ਗਰਮੀਆਂ ਦੇ ਦਿਨ ਸਨ। ਰਾਤ ਦੇ ਅੱਠ ਕੁ ਵੱਜ ਚੁੱਕੇ ਸਨ। ਬਿਜਲੀ ਦਾ ਕੱਟ ਲੱਗਾ ਹੋਇਆ ਸੀ। ਮੇਰੀ ਮਾਂ ਨੇ ਮੈਨੂੰ ਕਈ ਵਾਰੀ ਘਰ ਵਿੱਚ ਇਨਵਰਟਰ ਰਖਾਉਣ ਨੂੰ ਕਿਹਾ ਸੀ,ਪਰ ਪੈਸੇ ਦੀ ਘਾਟ ਕਾਰਨ ਮੈਂ ਘਰ ਵਿੱਚ ਇਨਵਰਟਰ ਨਾ ਰਖਾ ਸਕਿਆ। ਇਸ ਕਰਕੇ ਬਿਜਲੀ ਦਾ ਕੱਟ ਲੱਗਣ ਤੇ ਘਰ ਵਿੱਚ ਮੋਮਬੱਤੀ ਨਾਲ ਹੀ ਸਾਰਿਆ ਜਾਂਦਾ ਸੀ। ਹੁਣ ਵੀ ਮੇਰੀ ਮਾਂ ਮੋਮਬੱਤੀ ਦੀ ਲੋਅ ਵਿੱਚ ਰਾਤ ਦੀ ਰੋਟੀ ਪਕਾ ਰਹੀ ਸੀ।ਅਚਾਨਕ ਕਿਸੇ ਕੰਮ ਲਈ ਉਸ ਨੂੰ ਰਸੋਈ ਤੋਂ ਬਾਹਰ ਵਿਹੜੇ ਵਿੱਚ ਆਉਣਾ ਪਿਆ। ਉਹ ਇੱਕ ਦਮ ਮੇਰੇ ਕਮਰੇ ਵਿੱਚ ਆ ਗਈ ਤੇ ਕਹਿਣ ਲੱਗੀ, ” ਕਾਕਾ, ਬਾਹਰ ਤਾਂ ਸੱਪ ਆ। ਛੇਤੀ ਨਾਲ ਕੋਈ ਡੰਡਾ ਟੋਲ। ਇਹ ਤਾਂ ਬੜੇ ਖਤਰਨਾਕ ਹੁੰਦੇ ਆ।”
ਮੈਂ ਪਹਿਲਾਂ ਬੈਟਰੀ ਟੋਲੀ ਅਤੇ ਫਿਰ ਡੰਡਾ ਟੋਲਣ ਲੱਗ ਪਿਆ। ਡੰਡਾ ਤੇ ਬੈਟਰੀ ਲੈ ਕੇ ਮੈਂ ਬਾਹਰ ਵਿਹੜੇ ਵਿੱਚ ਜਾ ਕੇ ਸੱਪ ਟੋਲਣ ਲੱਗ ਪਿਆ। ਮੇਰੀ ਮਾਂ ਵੀ ਮੇਰੇ ਪਿੱਛੇ ਬਾਹਰ ਵਿਹੜੇ ਵਿੱਚ ਆ ਗਈ ਸੀ। ਸੱਪ ਵਿਹੜੇ ਵਿੱਚ ਪਤਾ ਨਹੀਂ ਕਿਹੜੇ ਖੂੰਜੇ ਵਿੱਚ ਲੁਕ ਗਿਆ। ਮੈਂ ਅੱਧਾ ਘੰਟਾ ਉਸ ਦੀ ਟੋਲ ਕੀਤੀ, ਪਰ ਸੱਪ ਨਾ ਮਿਲਿਆ।
ਫਿਰ ਅਚਾਨਕ ਮੇਰੀ ਮਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ,” ਚੱਲ ਛੱਡ ਕਾਕਾ, ਜਾਣ ਦੇ ਪਰੇ। ਇਹ ਸਾਰੀ ਧਰਤੀ ਉਨ੍ਹਾਂ ਦੀ ਆ। ਉਹ ਕਿਤੇ ਵੀ ਆ, ਜਾ ਸਕਦੇ ਆ। ਬੰਦਾ ਉਨ੍ਹਾਂ ਨੂੰ ਕਿਵੇਂ ਰੋਕ ਸਕਦਾ ਆ?”

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554