![](https://i0.wp.com/worldpunjabitimes.com/wp-content/uploads/2023/12/9-9.jpg?resize=377%2C123&ssl=1)
ਫ਼ਰੀਦਕੋਟ ਦੀਆਂ ਜ਼ਿਲ੍ਹਾ ਕਚਹਿਰੀਆਂ ’ਚੋਂ ਅਸਤੀਫ਼ਾ ਦੇ ਕੇ ਮੈਂ ਵਿਹਲਾ ਸਾਂ। ਸਾਡੇ ਪਿੰਡ ਦੇ ਸ਼ਾਇਰ ਤਾਏ ਨਵਰਾਹੀ ਫੌਜਾ ਸਿੰਘ ਜੀ ਬਰਾੜ ਨੇ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਚਿੱਠੀ ਲਿਖੀ ਕਿ ਮੈਂ ਤੇ ਮੇਰਾ ਭਤੀਜਾ ਨਿੰਦਰ ਘੁਗਿਆਣਵੀ ਪਟਿਆਲੇ ਦਫ਼ਤਰ ਆਪ ਜੀ ਨੂੰ ਮਿਲਣਾ ਚਾਹੁੰਦੇ ਹਾਂ। ਕੱਕੜ ਜੀ ਨੇ ਨਵਰਾਹੀ ਤਾਏ ਦੀ ਚਿੱਠੀ ਦਾ ਉੱਤਰ ਦਿੰਦਿਆਂ ਸਾਨੂੰ ਚਿੱਠੀ ਲਿਖੀ ਤੇ ਮਿਲਣ ਦਾ ਵਕਤ ਦੇ ਦਿੱਤਾ। ਤਾਇਆ ਜੀ ਤੇ ਮੈਂ ਕੱਕੜ ਜੀ ਕੋਲ ਚਲੇ ਗਏ ਤੇ ਕੱਕੜ ਜੀ ਨੇ ਮੈਨੂੰ ਭਾਸ਼ਾ ਭਵਨ ਵਿਚ ਮਾਲੀ-ਕਮ-ਸੇਵਾਦਾਰ ਰੱਖ ਲਿਆ ਦਿਹਾੜੀਦਾਰ ਦੇ ਤੌਰ ’ਤੇ। ਉਸੇ ਦਿਨ ਹੀ ਪਟਿਆਲੇ ਦਫ਼ਤਰ ਦੇ ਮੁੱਖ ਵਰਾਂਡੇ ’ਚ ਡਾ. ਭਗਵੰਤ ਸਿੰਘ ਖਲੋਤਾ ਸੀ ਤੇ ਉਸਨੇ ਤਾਏ ਨਵਰਾਹੀ ਨੂੰ ਪਛਾਣ ਕੇ ਹਾਲ-ਚਾਲ ਪੁੱਛਿਆ। ਤਾਇਆ ਜੀ ਕਹਿਣ ਲੱਗੇ ਕਿ ਆਹ ਮੁੰਡਾ ਥੁਆਡੇ ਹਵਾਲੇ ਕਰ ਚੱਲੇ ਆਂ, ਏਥੇ ਰਹੂਗਾ… ਧਿਆਨ ਰੱਖਿਓ ਇਹਦਾ। ਤੇ ਉਸ ਦਿਨ ਤੋਂ ਮੈਂ ਡਾ. ਭਗਵੰਤ ਸਿੰਘ ਦਾ ਪਰਿਵਾਰਿਕ ਮੈਂਬਰ ਬਣ ਗਿਆ।
**
ਡਾ. ਭਗਵੰਤ ਸਿੰਘ ਨੂੰ ਮੇਰੇ ਉੱਤੇ ਤਰਸ ਆਉਾਂਦਾ,ਜਦ ਮੈਂ ਸਿਖ਼ਰ ਦੁਪਹਿਰੇ ਆ ਖਲੋਂਦਾ, ਫੁੱਲ ਬੂਟੇ ਗੋਡਦਾ ਤੇ ਕੂਲਰਾਂ ਵਿਚ ਪਾਣੀ ਭਰਦਾ, ਪਰ ਉਹਦੀ ਪੇਸ਼ ਨਾ ਕੋਈ ਜਾਂਦੀ। ਉਹ ਮੈਨੂੰ ਕੰਟੀਨ ਤੋਂ ਚਾਹ ਪਿਲਾ ਦਿੰਦਾ ਤੇ ਰੋਟੀ ਖਾਣ ਲਈ ਕੁਝ ਪੈਸੇ ਵੀ ਦਿੰਦਾ। ਮੈਡਮ ਹਰਜੀਤ ਕੌਰ ਉਦੋਂ ‘ਜਨ ਸਾਹਿਤ/ਪੰਜਾਬੀ ਦੁਨੀਆਂ’ ਦੇ ਸੰਪਾਦਕ ਅਤੇ ਭਗਵੰਤ ਸਿੰਘ ਸਹਿ-ਸੰਪਾਦਕ ਸਨ। ਉਨ੍ਹਾਂ ਨੂੰ ਭਗਵੰਤ ਨੇ ਮਿਲਵਾਇਆ ਤੇ ਕਿਹਾ ਕਿ ਮੈਡਮ ਇਸ ਦੀਆਂ ਲਿਖਤਾਂ ਆਪਾਂ ਛਾਪ ਦਿਆ ਕਰੀਏ, ਏਨੇ ਨਾਲ ਇਸ ਨੂੰ ਚਾਰ ਪੈਸੇ ਰਸਾਲੇ ਵਿਚ ਛਪਣ ਦੇ ਮਿਲ ਜਾਣਗੇ। ਮੈਨੂੰ ਇਨ੍ਹਾਂ ਨੇ ਪ੍ਰੇਰਨਾ ਦੇ ਕੇ ਪਹਿਲੀ ਰਚਨਾ ‘ਜਨ ਸਾਹਿਤ’ ਲਈ ਲਿਖਵਾਈ ‘ਪੜਦਾਦੇ ਦਾ ਦਰਵਾਜ਼ਾ’ ਛਪਣ ਉਪਰੰਤ ਡੇਢ ਸੌ ਰੁਪਈਆ ਮਿਲਿਆ। ਮੈਂ ਹਰ ਹਫ਼ਤੇ ਪਿੰਡ ਜਾਂਦਾ ਸੀ। ਆਥਣੇ ਭਗਵੰਤ ਸਿੰਘ ਪਟਿਆਲੇ ਦਫ਼ਤਰ ਬੰਦ ਹੋਣ ’ਤੇ ਬੱਸ ਰਾਹੀਂ ਸੰਗਰੂਰ ਕੋਲ ਆਪਣੇ ਪਿੰਡ ਜਾਂਦਾ ਤੇ ਸਵੇਰੇ ਆਉਾਂਦਾ।ਉਹ ਮੈਨੂੰ ਬੱਸ ਵਿਚ ਆਪਣੇ ਨਾਲ ਲੈ ਜਾਂਦਾ ਤੇ ਰਾਤ ਉਨ੍ਹਾਂ ਦੇ ਘਰ ਰਹਿਕੇ ਮੈਂ ਸਵੇਰੇ ਸੰਗਰੂਰ-ਫ਼ਰੀਦਕੋਟ ਨੂੰ ਜਾਣ ਵਾਲੀ ਬੱਸ ਲੈ ਲੈਂਦਾ। ਐਤਵਾਰ ਸ਼ਾਮੀ ਮੈਂ ਫਿਰ ਸੰਗਰੂਰ ਆ ਉਤਰਦਾ ਤਾਂ ਹਰੀ ਚਾਹ ਵਾਲੇ ਦੀ ਹੱਟੀ ਤੋਂ ਭਗਵੰਤ ਆਪਣੇ ਸਕੂਟਰ ਉੱਤੇ ਬਿਠਾਲ ਕੇ ਪਿੰਡ ਲੈ ਜਾਂਦਾ। ਹਰੀ ਦੀ ਦੁਕਾਨ ਉੱਤੇ ਹੀ ਆਥਣੇ ਡਾ. ਤੇਜਵੰਤ ਮਾਨ ਆ ਜਾਂਦੇ, ਚਾਹ ਦੇ ਕਈ-ਕਈ ਗਲਾਸ ਪੀਤੇ ਜਾਂਦੇ। ਕਦੀ ਗੁਰਮੇਲ ਮਡਹੜ ਪ੍ਰੋ. ਚਰਨਜੀਤ ਚੰਨੀ, ਪੱਤਰਕਾਰ ਗੁਰਮੇਲ ਗਿੱਲ ਵੀ ਆ ਜਾਂਦੇ ਸੀ ਤੇ ਕਦੀ ਜਸਬੀਰ ਸਿੰਘ ਜੀ (ਸਾਬਕਾ ਮੰਤਰੀ) ਵੀ ਆ ਬੈਠਦੇ ਤੇ ਸਾਹਿਤ ਰਾਜਨੀਤੀ ਤੇ ਵੱਖ-ਵੱਖ ਵਿਸ਼ਿਆਂ ਉੱਤੇ ਭਖਵੀਂ ਤੇ ਉਸਾਰੂ ਬਹਿਸ ਹੁੰਦੀ ਰਹਿੰਦੀ। ਸਵੇਰੇ ਭਗਵੰਤ ਸਿੰਘ ਨਾਲ ਮੈਂ ਦਫ਼ਤਰ ਚਲਿਆ ਜਾਂਦਾ। ਉਹੀ ਮੇਰਾ ਹਰ ਥਾਂ ਕਿਰਾਇਆ ਖਰਚਦਾ। ਭਗਵੰਤ ਦੀ ਮਾਤਾ ਤੇ ਪਿਤਾ ਨਾਲ ਮੈਂ ਗੱਲ ਕਰਦਾ। ਉਹ ਬੜੇ ਹੀ ਮਿਲਾਪੜੇ, ਸਾਊ ਤੇ ਸਾਦੇ ਸੁਭਾਉ ਦੇ ਮਾਲਕ ਸਨ। ਭੈਣ ਜੀ ਸਾਰੇ ਟੱਬਰ ਦੀਆਂ ਰੋਟੀਆਂ ਲਾਹੁੰਦੀ। ਸੰਨੀ ਬੇਟਾ ਨਿੱਕਾ ਸੀ। ਮੈਂ ਉਸ ਨਾਲ ਖੇਡਦਾ ਤੇ ਭਗਵੰਤ ਦਾ ਭਤੀਜਾ ਅਵਤਾਰ ਵੀ ਕੋਲ ਖੇਡਦਾ, ਹੁਣ ਉਹ ਚੰਗਾ ਗਾਇਕ ਬਣ ਗਿਆ ਹੈ, ਸੰਨੀ ਵੀ ਪੜ੍ਹ-ਲਿਖਕੇ ਵਿਆਹ ਕਰਵਾਕੇ ਬੱਚੇ ਦਾ ਪਿਤਾ ਹੈ।
**
ਸਮਾਂ ਬੜੀ ਤੇਜ਼ੀ ਨਾਲ ਵਗਿਆ ਦਰਿਆ ਵਾਂਗਰ, ਚੇਤਿਆਂ ਦੀ ਚੰਗੇਰ ਵਿਚ ਦੁਪਹਿਰ ਖਿੜੀ ਦੀਆਂ ਲਗਰਾਂ ਤੇ ਫੁੱਲ ਹਾਲੇ ਵੀ ਟਹਿਕ ਰਹੇ ਨੇ। ਅਜੀਤ ਸਿੰਘ ਕੱਕੜ ਨੇ ਡਾਇਰੈਕਟਰ ਹੁੰਦਿਆਂ ਮੈਨੂੰ ਐਡਹਾਕ ਉੱਤੇ ਕਰ ਦਿੱਤਾ, ਇਹਦੇ ਪਿੱਛੇ ਵੀ ਡਾ. ਭਗਵੰਤ ਸਿੰਘ ਤੇ ਉਨ੍ਹਾਂ ਦੇ ਰਿਸ਼ਤੇਦਾਰ ਐਡੀਸ਼ਨਲ ਡਾਇਰੈਕਟਰ (ਬਾਅਦ ਵਿਚ ਡਾਇਰੈਕਟਰ) ਡਾ. ਰਛਪਾਲ ਸਿੰਘ ਗਿੱਲ ਦਾ ਵੱਡਾ ਹੱਥ ਸੀ। ਕੱਕੜ ਜੀ ਸੇਵਾ-ਮੁਕਤ ਹੋ ਗਏ। ਹਸੀਜਾ ਜੀ ਡਾਇਰੈਕਟਰ ਬਣ ਗਏ ਤੇ ਉਨ੍ਹਾਂ ਕੱਕੜ ਜੀ ਦੇ ਟੋਲੇ ਨਾਲ ‘ਖ਼ਾਰ’ ਖਾਂਦਿਆਂ ਮੈਨੂੰ ਫਿਰ ਐਡਹਾਕ ਤੋਂ ਦਿਹਾੜੀਦਾਰ ਕਰ ਦਿੱਤਾ। ਡਾ. ਤੇਜਵੰਤ ਮਾਨ ਨੇ ਰੋਸ ਵਜੋਂ ਹਸੀਜਾ ਜੀ ਵਿਰੁੱਧ ਸੰਘਰਸ਼ ਛੇੜ ਦਿੱਤਾ। ਬੜਾ ਕੁਝ ਹੋਇਆ, ਇੱਥੇ ਵੇਰਵੇ ਦੇਣ ਤੋਂ ਗੁਰੇਜ਼ ਕਰਾਂ ਤੇ ਗੱਲ ਭਗਵੰਤ ਸਿੰਘ ਮੰਗਵਾਲ ਦੀ ਹੀ ਕਰਾਂ। ਭਗਵੰਤ ਜੀ ਨੂੰ ਵੀ ਮੇਰੇ ਪਿੱਛੇ ਖ਼ਾਸਾ ਜੋਖ਼ਮ ਉਠਾਉਣਾ ਪਿਆ।
**
ਜਦੋਂ ਮੈਂ ਭਾਸ਼ਾ ਵਿਭਾਗ ਤੋਂ ਜ਼ਲੀਲ ਹੋ ਕੇ ਨਿਕਲਿਆ ਸੀ ਤੇ ਘਰ ਨੂੰ ਜਾਣ ਲਈ ਬੈਗ ’ਚ ਲੀੜੇ ਪਾਈ ਖਲੋਤਾ ਸੀ ਤਾਂ ਭਗਵੰਤ ਬਾਈ ਦੀਆਂ ਅੱਖਾਂ ਨਮ ਸਨ। ਉਹ ਬੜਾ ਭਾਵੁਕ ਸੁਭਾਓ ਦਾ ਬਚਪਨ ਤੋਂ ਹੈ। ਇਸੇ ਲਈ ਉਹਦੀ ਯਾਰੀ ਡਾ. ਤੇਜਵੰਤ ਮਾਨ ਵਰਗੇ ਚਿੰਤਕ ਵਿਦਵਾਨ ਦੇ ਨਾਲ ਕਈ ਸੂਫ਼ੀਆਂ, ਸਾਧਾਂ, ਦਾਰਸ਼ਨਿਕਾਂ ਨਾਲ ਵੀ ਹੈ। ਉਹ ਹਰ ਕਿਸੇ ਦਾ ਬਣ ਬਹਿੰਦਾ ਹੈ ਤੇ ਹਰ ਕਿਸੇ ਨੂੰ ਆਪਣਾ ਬਣਾ ਲੈਂਦਾ ਹੈ। ਸੰਨ 1999 ਸੀ। ਮੇਰੀ ਕਿਤਾਬ ਛਪੀ ਸ਼੍ਰੋਮਣੀ ਕਵੀਸਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ : ਜੀਵਨ ਤੇ ਕਲਾ’। ਭਗਵੰਤ ਬੜਾ ਪ੍ਰਸੰਨ। ਉਹਨੇ ਆਪਣੇ ਪਿੰਡ ਦੀ ਸਾਹਿਤ ਸਭਾ ਮੰਗਵਾਲ ਵੱਲੋਂ ਸੰਗਰੂਰ ਦੇ ਪੰਚਾਇਤ ਭਵਨ ਵਿਚ ਇਕ ਵੱਡਾ ਸਮਾਗਮ ਕੀਤਾ। ਡਾ. ਤੇਜਵੰਤ ਮਾਨ, ਜਸਬੀਰ ਸਿੰਘ, ਗਿਆਨੀ ਨਰਿੰਦਰ ਸਿੰਘ, ਜਗਦੀਪ ਸਿੰਘ ਗੰਧਾਰਾ, ਪ੍ਰੋ. ਚਰਨਜੀਤ ਚੰਨੀ ਅਤੇ ਸਵਾਮੀ ਜੀ ਨੇ ਬੜਾ ਸਹਿਯੋਗ ਦਿੱਤਾ। ਬਾਪੂ ਪਾਰਸ, ਬੀਬੀ ਪਾਰਸ ਰਾਮੂਵਾਲੀਆ ਪਰਿਵਾਰ, ਹਰਭਜਨ ਮਾਨ, ਜਤਿੰਦਰ ਪਨੂੰ, ਹਰਭਜਨ ਸਿੰਘ ਬਟਾਲਵੀ, ਬਾਪੂ ਜੱਸੋਵਾਲ, ਕੁਲਦੀਪ ਸਿੰਘ ਬੇਦੀ ਵੱਡੀਆਂ-ਵੱਡੀਆਂ ਹਸਤੀਆਂ ਦੂਰੋਂ-ਦੂਰੋਂ ਸੰਗਰੂਰ ਪਧਾਰੀਆਂ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਸਿਰਮੌਰ ਸਾਹਿਤਕਾਰ ਸੰਤੋਖ ਸਿੰਘ ਧੀਰ ਜੀ ਨੇ ਕੀਤੀ। ਬੜਾ ਸਫ਼ਲ ਸਮਾਗਮ ਹੋਇਆ। ਮੇਰਾ ਬੜਾ ਹੀ ਹੌਸਲਾ ਵਧਿਆ। ਉਸ ਬਾਅਦ ਤਾਂ ਮੇਰੇ ਸਮਾਰੋਹ ਹੁੰਦੇ ਹੀ ਗਏ ਬਸ…।
ਡਾ. ਭਗਵੰਤ ਹੁਰਾਂ ਆਪਣੇ ਸਾਥੀਆਂ ਨਾਲ ਮਿਲਕੇ ਮਾਲਵਾ ਰਿਸਰਚ ਸੈਂਟਰ ਦੀ ਸਥਾਪਨਾ ਕੀਤੀ ਤੇ ਮੈਨੂੰ ‘ਸਾਹਿਤ ਰਤਨ’ ਪੁਰਸਕਾਰ ਪ੍ਰਦਾਨ ਕਰਿਆ ਤੇ ਉਸੇ ਭਾਸ਼ਾ ਭਵਨ ਵਿਚ ਪਟਿਆਲੇ ਜਿੱਥੋਂ ਮਾਲੀ ਦੀ ਨੌਕਰੀ ਤੋਂ ਕੱਢਿਆ ਗਿਆ ਸੀ। ਵੱਡੇ-ਵੱਡੇ ਲੋਕ ਆਏ। ਮੇਰਾ ਹੌਸਲਾ ਹੋਰ ਵਧਿਆ। ਫਿਰ ਤਾਂ ਮੇਰੇ ਮਾਣ-ਸਨਮਾਨ ਕਰਨ ਵਾਲੇ ਲੋਕ ਵਧਦੇ ਹੀ ਗਏ। ਭਗਵੰਤ ਹੁਰਾਂ ਭੁੱਲੇ ਵਿੱਸਰੇ ਲੇਖਕਾਂ ਨੂੰ ਲੱਭ-ਲੱਭ ਕੇ ਸਨਮਾਨਿਆ। ਬਥੇਰੇ ਲੋਕਾਂ ਦੀਆਂ ਕਿਤਾਬਾਂ ਰਿਲੀਜ਼ ਕਰਵਾਈਆਂ। ਅਣਗਿਣਤ ਖੋਜ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਤੇ ਸਹਾਇਤਾ ਕੀਤੀ, ਜੋ ਹੁਣ ਵੀ ਜਾਰੀ ਹੈ। ਆਰਥਿਕ ਲੋੜਵੰਦਾਂ ਦੀ ਕੋਲੋਂ ਮਦਦ ਕੀਤੀ ਤੇ ਕਰਦੇ ਚਲੇ ਆ ਰਹੇ ਨੇ।
**
ਮੈਂ ਜਦ ਵੀ ਮੰਗਵਾਲ ਵੱਲੋਂ ਦੀ ਸੰਗਰੂਰ ਲੰਘਦਾ ਹਾਂ ਬੜਾ ਦਿਲ ਕਰਦੈ ਕਿ ਮੈਂ ਡਾ. ਭਗਵੰਤ ਹੁਰਾਂ ਦੇ ਘਰ ਜਾਵਾਂ। ਬਾਹਰ ਸਮਾਰੋਹਾਂ ਉੱਤੇ ਤਾਂ ਮਿਲਦੇ ਰਹੀਦਾ ਹੈ। ਫ਼ੋਨ ’ਤੇ ਮੈਸਿਜ਼ ਉੱਤੇ ਗੱਲ ਹੁੰਦੀ ਰਹਿੰਦੀ ਹੈ। ਪਰ ਉਸ ਸਾਦੇ ਛੋਟੇ ਪਰ ਖੁੱਲ੍ਹੇ ਦਿਲਾਂ ਵਾਲੇ ਪਰਿਵਾਰ ਵਿਚ ਬਿਤਾਏ ਉਹ ਪਲ ਅਭੁੱਲ ਹਨ। ਸਮਾਂ ਸਭਨਾਂ ਦੇ ਪੈਰ ਬੰਨੀ ਖੜ੍ਹਾ ਹੈ। ਹਿੱਲਣ ਨਹੀਂ ਦਿੰਦਾ ਟੁੱਟ ਪੈਣਾ ਸਮਾਂ। ਜਦੋਂ ਭਗਵੰਤ ਸਿੰਘ ਭਾਸ਼ਾ ਵਿਭਾਗ ਵਿੱਚੋਂ ਸੇਵਾ-ਮੁਕਤ ਹੋਏ ਤਾਂ ਮੈਂ ਆਖਿਆ ਕਿ ਹੁਣ ਪਿੰਡ ਦਾ ਨਾਂ ਆਪਣੇ ਨਾਂ ਨਾਲ ਲਾ ਕੇ ਪਿੰਡ ਮਸ਼ਹੂਰ ਕਰ ਦਿਓ। ਭਾਵੇਂ ਢੀਂਡਸਾ ਜੀ ਦੇ ਸੌਹਰਿਆਂ ਦਾ ਪਿੰਡ ਹੈ ਮੰਗਵਾਲ ਪਰ ਲੇਖਕ ਤੇ ਸਿਆਸਤਦਾਨ ਦੀ ਥਾਂ ਆਪੋ-ਆਪਣੀ ਹੈ। ਪਹਿਲਾਂ ਉਹ ਆਪਣੇ ਲੇਖਾਂ ਹੇਠਾਂ ਸਿਰਫ਼ ‘ਡਾ. ਭਗਵੰਤ ਸਿੰਘ’ ਲਿਖਦੇ ਸੀ ਤੇ ਫਿਰ ‘ਡਾ. ਭਗਵੰਤ ਸਿੰਘ ਮੰਗਵਾਲ’ ਲਿਖਕੇ ਪਿੰਡ ਦੀ ਇੱਜ਼ਤ ਮਾਣ ਵਿਚ ਚੋਖਾ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਲਿਖਤਾਂ ਬਾਰੇ ਵੀ ਇਉਂ ਦੱਸਣਾ ਬੜਾ ਲਾਜ਼ਮੀ ਹੈ। ਡਾ. ਭਗਵੰਤ ਅੱਧੀ ਦਰਜਨ ਤੋਂ ਵਧੇਰੇ ਸਾਹਿਤਕ ਸਭਾਵਾਂ ਤੇ ਮੰਚਾਂ ਦੇ ਅਹੁਦੇਦਾਰ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਦੇ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ, ਗੁਰਮਤਿ ਲੋਕਧਾਰਾ ਵਿਚਾਰ ਮੰਚ ਤੇ ਮਾਲਵਾ ਰਿਸਰਚ ਸੈਂਟਰ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਹਨ। ਪਿਛਲੇ 15 ਸਾਲਾਂ ਤੋਂ ਮਿਆਰੀ ਸਾਹਿਤਕ ਰਸਾਲਾ ‘ਜਾਗੋ ਇੰਟਰਨੈਸ਼ਨਲ’ ਨਿਰੰਤਰ ਕੱਢ ਰਹੇ ਹਨ। ਪਿਛਲੇ ਸਾਲਾਂ ਤੋਂ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਰਾਹੀਂ ਪੰਜਾਬੀ ਸਾਹਿਤ ਭਾਸ਼ਾ, ਸਭਿਆਚਾਰ ਬਾਰੇ ਬਹੁਤ ਹੀ ਗੰਭੀਰ ਸੈਮੀਨਾਰ ਨਿਰੰਤਰ ਕਰਾ ਰਹੇ ਹਨ। ਪੰਜਾਬ ਦੇ ਪਰਵਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਠੋਸ ਪਹਿਲ ਕਦਮੀਆਂ ਕੀਤੀਆਂ। ਕੈਨੇਡਾ ਵਰਗੇ ਮੁਲਕਾਂ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਖੋਜ ਪੇਪਰ ਪੜ੍ਹ ਆਏ ਹਨ। ਪਾਕਿਸਤਾਨ ਦੀ ਫੇਰੀ ਦੌਰਾਨ ਉਚ ਅਕਾਦਮਿਕ ਹਸਤੀਆਂ ਨੂੰ ਮਿਲੇ ਅਤੇ ਅਨੇਕਾਂ ਸੰਸਥਾਵਾਂ ਦਾ ਭ੍ਰਮਣ ਕੀਤਾ। ਉਨ੍ਹਾਂ ਦੀਆਂ 16 ਖੋਜ ਭਰਪੂਰ ਪੁਸਤਕਾਂ ਦੀ ਗੱਲ ਕਰਾਂ ਤਾਂ ‘ਪਿਆਰਾ ਸਿੰਘ ਸਹਿਰਾਈ ਦਾ ਕਾਵਿ ਲੋਕ-ਇਕ ਆਲੋਚਨਾਤਮਿਕ ਅਧਿਐਨ’ ਤੋਂ ਲੈਕੇ ਗੁਰਦੇਵ ਸਿੰਘ ਮਾਨ ਸ਼੍ਰੋਮਣੀ ਗੀਤਕਾਰ, ਗਿੱਲ ਮੋਰਾਂਵਾਲੀ, ਸ਼ੇਰ ਸਿੰਘ ਕੰਵਲ, ਸੁਰਜੀਤ ਸਿੰਘ ਪੰਛੀ, ਕਰਤਾਰ ਸਿੰਘ ਧਾਲੀਵਾਲ, ਮੱਲ ਸਿੰਘ ਰਾਮਪੂਰੀ ਆਦਿ ਲੇਖਕਾਂ ਦੇ ਜੀਵਨ ਤੇ ਰਚਨਾ ਬਾਰੇ ਪੂਰਨ ਖੋਜ ਭਰਪੂਰ ਕਿਤਾਬਾਂ ਲਿਖੀਆਂ। ਇੰਨਾਂ ਤੋਂ ਇਲਾਵਾ ਆਪ ਨੇ ‘ਸ਼ਬਦ ਟਕਸਾਲ’, ਮਹਾਰਾਜਾ ਰਣਜੀਤ ਸਿੰਘ, ਸ੍ਰੀ ਗੁਰੂ ਅਮਰਦਾਸ ਜੀਵਨ ਤੇ ਰਚਨਾ, ਪੰਜਾਬੀ ਭਾਸ਼ਾ, ਸੂਫ਼ੀ ਰਹੱਸ ਅਨੁਭੂਤੀ, ਪੀਲੂ ਦਾ ਮਿਰਜਾ ਸਾਹਿਬਾ ਤੇ ਹੋਰ ਰਚਨਾ, ਤੂੰ ਸੰਪੂਰਣ ਹੈਂ (ਅਨੁਵਾਦ) ਸਾਡੇ ਇਤਿਹਾਸਕ ਸਮਾਰਕ (ਅਨੁਵਾਦ) ਪੁਸਤਕਾਂ ਸਾਹਿਤ ਜਗਤ ਨੂੰ ਭੇਟ ਕੀਤੀਆਂ ਹਨ। ‘ਜਾਗੋ ਇੰਟਰਨੈਸ਼ਨਲ’ ਦੇ ਕਈ ਅੰਕ ਵੱਡੀਆਂ-ਵੱਡੀਆਂ ਹਸਤੀਆਂ ਬਾਰੇ ਪ੍ਰਕਾਸ਼ਿਤ ਕੀਤੇ, ਜਿਨ੍ਹਾਂ ’ਚੋਂ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਬਾਰੇ ਕੱਢਿਆ ਅੰਕ ਇਕ ਮਿਸਾਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਉੱਤੇ ਖੋਜ ਭਰਪੂਰ ਅੰਕ ਕੱਢਿਆ। ਪਤਨੀ ਡਾ. ਰਮਿੰਦਰ ਕੌਰ ਨੇ ਵੀ 9 ਪੁਸਤਕਾਂ ਸਾਹਿਤ ਆਲੋਚਨਾ ਨਾਲ ਸੰਬੰਧਿਤ ਲਿਖੀਆਂ, ਜੋ ਤੀਹ ਸਾਲਾਂ ਤੋਂ ਅਕਾਲ ਡਿਗਰੀ ਕਾਲਜ ਸੰਗਰੂਰ ਫ਼ਾਰ ਵੁਮੈਨ ਵਿਚ ਪੜ੍ਹਾ ਰਹੇ ਹਨ। ਡਾ. ਸਾਹਿਬ ਹੁਰਾਂ ਦਾ ਬੇਟਾ ਸੰਦੀਪ ਸਿੰਘ MBA, ਡਿਪਲੋਮਾ, ਸੋਸ਼ਲ ਇੰਪੈਕਟ ਅਸੈਸਮੈਂਟ ਉਪਰੰਤ ਅਨੇਕਾਂ ਪ੍ਰੋਜੈਕਟਾਂ ’ਤੇ ਕੰਮ ਕਰਨ ਦੇ ਨਾਲ ਆਪਣਾ ਖੋਜ ਕਾਰਜ ਕਰ ਰਿਹਾ ਹੈ। ਨੂੰਹ ਰਾਣੀ ਰਛਪਾਲ ਕੌਰ ਵੀ ਪਟਿਆਲਾ ਯੂਨੀਵਰਸਿਟੀ ਤੋਂ ਪੀ-ਐਚ. ਡੀ. ਕਰ ਰਹੀ ਹੈ। ਪੋਤਾ ਅਮਿਤੋਜ ਸਿੰਘ ਸਕੂਲ ਜਾਂਦਾ ਹੈ। ਕੁੱਲ ਮਿਲਾ ਕੇ ਇਨ੍ਹਾਂ ਦਾ ਸਮੁੱਚਾ ਪਰਿਵਾਰ ਵਿੱਦਿਆ, ਸਾਹਿਤ, ਸਮਾਜ ਸੇਵਾ ਨੂੰ ਸਮਰਪਿਤ ਹੈ।
ਮੈਨੂੰ ਮਾਣ ਹੈ ਕਿ ਇਸ ਪਰਿਵਾਰ ਦੀ ਮੇਰੇ ਨਾਲ ਉਨ੍ਹਾਂ ਵੇਲਿਆਂ ਦੀ ਸਾਂਝ ਹੈ ਜਦੋਂ ਮੈਨੂੰ ਕੋਈ ਖਾਸ ਲੋਕ ਨਹੀਂ ਸਨ ਜਾਣਦੇ ਤੇ ਇਹ ਹਰ ਥਾਂ ਮੇਰੇ ਨਾਲ ਖੜ੍ਹਦੇ ਸਨ ਤੇ ਨਾਲ ਖੜ੍ਹਾਉਾਂਦੇ ਨ। ਅੱਜ ਸਬੱਬੀ ਪੁਰਾਣੇ ਵਰਕੇ ਫੋੋਲਦਿਆਂ ਇਨ੍ਹਾਂ ਵਰਕਿਆਂ ਉੱਤੇ ਯਾਦਾਂ ਦੇ ਅੱਖਰ ਸ਼ਬਦ ਬਣ ਗਏ ਹਨ।
ਨਿੰਦਰ ਘੁਗਿਆਣਵੀ
ਮਹਾਤਮਾ ਗਾਂਧੀ, ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ,
ਵਰਧਾ, ਮਹਾਂਰਾਸ਼ਟਰ
ਮੋ.: 94174-21700
Leave a Comment
Your email address will not be published. Required fields are marked with *