ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਵਾਉਣ ਦੀ ਵੀ ਕੀਤੀ ਜੋਰਦਾਰ ਮੰਗ
ਸੰਗਰੂਰ 20 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ਼ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਤਰਕਸ਼ੀਲ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਉਤੇ ਜਨਵਰੀ ਮਹੀਨੇ 295 ਅਤੇ 295 ਏ ਤਹਿਤ ਦਰਜ ਕੇਸਾਂ ਨੂੰ ਬਿਨਾਂ ਸ਼ਰਤ ਰੱਦ ਕਰਵਾਉਣ ਲਈ ਸਮੂਹ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲੇ ਮਹੀਨੇ ਸਾਂਝੇ ਜਨਤਕ ਸੰਘਰਸ਼ ਨੂੰ ਹੋਰ ਤਿੱਖਿਆਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਵਾਉਣ, ਸਿੱਖਿਆ ਦਾ ਭਗਵਾਂਕਰਨ ਤੇ ਵਪਾਰੀਕਰਨ ਅਤੇ ਆਮ ਲੋਕਾਂ ਦੇ ਜਮਹੂਰੀ ਹੱਕਾਂ ਉੱਤੇ ਹੋ ਰਹੇ ਕਾਰਪੋਰੇਟ ਅਤੇ ਫ਼ਿਰਕੂ ਹਮਲਿਆਂ ਆਦਿ ਮੁੱਦਿਆਂ ਸੰਬੰਧੀ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ,ਰਾਜੇਸ਼ ਅਕਲੀਆ, ਬਲਬੀਰ ਲੌਂਗੋਵਾਲ, ਰਾਜਪਾਲ ਬਠਿੰਡਾ, ਜਸਵੰਤ ਮੋਹਾਲੀ,ਜਸਵਿੰਦਰ ਫਗਵਾੜਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਫ਼ਿਰਕੂ ਸੰਗਠਨਾਂ ਦੇ ਦਬਾਅ ਹੇਠ ਧਾਰਾ 295 ਏ ਦਾ ਗ਼ਲਤ ਇਸਤੇਮਾਲ ਕਰਕੇ ਪੰਜਾਬ ਪੁਲੀਸ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਨਾਗਰਿਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਵਿਧਾਨਿਕ ਹੱਕ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲੀਸ ਨੇ ਸਾਰੇ ਤਰਕਸ਼ੀਲ ਤੇ ਸਮਾਜਿਕ ਕਾਰਕੁਨਾਂ ਦੇ ਖਿਲਾਫ 295 ਅਤੇ 295 ਏ ਤਹਿਤ ਦਰਜ ਨਜਾਇਜ਼ ਕੇਸਾਂ ਨੂੰ ਬਿਨਾਂ ਸ਼ਰਤ ਰੱਦ ਨਾ ਕੀਤਾ ਤਾਂ ਪੰਜਾਬ ਦੀਆਂ ਸਮੂਹ ਜਨਤਕ ਜੱਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੀ ਇਸ ਫ਼ਿਰਕੂ ਤਾਨਾਸ਼ਾਹੀ ਦੇ ਖਿਲਾਫ ਵੱਡਾ ਜਨਤਕ ਅੰਦੋਲਨ ਵਿਢਿਆ ਜਾਵੇਗਾ।
ਮੀਟਿੰਗ ਦੌਰਾਨ ਸੂਬਾ ਕਮੇਟੀ ਆਗੂਆਂ ਹੇਮ ਰਾਜ ਸਟੈਨੋਂ, ਜੋਗਿੰਦਰ ਕੁੱਲੇਵਾਲ, ਅਜੀਤ ਪ੍ਰਦੇਸੀ,ਗੁਰਪ੍ਰੀਤ ਸ਼ਹਿਣਾ, ਸੰਦੀਪ ਧਾਰੀਵਾਲ ਭੋਜਾ ਨੇ ਮੋਦੀ ਸਰਕਾਰ ਵਲੋਂ ਕਾਰਪੋਰੇਟ ਪੱਖੀ ਫ਼ਿਰਕੂ ਏਜੰਡੇ ਹੇਠ ਸਿੱਖਿਆ ਤੇ ਵਿਦਿਅਕ ਸੰਸਥਾਵਾਂ ਦੇ ਕੀਤੇ ਜਾ ਰਹੇ ਭਗਵਾਂਕਰਨ- ਵਪਾਰੀਕਰਨ , ਇਕਸਾਰ ਸਿਵਲ ਕੋਡ ਅਤੇ ਝੂਠੇ ਕੇਸਾਂ ਹੇਠ ਲੋਕ ਪੱਖੀ ਪੱਤਰਕਾਰਾਂ, ਵਕੀਲਾਂ,ਬੁੱਧੀਜੀਵੀਆਂ, ਲੇਖਕਾਂ,ਸਮਾਜਿਕ ਕਾਰਕੁਨਾਂ,ਆਦਿਵਾਸੀਆਂ ਦੀ ਜੇਲ੍ਹਾਂ ਵਿਚ ਅਣਮਿੱਥੇ ਸਮੇਂ ਦੀ ਨਜਰਬੰਦੀ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਭਾਜਪਾ – ਸੰਘ ਵਲੋਂ 2024 ਦੀਆਂ ਆਮ ਚੋਣਾਂ ਜਿੱਤਣ ਲਈ ਘੱਟ ਗਿਣਤੀਆਂ ਅਤੇ ਸਿਆਸੀ ਵਿਰੋਧੀਆਂ ਨੂੰ ਜਬਰ ਨਾਲ ਦਬਾਉਣ ਲਈ ਕਾਰਪੋਰੇਟ ਪੱਖੀ ਫ਼ਿਰਕੂ ਫਾਸ਼ੀਵਾਦੀ ਰਾਜਨੀਤੀ ਨੂੰ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜੋ ਕਿ ਦੇਸ਼ ਵਿਚ ਦਿਨੋਂ ਦਿਨ ਸੁੰਗੜਦੀ ਜਾ ਰਹੀ ਜਮਹੂਰੀਅਤ ਅਤੇ ਧਰਮ ਨਿਰਪੱਖਤਾ ਨੂੰ ਮੁੱਢੋਂ ਖਤਮ ਕਰਨ ਦੀ ਵੱਡੀ ਸਾਜਿਸ਼ ਵੀ ਹੈ ਜਿਸਦੇ ਖ਼ਿਲਾਫ਼ ਹਮ ਖਿਆਲ ਜੱਥੇਬੰਦੀਆਂ ਨਾਲ ਮਿਲ ਕੇ ਪੰਜਾਬ ਵਿਚ ਜਮਹੂਰੀ ਲਹਿਰ ਉਸਾਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ। ਇਸ ਮੌਕੇ 6-7 ਅਪ੍ਰੈਲ ਨੂੰ ਬਰਨਾਲਾ ਵਿਖੇ ਤਰਕਸ਼ੀਲ ਸੁਸਾਇਟੀ ਦੀ ਦੋ ਰੋਜ਼ਾ ਸਾਲਾਨਾ ਸੂਬਾਈ ਇਕੱਤਰਤਾ ਕਰਵਾਉਣ ਅਤੇ ਕਾਰਜ ਵਿਉਂਤਬੰਦੀ ਨੂੰ ਹੋਰ ਵਧ ਸਰਗਰਮੀ ਨਾਲ ਲਾਗੂ ਕਰਨ ਦਾ ਫੈਸਲਾ ਵੀ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਜੋਨਾਂ ਦੇ ਜੱਥੇਬੰਦਕ ਆਗੂਆਂ ਮਾਸਟਰ ਪਰਮਵੇਦ ਸੰਗਰੂਰ,ਕੁਲਜੀਤ ਫਾਜ਼ਿਲਕਾ, ਮਨਜੀਤ ਸਿੰਘ ਜਲੰਧਰ, ਅਜਾਇਬ ਜਲਾਲਆਣਾ ਬਠਿੰਡਾ, ਰਾਮ ਕੁਮਾਰ ਪਟਿਆਲਾ, ਧਰਮ ਪਾਲ ਸਿੰਘ ਲੁਧਿਆਣਾ,ਮਾਸਟਰ ਰਾਮ ਕੁਮਾਰ ਨਵਾਂ ਸ਼ਹਿਰ ਅਤੇ ਗੁਰਦੀਪ ਸਿੰਘ ਮਾਨਸਾ ਨੇ ਵੀ ਉਪਰੋਕਤ ਮੁੱਦਿਆਂ ਸਬੰਧੀ ਵਿਚਾਰ ਚਰਚਾ ਵਿੱਚ ਭਾਗ ਲਿਆ। ਇਸ ਮੌਕੇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਤਰਕਸ਼ੀਲ ਸੁਸਾਇਟੀ ਦੇ ਸਮਰਪਿਤ ਆਗੂਆਂ ਅਤੇ ਸਰੀਰ ਦਾਨੀਆਂ ਆਤਮਾ ਸਿੰਘ ਲੁਧਿਆਣਾ, ਮਾਸਟਰ ਬਲਵੰਤ ਸਿੰਘ ਹਰਿਆਣਾ ਅਤੇ ਮੁਕੰਦ ਲਾਲ ਨਵਾਂ ਸ਼ਹਿਰ ਦੀ ਬੇਵਕਤ ਮੌਤ ਉਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
Leave a Comment
Your email address will not be published. Required fields are marked with *