ਵੋਟਾਂ ਤੋਂ ਪਹਿਲਾਂ ਸਰਕਾਰ ਬਣਨ ’ਤੇ ਦੁਕਾਨਦਾਰਾਂ ਦੇ ਮਸਲੇ ਹੱਲ ਕਰਨ ਦਾ ਦਿੱਤਾ ਸੀ ਭਰੋਸਾ
ਫਰੀਦਕੋਟ, 23 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਸ਼ਹਿਰ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਮਾਰਕਿਟ ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਨਾਲ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਵਫਾ ਨਹੀਂ ਹੋਏ, ਨਹਿਰੂ ਸ਼ਾਪਿੰਗ ਸੈਂਟਰ ਦੇ ਲਗਭਗ 190 ਦੇ ਕਰੀਬ ਦੁਕਾਨਦਾਰਾਂ ਨਾਲ ਆਮ ਆਦਮੀ ਪਾਰਟੀ ਤੋਂ ਚੁਣੇ ਗਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ’ਤੇ ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ ਪਰ ਕਰੀਬ ਪੌਣੇ ਦੋ ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਅਜੇ ਕੋਈ ਸੁਣਵਾਈ ਨਹੀਂ ਹੋ ਰਹੀ, ਸਗੋਂ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਲਾਰਿਆਂ ’ਚ ਹੀ ਰੱਖਿਆ ਜਾ ਰਿਹਾ ਹੈ। ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰ ਨਰੇਸ਼ ਗਰੋਵਰ, ਅਨਿਲ ਕੁਮਾਰ ਜੈਨ, ਰੂਬੀ ਧਿੰਗੜਾ, ਸੁਖਮੰਦਰ ਸਿੰਘ ਪੱਪੂ ਆਦਿ ਨੇ ਕਿਹਾ ਕਿ ਨਹਿਰੂ ਸ਼ਾਪਿੰਗ ਸੈਂਟਰ ਦੀ ਮਾਰਕਿਟ ਕਰੀਬ 50 ਸਾਲ ਪਹਿਲਾਂ ਬਣੀ ਸੀ, ਉਸ ਤੋਂ ਬਾਅਦ ਇਹਨਾਂ ਦੁਕਾਨਾਂ ਦੀ ਕੋਈ ਮੁਰੰਮਤ ਵਗੈਰਾ ਨਹੀਂ ਹੋਈ, ਹੁਣ ਇਹਨਾਂ ਦੁਕਾਨਾਂ ਦੀਆਂ ਛੱਤਾਂ ਦੀ ਹਾਲਤ ਐਨੀ ਮਾੜੀ ਹੈ ਕਿ ਕਿਸੇ ਸਮੇਂ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ, ਉਹਨਾਂ ਵਲੋਂ ਸਮੇਂ-ਸਮੇਂ ’ਤੇ ਵਿਧਾਇਕ ਜਾਂ ਸਬੰਧਤ ਚੇਅਰਮੈਨਾਂ ਨੂੰ ਲਿਖਤੀ ਤੌਰ ’ਤੇ ਦੁਕਾਨਾਂ ਦੀ ਮੁਰੰਮਤ ਦੀ ਮਨਜੂਰੀ ਅਤੇ ਉੱਪਰ ਚੁਬਾਰੇ ਪਾਉਣ ਦੀ ਮੰਗ ਰੱਖੀ ਗਈ ਸੀ। ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਉਹਨਾਂ ਵਲੋਂ ਦੁਕਾਨਦਾਰਾਂ ਦਾ ਕੇਸ ਤਿਆਰ ਕਰਕੇ ਵਿਭਾਗ ਨੂੰ ਭੇਜ ਦਿੱਤਾ ਸੀ ਪਰ ਕੁਝ ਤਰੁੱਟੀਆਂ ਹੋਣ ਕਰਕੇ ਇਤਰਾਜ ਲੱਗ ਕੇ ਫਾਈਲ ਵਾਪਸ ਆ ਗਈ ਹੈ।
Leave a Comment
Your email address will not be published. Required fields are marked with *