ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਹੀਰਾ ਸਿੰਘ ਨਗਰ ਸਮੇਤ ਕਈ ਹੋਰ ਮੁਹੱਲਿਆਂ ’ਚ ਨਵੇਂ ਮਕਾਨ ਬਣ ਰਹੇ ਹਨ ਪਰ ਕਈਆਂ ਵਲੋਂ ਡੇਢ-ਡੇਢ ਫੁੱਟ ਤੱਕ ਗਲੀ ਦੀ ਜਗਾ ਰੋਕੀ ਗਈ ਹੈ, ਕਿਹਾ ਜਾਂਦਾ ਹੈ ਕਿ ਉਹਨਾਂ ਨਕਸ਼ਾ ਨਗਰ ਕੌਂਸਲ ਤੋਂ ਪਾਸ ਕਰਵਾਇਆ ਹੈ। ਇੱਥੋਂ ਤੱਕ ਕਿ ਵੱਖਰੇ ਤੌਰ ’ਤੇ ਦੋ-ਦੋ ਫੁੱਟ ਦੇ ਬਨੇਰੇ ਵੀ ਬਾਹਰ ਵੱਲ ਗਲੀ ’ਚ ਉਸਾਰੇ ਗਏ ਹਨ। ਹੋਰ ਤਾਂ ਹੋਰ ਗਲੀ ’ਚ ਚਾਰ ਤੋਂ ਛੇ ਫੁੱਟ ਉੱਚੇ ਰੈਂਪ ਵੀ ਕੱਢੇ ਗਏ ਹਨ, ਜਿਸ ਨਾਲ ਆਮ ਲੋਕਾਂ ਅਤੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਡਾਢੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕਾ ਦੁੱਕਾ ਮਾਮਲੇ ਨਗਰ ਕੌਂਸਲ ਦੇ ਤਕਨੀਕੀ, ਪ੍ਰਸ਼ਾਸ਼ਕੀ ਅਧਿਕਾਰੀਆਂ ਅਤੇ ਨਗਰ ਕੌਂਸਲ ਪ੍ਰਧਾਨ ਦੇ ਧਿਆਨ ’ਚ ਵੀ ਲਿਆਂਦੇ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਸੰਭਾਵਨਾ ਹੈ ਕਿ ਕਈਆਂ ਵਲੋਂ ਨਕਸ਼ੇ ਪਾਸ ਹੀ ਨਾ ਕਰਵਾਏ ਗਏ ਹੋਣ। ਇਹ ਸਮਝਿਆ ਜਾ ਸਕਦਾ ਹੈ ਕਿ ਜਾਂ ਤਾਂ ਰਾਜਨੀਤਕ ਪਹੁੰਚ ਵਾਲੇ ਵਿਅਕਤੀ ਕਾਰਵਾਈ ਨਾ ਕਰਨ ਦਾ ਦਬਾਅ ਬਣਾਉਂਦੇ ਹਨ ਜਾਂ ਫਿਰ ਕੌਂਸਲ ਅਧਿਕਾਰੀ ਕਿਸੇ ਕਾਰਨਵੱਸ ਖੁਦ ਕਾਰਵਾਈ ਨਹੀਂ ਕਰਨਾ ਚਾਹੁੰਦੇ। ਨਰਜਿੰਦਰ ਸਿੰਘ, ਅਵਤਾਰ ਸਿੰਘ, ਰਮੇਸ਼ਵਰ ਸਿੰਘ, ਗੁਰਕੀਰਤ ਸਿੰਘ, ਰਛਪਾਲ ਸਿੰਘ ਸਮੇਤ ਹੋਰ ਬਹੁਤ ਸਾਰੇ ਲੋਕਾਂ ਦੀ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੰਗ ਹੈ ਕਿ ਜੇਕਰ ਸਰਕਾਰ ਹਜਾਰਾਂ ਏਕੜ ਜਮੀਨਾਂ ਤੋਂ ਨਜਾਇਜ ਕਬਜੇ ਛੁਡਾ ਸਕਦੀ ਹੈ ਤਾਂ ਇਹ ਨਿਗੁਣੇ ਕਬਜੇ ਛੁਡਾ ਕੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਮੁਕਤ ਕਰਵਾਇਆ ਜਾਵੇ।
Leave a Comment
Your email address will not be published. Required fields are marked with *