ ਵਿੱਚ ਰਚੇ ਜਾ ਰਹੇ ਨਾਂਹ-ਪੱਖੀ ਸਾਹਿਤ ਤੇ ਚਿੰਤਾ ਪ੍ਰਗਟ ਕੀਤੀ।
ਕਿਤਾਬਾਂ ਦੇ ਲੋਕ-ਅਰਪਣ ਕਰਨ ਉਪਰੰਤ ਵਿਚਾਰ ਚਰਚਾ ਛੇੜੀ ਗਈ। ਕੈਲਗਰੀ ਯੂਨੀਵਰਸਿਟੀ ਦੇ ਸੈਨੇਟਰ ਰਹਿ ਚੁੱਕੇ ਰੇਡੀਓ ਰੈੱਡ ਐੱਫ ਐਮ ਦੇ ਹੋਸਟ ਰਿਸ਼ੀ ਨਾਗਰ ਨੇ ਕਿਹਾ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੱਤ ਗੁਣਾਂ ਫੀਸ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਗਏ ਸਾਲ ਅਤੇ ਇਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੇ ਸਾਲਾਂ ਦਾ ਮੇਲ ਨਾ ਖਾਣਾ, ਨੌਜੁਆਨਾਂ ਅੰਦਰ ਬੇਚੈਨੀ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਸਾਡੇ ਆਪਣੇ ਲੋਕਾਂ ਵਲੋਂ ਨੌਕਰੀਆਂ ਲਈ ਐਲ.ਐਮ.ਆਈ ਦੇਣ ਦੇ ਨਾਂ ਤੇ ਨੌਜੁਆਨਾਂ ਦੇ ਸੋਸ਼ਣ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨੌਜੁਆਨਾਂ ਨੂੰ ਆਪਣੇ ਸਭਿਆਚਾਰ ਤੇ ਆਪਣੇ ਨਾਲ ਜੋੜਨ ਲਈ ਇਮਾਨਦਾਰੀ ਦੀ ਲੋੜ ਹੈ ਅਤੇ ਲੁੱਟ-ਖਸੁੱਟ ਤੋਂ ਬਾਜ਼ ਆਉਣਾ ਚਾਹੀਦਾ ਹੈ ਤਾਂ ਜੋ ਨਿੱਤ ਹੁੰਦੇ ਸੁਸਾਈਡ ਦੇ ਰੁਝਾਨ ਤੋਂ ਨੂਜੁਆਨਾਂ ਨੂੰ ਬਚਾਇਆ ਜਾ ਸਕੇ।


ਇੰਜਨੀਅਰ ਜੀਰ ਸਿੰਘ ਬਰਾੜ ਨੇ ਕਿਹਾ ਕਿ ਪ੍ਰਵਾਰ ਵਿੱਚ ਦਾਦੀ ਦਾਦੇ ਦੀ ਹੋਂਦ ਨੌਜੁਆਨਾਂ ਨੂੰ ਆਪਣੇ ਸਭਿਆਚਾਰ ਤੇ ਬੋਲੀ ਨਾਲ ਜੋੜਨ ਲਈ ਬਹੁਤ ਲਾਹੇਵੰਦ ਹੁੰਦੀ ਹੈ। ਨੌਜੁਆਨ ਵਿiਆਰਥੀ ਸਿਕੰਦਰ ਸਿੰਘ, ਜੋ ਕਿ ਪਿੱਛੇ ਇੱਕ ਅਧਿਆਪਕ ਵਜੋਂ ਸੇਵਾ ਨਿਭਾ ਚੁੱਕੇ ਹਨ, ਨੇ ਪੰਜਾਬੀ ਬੋਲੀ ਦੇ ਉਚਾਰਣ ਦੇ ਡਿੱਗਦੇ ਮਿਆਰ ਦਾ ਕਾਰਨ ਸਕੂਲਾਂ ਵਿੱਚ ਅਧਿਆਪਕਾਂ ਦੀ ਫ਼ਰਮਾਇਸ਼ੀ ਭਰਤੀ ਦੱਸਿਆ। ਇੱਥੇ ਪਹੁੰਚੇ ਵਿਦਿਆਰਥੀਆਂ ਨਾਲ ਨੌਕਰੀ ਦੇ ਸਥਾਨਾਂ ਤੇ ਹੁੰਦੇ ਆਰਥਿਕ ਦੁਰਵਿਹਾਰ ਦਾ ਕੌੜਾ ਸੱਚ ਬਿਆਨ ਕਰਦੇ ਉਨ੍ਹਾਂ ਕੁੱਝ ਨੌਜੁਆਨਾਂ ਵਲੋਂ ਇੱਥੇ ਮਿਲੀ ਖੁੱਲ੍ਹ ਦਾ ਨਜਾਇਜ਼ ਫਾਇਦਾ ਉਠਾਉਣ ਦਾ ਸੱਚ ਵੀ ਬਿਆਨਿਆ। ਯੂਨੀਵਰਸਿਟੀ ਵਿਚੋਂ ਸਾਈਕੌਲੌਜੀ ਦੀ ਡਿਗਰੀ ਪ੍ਰਾਪਤ ਕਰ ਚੁੱਕੀ ਸ਼ੈਰੀ ਬਰਾੜ ਨੇ ਕਿਹਾ ਕਿ ਇਹ ਸੱਚ ਹੈ ਕਿ ਪਹਿਲਾਂ ਜ਼ਰੂਰ ਕਲਚਰਲ ਸ਼ਾਕ ਲਗਦਾ ਹੈ ਜੋ ਕਿ ਮੈਂਟਲ ਹੈਲਥ ਤੇ ਅਸਰ ਪਾਉਂਦਾ ਹੈ। ਪਰ ਮੇਰਾ ਤਜਰਬਾ ਬਹੁਤਾ ਪਾਜ਼ਿਟਿਵ ਹੀ ਰਿਹਾ ਹੈ, ਮੈਨੂੰ ਕਿਸੇ ਕਿਸਮ ਦਾ ਰੇਸ਼ੀਅਲ ਡਿਸਕ੍ਰੀਮੀਨੇਸ਼ਨ ਦਾ ਸਾਹਮਣਾ ਨਹੀਂ ਕਰਨਾ ਪਿਆ। ਪ੍ਰੰਤੂ ਸਾਡੇ ਲੋਕਾਂ ਵਲੋਂ ਨੌਜੁਆਨਾਂ ਦੇ ਮੁੱਦਿਆਂ ਨੂੰ ਲੋੜ ਤੋਂ ਵੱਧ ਉਭਾਰਿਆ ਜਾਂਦਾ ਹੈ, ਖਾਸ ਤੌਰ ਤੇ ਕੁੜੀਆਂ ਨਾਲ ਸਮਾਜਿਕ ਸਟਿਗਮਾ ਵੱਧ ਜੋੜੇ ਜਾਦੇ ਹਨ। ਅਮਨਪ੍ਰੀਤ ਨੇ ਆਪਣੇ ਅਨੁਭਵਾਂ ਦੇ ਅਧਾਰ ਤੇ ਕਿਹਾ ਕਿ ਨੌਜੁਆਨਾਂ ਨੂੰ ਇੱਥੇ ਆ ਕੇ ਲਗਦਾ ਕਿ ਹੁਣ ਉਨ੍ਹਾਂ ਨੂੰ ਹਰ ਕਿਸਮ ਦੀ ਖੁੱਲ੍ਹ ਹੈ। ਉਹ ਉਸ ਦਾ ਨਜਾਇਜ਼ ਫਾਇਦਾ ਉਠਾਉਂਦੇ ਗਲਤ ਰਾਹ ਫੜ ਨਸ਼ੇ ਤੇ ਗੈਂਗਾਂ ਵਿੱਚ ਸ਼ਾਮਲ ਹੋ ਜਾਂਦੇ ਹਨ। ਸੋ ਪਿੱਛੋਂ ਸਹੀ ਜਾਗਰੂਕਤਾ ਲੈ ਕੇ ਆਉਣ ਦੀ ਲੋੜ ਹੈ।
ਸੁਰਿੰਦਰ ਗੀਤ ਨੇ ਕਿਹਾ ਕਿ ਕਵਿਤਾ ਬੇਰੋਕ ਆਉਂਦੀ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਪੰਜਾਬੀ ਬੋਲੀ ਵਿਚੋਂ ਗਾਲ੍ਹਾਂ ਬਾਹਰ ਕੱਢ ਦਿਓ ਬੋਲੀ ਆਪੇ ਮਕਬੂਲ ਹੋ ਜਾਵੇਗੀ। ਉਨ੍ਹਾਂ ਆਪਣੀ ਕਵਿਤਾ, ‘ਬੈਠ ਗਈ ਹੈ ਜਿੰਦ ਨਿਮਾਣੀ, ਥੱਕੀ ਟੁੱਟੀ ਆਪਣੇ ਆਪ ਨਾ ਢਾਸਣਾ ਲਾ ਕੇ’ ਅਤੇ ਇੱਕ ਗ਼ਜ਼ਲ ਸਾਂਝੀ ਕੀਤੀ। ਰਵੀ ਜਨਾਗਲ ਨੇ ਸੰਤ ਰਾਮ ਉਦਾਸੀ ਦੇ ਗੀਤ ‘ਦੇਈਂ ਨਾ ਵੀਰਾ ਵਣਜਾਰਿਆ, ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ’ ਗੀਤ ਸੁਣਾਇਆ। ਸੁਖਵਿੰਦਰ ਸਿੰਘ ਤੂਰ ਨੇ ਜਸਵਿੰਦਰ ਸਿੰਘ ਰੁਪਾਲ ਦੀ ਕਵਿਤਾ ‘ਲਿਖਣਾ ਐਨਾ ਸੌਖਾ ਨਹੀਂ, ਸੋਚੋ ਸਮਝੋ ਜਾਣੋ। ਕਲਮ ਡੁਬੋਣੀ ਖੂਨ ’ਚ ਪਹਿਲਾਂ ਮਗਰੋਂ ਛੰਦ ਬਣਾਓ।’ ਗਾ ਕੇ ਸੁਣਾਈ। ਗੁਰਜੀਤ ਕੌਰ ਨੇ ‘ਸੁਣ ਵੇ ਬਾਜ਼ਾਂ ਵਾਲਿਆ ਕੁਰਬਾਨੀ ਦੀ ਤੂੰ ਕਰ ਗਿਆ ਹੱਦ ਵੇ’ ਬੁਲੰਦ ਅਵਾਜ਼ ਵਿੱਚ ਪੇਸ਼ ਕੀਤੀ। ਸਨੀ ਸਵੈਚ ਨੇ ਆਪਣੇ ਅੰਦਾਜ਼ ਵਿੱਚ ਖੁਸ਼ ਰਹਿਣ ਦੇ ਭਰਮ ਅਤੇ ਸੈੱਲ ਫੋਨ ਦੇ ਘਰ ਰਹਿ ਜਾਣ ਦੀ ਬੇਚੈਨੀ ਤੇ ਹਾਸਰੱਸ ਰਚਨਾਵਾਂ ਪੇਸ਼ ਕiੀਤੀਆਂ। ਹਰਮਿੰਦਰ ਸਿੰਘ ਨੇ ‘ਉੱਚਾ ਦਰ ਬਾਬਾ ਨਾਨਕ ਦਾ’ ਸ਼ਬਦ ਪੇਸ਼ ਕੀਤਾ। ਜਗਦੀਸ਼ ਸਰੋਆ ਨੇ ‘ਨਵੇਂ ਸਾਲ ਦੀ ਉਮੰਗ’ ਰਚਨਾ ਨਾਲ ਹਾਜ਼ਰੀ ਲੁਆਈ। ਮਨਮੋਹਨ ਸਿੰਘ ਬਾਠ ਨੇ ਸਭ ਨੂੰ ਨੌਜੁਆਨਾਂ ਨੂੰ ਹੱਲਾਸ਼ੇਰੀ ਦੇਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਪ੍ਰੋ: ਮੋਹਨ ਸਿੰਘ ਸਿੰਘ ਦੀ ਰਚਨਾ ਨੂੰ ਸੁਰੀਲੀ ਸੁਰ ਵਿੱਚ ਗਾਇਆ। ਸਰਬਜੀਤ ਉੱਪਲ ਨੇ ਮਾਂ ਦੇ ਰੁਤਬੇ ਦੀ ਗੱਲ ਕਰਦੀ ਰਚਨਾ ਸਾਂਝੀ ਕੀਤੀ। ਪਰਮਜੀਤ ਸਿੰਘ ਭੰਗੂ ਨੇ ‘ਰਹਿੰਦੀ ਸਦਾ ਗਰੀਬ ਨੂੰ ਆਟੇ ਦੀ ਤੋਟ’ ਗੀਤ ਬੁਲੰਦ ਅਵਾਜ਼ ਵਿੱਚ ਪੇਸ਼ ਕੀਤਾ।


ਸੁਖਵਿੰਦਰ ਸਿੰਘ ਥਿੰਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 2021-2023 ਦਰਮਿਆਨ ‘ਪੰਜਾਬ ਦੇ ਆਰਥਿਕ ਤੇ ਸਮਾਜਿਕ ਹਾਲਾਤਾਂ’ ਬਾਰੇ ਕੀਤੇ ਗਏ ਸਰਵੇ ਦੇ ਤੱਥ ਸਾਂਝੇ ਕੀਤੇ। ਸੁਰਿੰਦਰ ਢਿਲੋਂ ਜੀ ਨੂੰ ਇਸ ਗਲ ਦਾ ਗਿਲਾ ਹੈ ਕਿ ਪੰਜਾਬੀ ਆਪਣੀ ਬੋਲੀ ਤੇ ਮਾਣ ਨਹੀਂ ਕਰਦੇ ਹਨ ਅਤੇ ਪੰਜਾਬੀ ਪਿੰਡਾਂ ਤੱਕ ਸਿਮਟ ਕੇ ਰਹਿ ਗਈ ਹੈ, ਉਨ੍ਹਾਂ ਬੁੱਲ੍ਹੇ ਸ਼ਾਹ ਦਾ ਕਲਾਮ ਗਾਇਆ। ਪ੍ਰੋ: ਸ਼ੁਭ ਪ੍ਰੇਮ ਸਿੰਘ ਨੇ ਆਪਣੇ ਬਤੌਰ ਪ੍ਰਿੰਸੀਪਲ ਦੀ ਨੌਕਰੀ ਬਾਰੇ ਸਾਂਝ ਪਾਈ। ਅੰਤ ਵਿੱਚ ਪ੍ਰਧਾਨ ਸਿਹੋਤਾ ਜੀ ਨੇ ਅੱਜ ਦੀ ਮੀਟਿੰਗ ਵਿੱਚ ਭਰਵੀਂ ਹਾਜ਼ਰੀ ਲਈ ਸਭ ਦਾ ਧੰਨਵਾਦ ਕੀਤਾ। ਜਸਵਿੰਦਰ ਸਿੰਘ ਰੁਪਾਲ ਜੀ ਨੂੰ ਉਨ੍ਹਾਂ ਦੀਆਂ ਪੁਸਤਕਾਂ ਦੇ ਲੋਕ ਅਰਪਣ ਕੀਤੇ ਜਾਣ ਤੇ ਵਧਾਈ ਦਿੱਤੀ। ‘ਨੌਜੁਆਨ ਪੀੜ੍ਹੀ ਨੂੰ ਸਭਿਆਚਾਰ ਤੇ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੀ ਲੋੜ ਤੇ ਉਪਰਾਲੇ’ ਵਿਸ਼ੇ ਤੇ ਹੋਏ ਸਾਰਥਕ ਵਿਚਾਰ ਵਟਾਂਦਰੇ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਨੌਜੁਆਨ ਪੀੜ੍ਹੀ ਨੂੰ ਆਪਣੇ ਨਾਲ ਜੋੜਨ ਲਈ ਭਾਈਚਾਰੇ ਵਲੋਂ ਹਾਂ-ਪੱਖੀ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੱਤਾ।


ਸੋ ਮਾਂ-ਬੋਲੀ ਨੂੰੰ ਸਮਰਪਿਤ ਅੱਜ ਦੀ ਇਕੱਤਰਤਾ ਵਿੱਚ ਪੰਜਾਬੀ ਦੀਆਂ ਦੋ ਕਿਤਾਬਾਂ ਦਾ ਲੋਕ-ਅਰਪਣ ਕੀਤੇ ਜਾਣਾ ਅਤੇ ਨੌਜੁਆਨਾਂ ਨੂੰ ਬੋਲੀ ਤੇ ਸਭਿਆਚਾਰ ਨਾਲ ਜੋੜਨ ਦੇ ਵਿਸ਼ੇ ਨੂੰ ਸਭਾ ਵਲੋਂ ਛੋਹੇ ਜਾਣਾ, ਸਭਾ ਦਾ ਸਲਾਹੁਣਯੋਗ ਉਪਰਾਲਾ ਹੋ ਨਿਬੜਿਆ ਜੋ ਭਵਿੱਖ ਵਿੱਚ ਕਮਿਊਨਿਟੀ ਵਿੱਚ ਹਾਂ-ਪੱਖੀ ਵਿਚਾਰ ਚਰਚਾ ਦਾ ਵਿਸ਼ਾ ਬਣਨ ਦੀ ਸੰਭਾਵਨਾ ਪ੍ਰਗਟ ਕਰਦਾ ਹੈ।
ਅੱਜ ਦੀ ਮੀਟਿੰਗ ਵਿੱਚ ਜਸਜੋਤ ਕੌਰ, ਇਕਬਾਲ ਸਿੰਘ ਰੁਪਾਲ, ਅਮਰਪਾਲ ਕੌਰ ਰੁਪਾਲ, ਪੈਰੀ ਮਾਹਲ, ਸਿਮਰ ਕੌਰ ਚੀਮਾ, ਅਮਰੀਕ ਸਿੰਘ ਸਰੋਆ, ਰੈਮੀ ਸਵੈਚ ਤੇ ਗਿਆਨ ਕੌਰ ਸੀਹਰਾ ਜੀ ਦੀ ਹਾਜ਼ਰੀ ਜ਼ਿਕਰਯੋਗ ਹੈ।


ਸੰਪਰਕ ਕਰਨ ਲਈ:
ਗੁਰਚਰਨ ਕੌਰ ਥਿੰਦ ਜਸਵੀਰ ਸਿੰਘ ਸਿਹੋਤਾ
ਸਕੱਤਰ, 403-402-9635 ਪ੍ਰਧਾਨ, 403-681-8281

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts