ਕੋਟਕਪੂਰਾ, 9 ਮਾਰਚ ( ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ‘ਬਾਣੀ ਗੁਰੂ, ਗੁਰੂ ਹੈ ਬਾਣੀ’ ਦੇ ਮਹਾਂਵਾਕ ਅਨੁਸਾਰ ਅਥਾਹ ਸ਼ਰਧਾ ਰੱਖਦੇ ਹੋਏ ‘ਦ ਆਕਸਫੋਰਡ ਸਕੂਲ ਆਫ਼ੳ ਐਜੂਕੇਸ਼ਨ’ ਵੱਲੋਂ ਸਕੂਲ ਦੇ ਵਿਹੜੇ ਵਿੱਚ ਬੜੀ ਸ਼ਰਧਾ ਨਾਲ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਧਾਰਮਿਕ ਕਾਰਜ ਅਸਲ ਵਿੱਚ ਵਿੱਦਿਅਕ ਸੈਸ਼ਨ 2023-24 ਦੀ ਸ਼ਾਨਦਾਰ ਸਮਾਪਤੀ ਅਤੇ ਸੈਸ਼ਨ 2024-25 ਦੀ ਸੁਖਮਈ ਸ਼ੁਰੂਆਤ ਅਤੇ ਚੜਦੀਕਲਾ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਸੀ। ਅਖੰਡ ਪਾਠ ਸਾਹਿਬ ਜੀ ਦੇ ਪਾਠ 6 ਮਾਰਚ ਨੂੰ ਸ਼ੁਰੂ ਹੋਏ ਅਤੇ ਇਹਨਾਂ ਦੇ ਭੋਗ 8 ਮਾਰਚ ਦਿਨ ਸ਼ੁੱਕਰਵਾਰ ਨੂੰ ਪਾਏ ਗਏ। ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਪਿ੍ਰੰਸੀਪਲ ਰੂਪ ਲਾਲ ਬਾਂਸਲ, ਕੋਆਰਡੀਨੇਟਰਸ, ਸਮੂਹ ਸਕੂਲ ਸਟਾਫ਼ ਮੈਂਬਰ, ਇਸ ਅਦਾਰੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੀ ਹਾਜ਼ਰੀ ਲਵਾਈ। ਜ਼ਿਕਰਯੋਗ ਹੈ ਕਿ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈਕਾ’ ਹਰ ਸਾਲ ਆਪਣੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਕਰਦਾ ਹੈ ਤਾਂ ਕਿ ਆਉਣ ਵਾਲਾ ਸੈਸ਼ਨ ਬਿਨਾਂ ਕਿਸੇ ਰੁਕਾਵਟ ਜਾਂ ਅੜਚਨ ਦੇ ਛਾਲਾਂ ਮਾਰਦਾ ਅੱਗੇ ਵੱਧਦਾ ਹੋਇਆ ਨੇਪਰੇ ਚੜੇ। ਇਸ ਕਾਰਜ ਵਿੱਚ ਇਸ ਸੰਸਥਾ ਦੀ ਤਰੱਕੀ, ਸਫਲਤਾ, ਇਸ ਨਾਲ ਜੁੜੇ ਹਰ ਮੈਂਬਰ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਹੋਈ। ਇਸ ਪਵਿੱਤਰ ਮੌਕੇ ਛੋਟੇ-ਛੋਟੇ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਕਵਿਸ਼ਰੀ ਪੇਸ਼ ਕਰਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਕੂਲ ਦੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਨ ਰੂਹਾਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਇਹ ਸੰਸਥਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ ਅਤੇ ਅੱਜ ਅਸੀਂ ਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਪਣਾ ਮਿਹਰ ਭਰਿਆ ਹੱਥ ਇਸ ਸੰਸਥਾ ਉੱਪਰ ਅਤੇ ਇਸਦੇ ਹਰੇਕ ਮੈਂਬਰ ਉੱਪਰ ਸਦਾ ਰੱਖਣ। ਵਿਦਿਆਰਥੀਆਂ ਨੂੰ ਨਵੀਂ ਚੇਤਨਾ ਅਤੇ ਉਤਸ਼ਾਹ ਨਾਲ ਗੁਰੂ ਦਾ ਓਟ ਆਸਰਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਨ ਲਈ ਕਿਹਾ। ਭੋਗ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਆਈ ਹੋਈ ਸਮੂਹ ਸੰਗਤ ਨੇ ਪੰਗਤ ਪ੍ਰਥਾ ਨੂੰ ਜਾਰੀ ਰੱਖਦੇ ਹੋਏ ਪੰਗਤਾਂ ਵਿੱਚ ਬੈਠ ਕੇ ਸ਼ਰਧਾ ਨਾਲ ਲੰਗਰ ਛਕਿਆ। ਇਸ ਕਾਰਜ ਵਿੱਚ ਸੰਸਥਾ ਦੇ ਡਰਾਇਵਰ ਸਾਹਿਬਾਨਾਂ ਅਤੇ ਸਹਾਇਕ ਕਰਮਚਾਰੀਆਂ ਨੇ ਆਪਣੀ ਅਣਥੱਕ ਸੇਵਾ ਨਿਭਾਈ। ਇਸ ਤਰਾਂ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪਿ੍ਰੰਸੀਪਲ ਸਾਹਿਬ, ਕੋਆਰਡੀਨੇਟਰਸ, ਸਮੂਹ ਸਕੂਲ ਸਟਾਫ਼ ਮੈਂਬਰ ਅਤੇ ਇਸ ਸੰਸਥਾ ਦੇ ਨਾਲ ਜੁੜੇ ਹਰੇਕ ਮੈਂਬਰ ਦੇ ਅਥੱਕ ਸਹਿਯੋਗ ਨਾਲ ਇਹ ਧਾਰਮਿਕ ਕਾਰਜ ਸਫਲਤਾ ਪੂਰਵਕ ਨੇਪਰੇ ਚੜਿਆ।
Leave a Comment
Your email address will not be published. Required fields are marked with *