ਨਰਮੇ ਦੀ ਫਸਲ ਦੀ ਕਾਸਤ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ‘ਤੇ ਵਿਚਾਰ ਚਰਚਾ ਲਈ ਮੀਟਿੰਗ ਦਾ ਆਯੋਜਨ
ਫਰੀਦਕੋਟ , 21 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਦੀ ਕਾਸਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਿਉਂਤਬੰਦੀ ਕਰਨ ਲਈ ਮੁੱਖ ਖੇਤੀਬਾੜੀ ਦਫਤਰ ਵਿੱਚ ਬਲਾਕ ਖੇਤੀਬਾੜੀ ਅਫਸਰਾਂ ਦੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਡਾ. ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ ਕਮ ਨੋਡਲ ਅਫਸਰ (ਕਪਾਹ), ਡਾ.ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਫਰੀਦਕੋਟ, ਰਵਿੰਦਰ ਸਿੰੰਘ, ਸਵਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸ਼ਾਮਿਲ ਹੋਏ। ਮੀਟਿੰਗ ਦੌਰਾਨ ਨਰਮੇ ਦੀ ਫਸਲ ਦੀ ਕਾਸਤ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾਣ ਵਾਲੀਆਂ ਗਤੀਵਧੀਆਂ ‘ਤੇ ਵਿਚਾਰ ਚਰਚਾ ਕੀਤੀ ਗਈ ਅਤੇ ਫਸਲ ਦੀ ਕਟਾਈ ਤੱਕ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਵਿਸਥਾਰਪੂਰਵਕ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਪਿਛਲੇ ਸਾਲ 854 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਕਾਸ਼ਤ ਕਤਿੀ ਗਈ ਸੀ ਅਤੇ ਇਸ ਸਾਲ 950 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਕਾਸਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਸੀ, ਜਿਸ ਕਾਰਨ ਇਸ ਕਿਸਾਨ ਨਰਮੇ ਦੀ ਕਾਸ਼ਤ ਵਿੱਚ ਘੱਟ ਉਤਸ਼ਾਹ ਦਿਖਾ ਰਹੇ ਹਨ। ਉਨਾ ਕਿਹਾ ਕਿ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਆਦੇਸ਼ਾਂ ਤੇ ਨਰਮੇ ਦੀਆਂ ਛਿੱਟੀਆਂ ਦੇ ਪ੍ਰਬੰਧਨ ਅਤੇ ਏ.ਬੀ. ਕਾਟਨ ਸਪਿਨਿੰਗ ਮਿੱਲ ਗੁਰੁਸਰ ਜੈਤੋ ਵਿੱਚ ਵੜੇਵਿਆਂ ਵਿੱਚੋਂ ਸੁੰਡੀ ਦੇ ਪਿਊਪੇ ਅਤੇ ਸੁੰਡੀਆ ਦੇ ਖਾਤਮੇ ਲਈ ਫਿਊਮੀਗੇਸ਼ਨ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਵਾਰ ਬੇਮੌਸਮੀ ਬਾਰਸ਼ਾਂ ਕਾਰਨ ਕਣਕ ਦੀ ਕਟਾਈ ਵਿੱਚ ਦੇਰੀ ਹੋਈ ਹੈ, ਜਿਸ ਕਾਰਨ ਨਰਮੇ ਦੀ ਬਿਜਾਈ ਦਾ ਕੰਮ ਵੀ ਅਜੇ ਸ਼ੁਰੂ ਨਹੀਂ ਹੋਇਆ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦੀ ਕਾਸਤ ਨੂੰ ਤਕਨੀਕੀ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਪਿੰਡ ਖਾਰਾ ਅਤੇ ਬੀਹਲੇਵਾਲ ਨੂੰ ਨਰਮੇ ਦੀ ਕਾਸ਼ਤ ਲਈ ਵਿਕਸਤ ਨਵੀਤਮ ਕਾਸਤਕਾਰੀ ਤਕਨੀਕਾਂ ਅਪਣਾ ਕੇ ਨਮੂਨੇ ਦੇ ਪਿੰਡ ਵੱਜੋਂ ਵਿਕਸਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਦੋ ਪਿੰਡਾਂ ਵਿੱਚ ਨਰਮੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਪਰਖ ਕੀਤੀ ਜਾਵੇਗੀ ਤਾਂ ਜੋ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਸੰਬੰਧਤ ਵਿਭਾਗਾਂ ਵੱਲੋਂ ਨਦੀਨਾਂ ਦੀ ਰੋਕਥਾਮ ਕਰ ਲਈ ਗਈ ਹੈ। ਉਨਾਂ ਦੱਸਿਆ ਕਿ ਸਫਲ ਨਰਮੇ ਦੀ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੇ ਬੀਜ ਦੀ ਬਿਜਾਈ ਕਰਨੀ ਬਹੁਤ ਜ਼ਰੂਰੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਰਫ ਸਿਫਾਰਸ਼ਸ਼ੁਦਾ ਕਿਸਮਾਂ ਦੇ ਬੀਜ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਬੀਜ ਖਰੀਦਣ ਉਪਰੰਤ ਡੀਲਰ ਤੋਂ ਬਿੱਲ ਲੈ ਕੇ ਸੰਭਾਲ ਲਿਆ ਜਾਵੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਰਮਾ ਕਾਸ਼ਤਕਾਰਾਂ ਨੂੰ ਨਵੀਨਤਮ ਤਕਨੀਕ ਪੱਖੋਂ ਮਜ਼ਬੁਤ ਕਰਨ ਲਈ ਹਫਤੇ ਦੇ ਹਰ ਬੁੱਧਵਾਰ ਅਤੇ ਸ਼ੁਕਰਵਾਰ ਜਾਗਰੁਕਤਾ ਕੈਂਪ/ਮੀਟਿੰਗਾਂ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਤਕਨੀਕਾਂ ਬਾਰੇ ਜਾਗਰੁਕ ਕੀਤਾ ਜਾਵੇ। ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਤਕਨੀਕ ਪੱਖੋਂ ਮਜ਼ਬੂਤ ਕਰਨ ਲਈ ਹਰ ਸੰਭਵ ਯਤਣ ਕੀਤੇ ਜਾਣਗੇ, ਤਾਂ ਜੋ ਨਰਮੇ ਦੀ ਕਾਸ਼ਤ ਨੂੰ ਜ਼ਿਲਾ ਫਰੀਦਕੋਟ ਵਿੱਚ ਦੁਬਾਰਾ ਪੁਨਰਸੁਰਜੀਤ ਕੀਤਾ ਜਾ ਸਕੇ।
Leave a Comment
Your email address will not be published. Required fields are marked with *