ਸਰਦੀਆਂ ਸ਼ੁਰੂ ਹੋ ਗਈਆਂ ਸਨ। ‘”ਪਾਪਾ, ਮੈਨੂੰ ਨੀਲੇ ਰੰਗ ਦਾ ਸਵੈਟਰ ਚਾਹੀਦਾ ਹੈ।” ਸੇਤੂ ਨੇ ਆਪਣਾ ਭਾਰੀ ਬਸਤਾ ਮੋਢੇ ਤੇ ਟੰਗਦਿਆਂ ਕਿਹਾ। ਪਾਪਾ ਬੋਲੇ, “ਪਰ ਬੇਟੇ, ਤੇਰੇ ਕੋਲ ਤਾਂ ਬਹੁਤ ਸਵੈਟਰ ਹਨ! ਫਿਰ ