ਸਃ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲੀ ਬੌਲਦ ਚੇਤੇ ਕਰਦਿਆਂ ਮਾ ਬੋਲੀ ਪੰਜਾਬੀ ਦੇ ਉਹ ਕਾਮੇ ਯਾਦ ਆ ਰਹੇ ਨੇ ਜਿੰਨ੍ਹਾਂ ਨੇ ਸਾਡੀ ਜ਼ਬਾਨ ਨੂੰ ਵਿਕਾਸ ਮਾਰਗ ਤੇ ਤੋਰਿਆ।
ਗੁਰਮੁਖੀ ਅੱਖਰਾਂ ਦਾ ਵਰਗੀਕ੍ਰਿਤ ਸਰੂਪ ਢਲਣ ਤੋਂ ਬਾਦ ਬਿਖਮ ਮਾਰਗ ਦੇ ਪਾਂਧੀਆਂ ਵਿੱਚ ਭਾਈ ਵੀਰ ਸਿੰਘ ਜੀ ਦੇ ਵੱਡੇ ਭਰਾਤਾ ਵਜ਼ੀਰ ਸਿੰਘ ਜੀ ਅਤੇ ਪੰਜਾਬੀ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਦਾ ਨਾਮ ਸਭ ਤੋਂ ਵੱਡਾ ਇਸ ਕਰਕੇ ਹੈ ਕਿਉਂਕਿ ਉਹ ਸਿਰਫ਼ ਸ਼ਾਇਰ ਜਾਂ ਕਾਰੋਬਾਰੀ ਨਹੀਂ ਸਨ ਸਗੋਂ ਦੂਰਦ੍ਰਿਸ਼ਟੀਵਾਨ ਵਡਪੁਰਖੇ ਸਨ। ਭਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦ ਪਰੈੱਸ ਵਿੱਚ ਕਿਰਤ ਕਰਦਿਆਂ ਉਹ ਸਿਰਜਕ ਹੋ ਗਏ। ਬਾਦ ਵਿੱਚ ਉਨ੍ਹਾਂ ਅੱਗੋਂ ਕਿੰਨੇ ਚਿਰਾਗ ਜਗਾਏ, ਉਨ੍ਹਾਂ ਦੀ ਗਿਣਤੀ ਸੰਭਵ ਨਹੀਂ। ਕਾਵਿ ਸਿਰਜਣ ਵਿੱਚ ਉਨ੍ਹਾਂ ਦੇ ਸ਼ਾਗਿਰਦ ਸੁੰਦਰ ਦਾਸ ਆਸੀ ਜੀ ਸਨ ਜਿੰਨ੍ਹਾਂ ਨੇ ਅੱਗੇ ਲਾਲ ਚੰਦ ਯਮਲਾ ਜੱਟ ਨੂੰ ਗੀਤ ਸਿਰਜਣ ਦੀ ਜਾਗ ਲਾਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਤੇ ਪ੍ਰਿੰ. ਸ ਸ ਅਮੋਲ ਜੀ ਦੀ ਸੰਪਾਦਿਤ ਪੁਸਤਕ ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀ ਸਮੁੱਚੀ ਰਚਨਾ ਪੜ੍ਹਦਿਆਂ ਇੱਕ ਹਵਾਲਾ ਮੈਨੂੰ ਨੂਰਦੀਨ ਦਾ ਲੱਭਿਆ।
