ਦੋ ਹਜ਼ਾਰ ਤੇਈ ਜਾਂਦਾ ਜਾਂਦਾ ਦੂਰ ਹੋ ਗਿਆ ।
ਦੋ ਹਜ਼ਾਰ ਚੌਵੀ ਆ ਬਰੂਹਾਂ ‘ਤੇ ਖਲੋ ਗਿਆ।
ਚਾਵਾਂ ਤੇ ਉਮੰਗਾਂ ਦੀ ਉਡੀਕ ਉਦੋਂ ਮੁੱਕ ਗਈ,
ਦੋ ਹਜ਼ਾਰ ਤੇਈ ਦੀ ਤਾਰੀਕ ਜਦੋਂ ਲੁਕ ਗਈ
ਖਿੜੇ ਮੱਥੇ ਸਭ ਨੂੰ ਦੁਆਵਾਂ ਸ਼ੁੱਭ ਵੰਡੀਏ
ਸੁੱਖ-ਸਾਂਦ ਸਾਰਿਆਂ ਦੀ ਰੱਬ ਕੋਲੋਂ ਮੰਗੀਏ
ਦੌਰ ਇਹ ਚੁਣੌਤੀਆਂ ਦਾ ਅਜੇ ਨਹੀਓਂ ਮੁੱਕਿਆ
ਦੱਸਾਂ ਕੀ ਮੈਂ ਹਾਲ ? ਕਿਸੇ ਕੋਲੋਂ ਨਹੀਓਂ ਲੁਕਿਆ
ਨੌਜਵਾਨ ਧੀਆਂ-ਪੁੱਤ ਕਿੱਥੋਂ ਕਿੱਥੇ ਪੁੱਜ ਗਏ
ਏਥੇ ਰੁਜ਼ਗਾਰ ਨਾ, ਵਿਦੇਸ਼ਾਂ ਵੱਲ ਰੁਝ ਗਏ
ਖ਼ਤਰੇ ‘ਚ ਧਰਤੀ ਬਚਾਉਣ ਵਾਲਾ ਕੌਣ ਏ ?
ਪਾਣੀ, ਪੇੜ, ਪਰਬਤ, ਸ਼ੁੱਧ ਨਹੀਓਂ ਪੌਣ ਏ
ਜੰਗ-ਯੁੱਧ ਰੁਕਦੇ ਨਾ ਲੋਕ ਜਾਣ ਮੁੱਕਦੇ
ਸਹਿਮ-ਸਹਿਮ ਸਭਨਾਂ ਦੇ ਸਾਹ ਜਾਂਦੇ ਸੁੱਕਦੇ
ਕਰ ਲਈ ਤਰੱਕੀ ਬਹੁਤ ਹੋਰ ਅਜੇ ਕਰਨੀ
ਘਾਟੇ ਵਾਲੀ ਭਰਪਾਈ ਦੱਸੋ ਕਿਥੋਂ ਭਰਨੀ
ਬਹੁਤੀਆਂ ਮੁਸੀਬਤਾਂ ਕਈ ਆਪ ਹੀ ਸਹੇੜਦੇ
‘ਰੱਬ ਨੇ ਹੀ ਕੀਤਾ’ ਵਾਲੇ ਸ਼ਬਦਾਂ ਨੂੰ ਗੇੜਦੇ
ਸੂਝਵਾਨ ਬਣੇ ਬੰਦਾ ਮੇਰਾ ਇਹ ਖ਼ਿਆਲ ਏ
ਮੁਕੱਦਰਾਂ ਦੇ ਨਾਲ ਹਰ ਆਉਂਦਾ ਨਵਾਂ ਸਾਲ ਏ
ਆਸਾਂ ਤੇ ਉਮੀਦਾਂ ਵਾਲਾ ਫਲ਼ ਮਿਲੇ ਸਭ ਨੂੰ
‘ਲਾਂਬੜਾ’ ਦੀ ਹੱਥ ਜੋੜ ਜੋਦੜੀ ਹੈ ਰੱਬ ਨੂੰ।

ਸੁਰਜੀਤ ਸਿੰਘ “ਲਾਂਬਡ਼ਾ”