ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਵਰਗ ਤੇ ਹਾਰ ਉਮਰ ਦੇ ਲੋਕਾਂ ਨੂੰ ਨਸ਼ੇ ਦੀ ਨਾਮੁਰਾਦ ਬਿਮਾਰੀ ਤੋਂ ਨਿਯਾਤ ਦਿਵਾਉਣ ਲਈ ਬਣਾਈ ਗਈ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਸਾਦਿਕ ਦੀ ਮੀਟਿੰਗ ਹੋਈ। ਜਿਸ ’ਚ ਅਨੇਕਾਂ ਮਸਲੇ ਵਿਚਾਰੇ ਗਏ ਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਫਿਰ ਤੋਂ ਸਿਰ ਚੁੱਕਣ ਤੋਂ ਰੋਕਣ ਲਈ ਰਣਨੀਤੀ ਤੈਅ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਪਰਅਪਾਰ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਸਾਦਿਕ ਨੇ ਦੱਸਿਆ ਕਿ ਲਗਭਗ ਦੋ ਮਹੀਨੇ ਤੋਂ ਭਾਂਵੇ ਮੀਟਿੰਗ ਬੰਦ ਰਹੀਆਂ ਪਰ ਕਮੇਟੀ ਮਂੈਬਰਾਂ ਵਲੋਂ ਨਸ਼ਾ ਵੇਚਣ ਵਾਲਿਆਂ ’ਤੇ ਬਾਜ਼ ਅੱਖ ਲਗਾਤਾਰ ਰੱਖੀ ਜਾਂਦੀ ਰਹੀ ਤਾਂ ਜੋ ਨਸ਼ੇ ਦਾ ਕਾਰੋਬਾਰ ਫਿਰ ਤੋਂ ਸ਼ੁਰੂ ਨਾ ਹੋ ਸਕੇ। ਹਾਲਾਂਕਿ ਕਮੇਟੀ ਆਪਣੇ ਮਕਸਦ ’ਚ ਕਾਫੀ ਹੱਦ ਤੱਕ ਕਾਮਯਾਬ ਰਹੀ ਹੈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ 31 ਦਸੰਬਰ ਦਿਨ ਐਤਵਾਰ ਨੂੰ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਵੇਗਾ, ਜਿਸ ਵਿੱਚ ਸਮੂਹ ਕਮੇਟੀ ਮੈਂਬਰਾਂ ਅਤੇ ਨਗਰ ਨਿਵਾਸੀਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਪਾਠ ਦੇ ਭੋਗ ਉਪਰੰਤ ਗਲੀਆਂ ਵਿੱਚ ਨਸ਼ੇ ਖਿਲਾਫ ਮਾਰਚ ਕੀਤਾ ਜਾਵੇਗਾ ਤੇ ਨਸ਼ੇ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ ਜਾਵੇਗੀ। ਨੌਜਵਾਨ ਵਰਗ ਨਸ਼ਿਆਂ ਵੱਲ ਨਾ ਜਾਵੇ, ਉਸ ਲਈ ਵੀ ਉਪਰਾਲੇ ਕੀਤੇ ਜਾਣਗੇ। ਮੈਡੀਕਲ ਐਸੋਸੀਏਸਨ ਵੱਲੋਂ ਵੀ ਕਮੇਟੀ ਦਾ ਪੂਰਾ ਸਹਿਯੋਗ ਦਿੱਤਾ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਉਹ ਨਸੇ ਵੇਚਣ ਵਾਲਿਆਂ ਦੇ ਖਿਲਾਫ ਡੱਟ ਕੇ ਖੜ੍ਹਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਢਿੱਲੋਂ, ਸੁਖਵੀਰ ਮਰਾੜ੍ਹ ਨੰਬਰਦਾਰ, ਸੰਦੀਪ ਗੁਲਾਟੀ, ਡਾ. ਅਮਰਜੀਤ ਅਰੋੜਾ, ਡਾ. ਮੀਤ, ਜਸਵਿੰਦਰ ਸਿੰਘ ਸੋਨੂੰ, ਹਰਪ੍ਰੀਤ ਸਿੰਘ ਨੰਬਰਦਾਰ, ਪ੍ਰਦੀਪ ਗੱਖੜ, ਨੈਬ ਸਿੰਘ ਢਿੱਲੋਂ, ਡਾ. ਜਗਦੀਸ਼ ਸਿੰਘ ਅਤੇ ਗੁਰਸੇਵਕ ਸਿੰਘ ਮਾਨੀ ਸਿੰਘ ਵਾਲਾ ਵੀ ਨੇ ਵੀ ਸੰਬੋਧਨ ਕੀਤਾ।