ਐਨ ਐਸ ਕਿਊ ਐਫ ਅਧਿਆਪਕਾਂ, ਸਫਾਈ ਸੇਵਕ ਅਤੇ ਚੌਂਕੀਦਾਰਾਂ ਨੂੰ ਵੀ ਨਹੀਂ ਮਿਲ ਰਹੀਆਂ ਤਨਖਾਹਾਂ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਤੋਂ ਰੁਕੀਆਂ ਤਨਖਾਹਾਂ ਜਲਦੀ ਦੇਣ ਦੀ ਕੀਤੀ ਮੰਗ
ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਰਾਜ ਦੇ ਬਹੁਤ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਕੂਲ ਲਾਇਬ੍ਰੇਰੀਅਨ ਭਰਤੀ ਕੀਤੇ ਗਏ ਹਨ ਤੇ ਇਹਨਾਂ ਕਰਮਚਾਰੀਆਂ ਨੂੰ ਅਜੇ ਤੱਕ ਪਹਿਲੀ ਤਨਖ਼ਾਹ ਵੀ ਨਸੀਬ ਨਹੀਂ ਹੋਈ ਤੇ ਇਹ ਮੁਲਾਜ਼ਮ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ। ਇਸ ਤਰਾਂ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਤਹਿਤ ਕੰਮ ਕਰ ਰਹੇ ਐਨ ਐਸ ਕਿਊ ਐਫ ਅਧਿਆਪਕ, ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਸਫਾਈ ਸੇਵਕ ਅਤੇ ਚੌਕੀਦਾਰ ਵੀ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਤੰਗੀਆਂ ਤੁਰਸ਼ੀਆਂ ਵਾਲਾ ਜੀਵਨ ਬਸਰ ਕਰ ਰਹੇ ਹਨ।
ਇਹਨਾਂ ਸਭ ਨੂੰ ਜਲਦੀ ਤਨਖਾਹਾਂ ਦੇਣ ਦੀ ਮੰਗ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਵਿੱਤ ਸਕੱਤਰ ਨਵੀਨ ਸੱਚਦੇਵਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਕਿ ਮਹੀਨਾ ਜੁਲਾਈ 2022 ਦੌਰਾਨ ਪੰਜਾਬ ਸਰਕਾਰ ਵੱਲੋਂ ਸਕੂਲ ਲਾਇਬ੍ਰੇਰੀਅਨ ਨੂੰ ਨਵੀਂ ਨਿਯੁਕਤੀ ਪੱਤਰ ਦੇਕੇ ਮਿਤੀ 5ਅਗਸਤ 2022 ਨੂੰ ਸਟੇਸ਼ਨ ਚੋਣ ਕਰਵਾਈ ਗਈ ਸੀ ਤੇ ਬਾਅਦ ਵਿੱਚ ਇਹ ਮਾਮਲਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜਾਣ ਕਰਕੇ ਲਗਭਗ ਇੱਕ ਸਾਲ ਬਾਅਦ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਿਤੀ 4 ਅਕਤੂਬਰ 2023 ਨੂੰ ਜਾਰੀ ਕੀਤੇ ਗਏ ਅੰਤਰਿਮ ਹੁਕਮਾਂ ਉਪਰੰਤ ਹੀ ਨਵੀਂ ਨੌਕਰੀ ਨਸੀਬ ਹੋਈ ਸੀ । ਮਿਤੀ 13 ਅਕਤੂਬਰ 2023 ਨੂੰ ਡਾਇਰੈਕਟਰ ਸਕੂਲ ਸਿੱਖਿਆ ਸੈਕਡਰੀ ਪੰਜਾਬ ਦੇ ਹੁਕਮਾਂ ਰਾਹੀਂ ਸਬੰਧਤ ਸਕੂਲਾਂ ਵਿੱਚ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਸੀ। ਆਗੂਆਂ ਨੇ ਅੱਗੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਨੇ ਆਸਾਮੀਆਂ ਦੀ ਰਚਨਾ ਕਰਨ ਸਮੇਂ ਸਪਸ਼ਟ ਤੌਰ ਤੇ ਇਹ ਨਹੀਂ ਦੱਸਿਆ ਕਿ ਅਸਾਮੀ ਦੀ ਰਚਨਾ ਪਲਾਨ ਸਕੀਮ ਵਿੱਚ ਕੀਤੀ ਗਈ ਹੈ ਕਿ ਨਾਨ ਪਲਾਨ ਸਕੀਮ ਵਿੱਚ ਕੀਤੀ ਗਈ ਹੈ। ਆਸਾਮੀਆਂ ਦੀ ਰਚਨਾ ਸਬੰਧੀ ਸਥਿਤੀ ਸਪਸ਼ਟ ਨਾ ਹੋਣ ਕਾਰਨ ਪੰਜਾਬ ਰਾਜ ਦੇ ਸਮੂਹ ਖਜਾਨਾ ਦਫਤਰ ਇਹਨਾਂ ਕਰਮਚਾਰੀਆਂ ਦੇ ਤਨਖਾਹ ਬਿੱਲ ਲੈਣ ਅਤੇ ਪਾਸ ਕਰਨ ਤੋਂ ਇਨਕਾਰੀ ਹਨ। ਇਸ ਕਰਕੇ ਸਬੰਧਤ ਸਕੂਲ ਲਾਇਬ੍ਰੇਰੀਅਨ ਤੇ ਸਬੰਧਤ ਸਕੂਲਾਂ ਦੇ ਮੁਖੀ ਪਰੇਸ਼ਾਨੀ ਦੇ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਨ। ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋ ਮੰਗ ਕੀਤੀ ਹੈ ਕਿ ਤੁਰੰਤ ਨਿੱਜੀ ਦਖਲ ਦੇ ਕੇ ਇਹਨਾਂ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਸਬੰਧੀ ਸਥਿਤੀ ਸਪਸਟ ਕਰਦੇ ਹੋਏ ਪੰਜਾਬ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਫਸਰਾਂ, ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਪੰਜਾਬ ਰਾਜ ਦੇ ਸਮੂਹ ਖਜ਼ਾਨਾ ਅਫ਼ਸਰਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਤਨਖਾਹਾਂ ਤੋਂ ਵਾਂਝੇ ਸਬੰਧਤ ਸਕੂਲ ਲਾਇਬ੍ਰੇਰੀਅਨ ਨੂੰ ਜਲਦੀ ਤਨਖਾਹਾਂ ਮਿਲ ਸਕਣ। ਇਸ ਤਰਾਂ ਪੰਜਾਬ ਰਾਜ ਦੇ ਸਮੂਹ ਐਨ ਐਸ ਕਿਊ ਐਫ ਅਧਿਆਪਕਾਂ ਸਫਾਈ ਸੇਵਕਾਂ ਅਤੇ ਚੌਂਕੀਦਾਰਾਂ ਦੀਆਂ ਰੁਕੀਆਂ ਤਨਖਾਹਾਂ ਵੀ ਤੁਰੰਤ ਜਾਰੀ ਕੀਤੀਆਂ ਜਾਣ।
Leave a Comment
Your email address will not be published. Required fields are marked with *