ਨੂਰਦੀਨ ਗੁਰਮੁਖੀ ਵਰਣਮਾਲਾ ਨੂੰ ਪੱਥਰ ਛਾਪੇ ਤੋਂ ਬਾਅਦ ਲੱਕੜ ਵਿਚੋਂ ਘੜ ਕੇ ਟਾਈਪ ਫੌਂਟ ਲਈ ਪੈਟਰਨ ਤਿਆਰ ਕਰਨ ਵਾਲਾ ਪਹਿਲਾ ਕਾਰੀਗਰ । ਇਸ ਤੋਂ ਮਗਰੋਂ ਲਾਲਾ ਧਨੀ ਰਾਮ ਚਾਤ੍ਰਿਕ ਅਤੇ ਲਾਲਾ ਗੰਡਾ ਮੱਲ ਨੇ ਗੁਰਮੁਖੀ ਛਾਪੇਖਾਨੇ ਲਈ ਸਿੱਕੇ ਦੇ ਅੱਖਰ ਪ੍ਰਚਲਿਤ ਕੀਤੇ।
ਮੈਂ ਉਸ ਬਾਰੇ ਇੱਕ ਕਵਿਤਾ 25ਕੁ ਸਾਲ ਪਹਿਲਾਂ ਲਿਖੀ ਜੋ ਮੇਰੀ 2001 ਚ ਛਪੀ ਕਾਵਿ ਪੁਸਤਕ “ਅਗਨ ਕਥਾ”ਵਿੱਚ ਸ਼ਾਮਿਲ ਹੈ। ਨਮਨ ਹੈ ਨੂਰਦੀਨ ਨੂੰ।
ਅੱਖਰ ਸ਼ਿਲਪੀ
ਉੱਨੀਵੀਂ ਸਦੀ ਦੇ
ਅੰਤ ਸਮੇਂ ਦੀ ਬਾਤ ਸੁਣਾਵਾਂ।
ਮਿਹਨਤ ਅਤੇ ਮੁਸ਼ੱਕਤ ਕਰਕੇ
ਰੋਟੀ ਖਾਂਦੇ,
ਮਿਸਤਰੀਆਂ ਦੇ ਇੱਕ ਮੁੰਡੇ ਦਾ,
ਨਾਂ ਤਾਂ ਭਾਵੇਂ ਨੂਰਦੀਨ* ਸੀ।
ਪਰ ਅੱਜ ਉਸ ਦਾ ਪਤਾ ਟਿਕਾਣਾ,
ਨੇਰ੍ਹੇ ਵਿਚ ਗੁਆਚ ਗਿਆ ਹੈ।
ਅੰਮ੍ਰਿਤਸਰ ਦਾ ਜੰਮਿਆ ਜਾਇਆ,
ਜਾਂ ਫਿਰ ਲਾਗੇ ਕੋਈ ਪਿੰਡ ਸੀ,
ਇਸ ਦਾ ਮੈਨੂੰ ਇਲਮ ਨਹੀਂ ਹੈ।
ਲੋਕੀਂ ਆਖਣ ਸ਼ਹਿਰ ਕਮਾਈਆਂ,
ਕਰਨ ਦੀ ਖ਼ਾਤਰ ਆਇਆ ਹੋਣੈਂ।
ਰਹੇ ਠੋਕਦਾ ਮੰਜੀਆਂ ਪੀੜ੍ਹੇ,
ਜਾਂ ਫਿਰ ਘੜਦਾ ਗੱਡ ਗਡੀਰੇ।
ਰੰਗ ਬਰੰਗੀਆਂ
ਚਰਖ਼ੜੀਆਂ ਤੇ ਪੀਲ ਪੰਘੂੜੇ।
ਲੱਕੜੀ ਦੇ ਵਿਚ ਜਿੰਦ ਧੜਕਾਉਂਦਾ।
ਚਿੱਤਰਕਾਰ ਤੋਂ ਕਿਤੇ ਚੰਗੇਰਾ।
ਰੱਬ ਦੇ ਜਿੱਡਾ ਉੱਚ ਉਚੇਰਾ।
ਰੰਗਾਂ ਤੋਂ ਬਿਨ ਲੱਕੜੀ ਉੱਤੇ,
ਵੇਲਾਂ, ਪੱਤੇ, ਬੂਟੀਆ ਪਾਉਂਦਾ।
ਉਸ ਦੀ ਹਸਤ ਕਲਾ ਨੂੰ
ਸਿਜਦਾ ਹਰ ਕੋਈ ਕਰਦਾ,
ਜੋ ਵੀ ਉਸ ਦੇ ਨੇੜੇ ਆਉਂਦਾ।
ਨੂਰਦੀਨ ਨੂੰ ਉਸ ਵੇਲੇ ਦੇ
ਦਾਨਿਸ਼ਮੰਦਾਂ ਹਿੱਕ ਨਾਲ ਲਾਇਆ।
ਇਹ ਸਮਝਾਇਆ।
ਗੱਡ ਗਡੀਰੇ
ਚਰਖ਼ੜੀਆਂ ਤੇ ਪੀਲ ਪੰਘੂੜੇ,
ਘੜਨੇ ਛੱਡ ਦੇ।
ਇਹ ਕੰਮ ਤੇਰੀ ਥਾਂ ਤੇ
ਕੋਈ ਵੀ ਕਰ ਸਕਦਾ ਹੈ।
ਤੇਰੇ ਕਰਨ ਦੀ ਖ਼ਾਤਰ
ਕਾਰਜ ਵੱਡੇ ਵੱਡੇ।
ਕਹਿਣ ਸਿਆਣੇ
ਓਦੋਂ ਤੀਕ ਮੋਤੀਆਂ ਵਰਗੇ,
ਲਿਸ਼ ਲਿਸ਼ਕੰਦੜੇ ਬੋਲ ਗੁਰਮੁਖੀ,
ਕੇਵਲ ਪੱਥਰ ਛਾਪੇ ਵਿਚ ਸਨ।
ਵਜ਼ੀਰ ਸਿੰਘ ਦੇ ਛਾਪੇਖ਼ਾਨੇ,
ਨੂਰਦੀਨ ਨੇ ਡੇਰਾ ਲਾਇਆ।
ਲੱਕੜੀ ਦੇ ਵਿਚ ਆਪਣੀ ਸੁਹਜ ਸਿਰਜਣਾ ਭਰ ਕੇ,
ਊੜੇ ਐੜੇ ਕੋਲੋਂ ਤੁਰ ਕੇ,
ਸੱਸੇ ਪੈਰੀਂ ਬਿੰਦੀ ਤੀਕਰ
ਜਿੰਦ ਧੜਕਾਈ।
ਸਾਰੀ ਖ਼ਲਕਤ ਵੇਖਣ ਆਈ।
ਨੂਰਦੀਨ ਨੂੰ
ਇਸ ਗੱਲ ਦਾ ਵੀ ਇਲਮ ਨਹੀਂ ਸੀ।
ਮੈਂ ਤਾਂ ਇਸ ਪੰਜਾਬ ‘ਚ ਵੱਸਦੇ
ਲੋਕਾਂ ਖ਼ਾਤਰ,
ਵਰਕਾ ਇੱਕ ਇਤਿਹਾਸ ਦਾ ਲਿਖਿਆ।
ਨੂਰਦੀਨ ਦਾ ਨੂਰ ਜਦੋਂ
ਸ਼ਬਦਾਂ ਵਿਚ ਢਲਿਆ,
ਹਰ ਪੰਜਾਬੀ ਦੇ ਮੱਥੇ ਵਿਚ
ਸੂਰਜ ਬਲਿਆ।
ਸਾਰੇ ਅੱਖਰ ਲੱਕੜੀ ਤੋਂ
ਸਿੱਕੇ ਵਿਚ ਢਲ ਗਏ।
ਪਾਠ ਪੁਸਤਕਾਂ
ਧਰਮ ਗ੍ਰੰਥਾਂ ਤੇ ਹਰ ਥਾਵੇਂ,
ਇੱਕ ਨਹੀਂ ਕਈ ਲੱਖ ਕਰੋੜਾਂ
ਇਕਦਮ ਸੂਹੇ ਸੂਰਜ ਬਲ ਗਏ ।
ਨੂਰਦੀਨ ਦਾ
ਅਤਾ ਪਤਾ ਜਾਂ ਥਾਂ ਸਿਰਨਾਵਾਂ।
ਜਾਂ ਉਸ ਦੇ ਪਿੰਡ ਦਾ ਕੋਈ
ਮੱਧਮ ਪਰਛਾਵਾਂ,
ਸਾਨੂੰ ਅੱਜ ਵੀ ਯਾਦ ਨਹੀਂ ਹੈ।
ਉਸਦੀ ਘਾਲ ਕਮਾਈ
ਚਿੱਤ ਨਾ ਚੇਤੇ ਕੋਈ।
ਪਰ ਇਹ ਪਹਿਲੀ ਵਾਰ ਨਾ ਹੋਈ।
