ਮੈਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪੁੱਲ ਨੂੰ ਹੋਰ ਪਕੇਰਾ ਕਰਾਂਗਾ: ਬੱਬਰ
ਚੰਡੀਗੜ੍ਹ, 3 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਸ਼ਕਰਗੜ੍ਹ, ਸਿਆਲਕੋਟ, ਪਾਕਿਸਤਾਨ ਦੇ ਜੰਮਪਲ ਤੇ ਹੁਣ ਸ਼ਿਕਾਗੋ, ਅਮਰੀਕਾ ਵਿਖੇ ਰਹਿੰਦੇ ਨਾਟਕਕਾਰ ਰਿਆਜ ਬੱਬਰ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸੱਦੇ ਉੱਤੇ ਚੰਡੀਗੜ੍ਹ ਆਏ। ਕਲਾ ਭਵਨ, ਚੰਡੀਗੜ੍ਹ ਵਿਖੇ ਉਹ ਅਦੀਬਾਂ, ਨਾਟਕਕਾਰਾਂ ਅਤੇ ਸਾਹਿਤਕਾਰਾਂ ਦੇ ਰੂਬਰੂ ਹੋਏ।
ਪੇਸ਼ੇ ਵਜੋਂ ਡਾਕਟਰ ਅਤੇ ਨਾਟਕਕਾਰ ਰਿਆਜ ਬੱਬਰ ਨੇ ਦੱਸਿਆ ਕਿ ਉਹ ਹੁਣ ਤੱਕ ਸ਼ਾਹਮੁਖੀ ਵਿੱਚ ਨੌਂ ਨਾਟਕ ਲਿਖ ਚੁੱਕੇ ਹਨ ਜਿਨਾਂ ਵਿੱਚੋਂ ਬੁੱਲਾ, ਜੁਗਨੀ, ਫੈਜ਼ ਸਮੇਂ ਸੇ ਪਰੇ ਤੇ ਆਜ ਕੀ ਉਮਰਾਓ ਜਾਨ, ਬੜੇ ਮਕਬੂਲ ਹੋਏ। ਉਨਾਂ ਨੇ ਇੱਛਾ ਜਾਹਿਰ ਕੀਤੀ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪੁੱਲ ਵਧੇਰੇ ਮਜਬੂਤ ਹੋਣੇ ਚਾਹੀਦੇ ਹਨ। ਇਸ ਲਈ ਮੈਂ ਵੀ ਤਨ, ਮਨ ਤੇ ਧਨ ਨਾਲ ਆਪਣਾ ਹਿੱਸਾ ਪਾ ਸਕਦਾ ਹਾਂ। ਹਕੀਕਤ ਵਿੱਚ ਮੈਂ ਉਰਦੂ ਨੂੰ ਘੱਟ ਅਤੇ ਪੰਜਾਬੀ ਨੂੰ ਜਿਆਦਾ ਵਿਕਸਿਤ ਹੋਣ ਦੇ ਹੱਕ ਵਿੱਚ ਹਾਂ। ਉਨਾਂ ਕਿਹਾ ਕਿ ਭਾਸ਼ਾਵਾਂ ਵਿਚਲੀਆਂ ਦੂਰੀਆਂ ਨੂੰ ਸਮਾਪਤ ਕਰਕੇ ਸਾਰੇ ਸੰਸਾਰ ਵਿੱਚ ਲਹਿੰਦੇ ਤੇ ਚੜਦੇ ਪੰਜਾਬ ਦਾ ਸਾਹਿਤ ਪੜਨ ਲਈ ਆਸਾਨੀ ਨਾਲ ਉਪਲਬਧ ਹੋਣਾ ਚਾਹੀਦਾ ਹੈ। ਇਸ ਕਾਰਜ ਲਈ ਪੁਰਾਤਨ ਕਿਤਾਬਾਂ ਨੂੰ ਉਲਥਾ ਕੇ ਤੇ ਡਿਜੀਟਲਾਈਜ ਕਰਕੇ ਪਾਠਕਾਂ ਤੱਕ ਪੁੱਜਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਨਾਂ ਲਈ ਮੈਂ ਮਾਇਕ ਸਹਾਇਤਾ ਕਰਨ ਲਈ ਤਿਆਰ ਹਾਂ।
ਉਹਨਾਂ ਕਿਹਾ ਕਿ ਚੜਦੇ ਅਤੇ ਲਹਿੰਦੇ ਪੰਜਾਬ ਦੇ ਨਾਟਕ ਵੀ ਇੱਕ ਦੂਸਰੇ ਪਾਸੇ ਖੇਡੇ ਜਾਣੇ ਚਾਹੀਦੇ ਹਨ ਤੇ ਸੱਭਿਆਚਾਰਕ ਅਦਾਨ ਪ੍ਰਦਾਨ ਹੋਣਾ ਚਾਹੀਦਾ ਹੈ।
ਉਨਾਂ ਨੇ ਇੱਥੋਂ ਦੇ ਨਾਟਕਕਾਰਾਂ ਨੂੰ ਆਪਣੇ ਡਰਾਮੇ ਲਾਹੌਰ ਵਿੱਚ ਖੇਡਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਸ ਕਾਰਜ ਲਈ ਉਹ ਹਰ ਤਰ੍ਹਾਂ ਦੀ ਇਮਦਾਦ ਕਰਨਗੇ। ਹਾਜਰੀਨਾ ਵੱਲੋਂ ਵੀਜ਼ਾ ਸਮੱਸਿਆ ਦਾ ਪ੍ਰਗਟਾਵਾ ਕਰਨ ਤੇ ਬੱਬਰ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਸਮੱਸਿਆ ਨੂੰ ਹੱਲ ਕਰਵਾਉਣ ਦਾ ਉਪਰਾਲਾ ਵੀ ਕਰਨਗੇ।
ਕੇਵਲ ਧਾਲੀਵਾਲ ਤੇ ਸੁਦੇਸ ਸ਼ਰਮਾ ਦੁਆਰਾ ਰਿਆਜ ਬੱਬਰ ਨੂੰ ਬੁੱਕੇ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲਾ ਭਾਸ਼ਾ ਅਫਸਰ, ਮੋਹਾਲੀ ਡਾਕਟਰ ਦਵਿੰਦਰ ਸਿੰਘ ਬੋਹਾ, ਸ਼ਬਦੀਸ਼, ਅਨੀਤਾ ਸ਼ਬਦੀਸ਼, ਦਵਿੰਦਰ ਦਮਨ, ਸ੍ਰੀਮਤੀ ਦਮਨ ਤੇ ਹੋਰ ਬੁੱਧੀਜੀਵੀਆਂ ਤੇ ਰੰਗ ਕਰਮੀਆਂ ਨੇ ਸਮਾਗਮ ਵਿੱਚ ਭਰਵੀਂ ਹਾਜਰੀ ਲਗਵਾਈ।
Leave a Comment
Your email address will not be published. Required fields are marked with *