ਨੀਂਹ ਵਿਚ ਪਈਆਂ
ਇੱਟਾਂ ਦੱਸੋ ਕੌਣ ਫੋਲਦੈ ।
ਨੂਰਦੀਨ ਤਾਂ
ਵੱਡੇ ਘਰ ਦੇ ਵੱਡੇ ਛਾਪੇਖਾਨੇ ਅੰਦਰ,
ਇਕ ਅਦਨਾ ਜਿਹਾ ਨਿੱਕਾ ਨੌਕਰ।
ਜਿਵੇਂ ਕਿਸੇ ਘਰ ਅੰਦਰੋਂ
ਸਾਰਾ ਕੂੜਾ ਹੂੰਝੇ,
ਮਗਰੋਂ ਨੁੱਕਰੇ ਟਿਕ ਜਾਂਦੀ ਹੈ
ਤੀਲ ਦੀ ਬਹੁਕਰ।
ਜਿੰਨ੍ਹਾਂ ਦਿਨਾਂ ‘ਚ ਨੂਰਦੀਨ ਨੇ,
ਅੱਖਰਾਂ ਦੇ ਵਿਚ ਜਿੰਦ ਧੜਕਾਈ।
ਓਦੋਂ ਹਾਲੇ ਬੰਦਾ ਕੇਵਲ ਬੰਦਾ ਹੀ ਸੀ,
ਨਹੀਂ ਸੀ ਬਣਿਆ ਜ਼ਹਿਰੀ ਕੀੜਾ,
ਹਿੰਦੂ ਮੁਸਲਿਮ ਸਿੱਖ ਈਸਾਈ।
ਧਰਮ ਨਸਲ ਦੀ ਦੁਰਵਰਤੋਂ ਦਾ,
ਹਾਲੇ ਤੇਜ਼ ਬੁਖ਼ਾਰ ਨਹੀਂ ਸੀ।
ਕਈ ਵਾਰੀ ਤਾਂ ਇਉਂ ਲੱਗਦਾ ਹੈ,
ਮੀਆਂ ਮੀਰ ਫ਼ਕੀਰ ਦੇ ਵਾਂਗੂੰ,
ਨੂਰਦੀਨ ਨੇ
ਆਪਣਾ ਸੂਹਾ ਖ਼ੂਨ ਬਾਲ ਕੇ,
ਸਾਡਾ ਘਰ ਵਿਹੜਾ ਰੁਸ਼ਨਾਇਆ।
ਕੁੱਲ ਧਰਤੀ ਦੀ ਦਾਨਿਸ਼ ਨੂੰ
ਜਾਮਾ ਪਹਿਨਾਇਆ।
ਨੂਰਦੀਨ ਨੂੰ ਅੱਜ ਤੋਂ ਪਹਿਲਾਂ,
ਨਾ ਮੈਂ ਜਾਣਾਂ ਨਾ ਪਹਿਚਾਣਾਂ।
ਪਰ ਅੱਜ ਮੇਰੀ ਹਾਲਤ ਵੇਖੋ,
ਜਿਹੜਾ ਅੱਖਰ ਵੀ ਪੜ੍ਹਦਾ ਹਾਂ।
ਹਰ ਅੱਖਰ ਦੇ ਹਰ ਹਿੱਸੇ ਚੋਂ,
ਨੂਰੀ ਮੱਥੇ ਵਾਲਾ ਸੂਰਜ,
ਨੂਰਦੀਨ ਹੀ ਨੂਰਦੀਨ ਬੱਸ
ਚਮਕ ਰਿਹਾ ਹੈ।
ਭਾਵੇਂ ਬੁਝਿਆ ਨਿੱਕੀ ਉਮਰੇ,
ਅੱਜ ਤੀਕਣ ਵੀ
ਸਰਬ ਕਿਤਾਬਾਂ ਦੇ ਵਿਚ ਢਲ ਕੇ,
ਚੰਦਰਮਾ ਜਿਓਂ ਦਮਕ ਰਿਹਾ ਹੈ।
🟥
— ਗੁਰਭਜਨ ਗਿੱਲ
Leave a Comment
Your email address will not be published. Required fields are marked with *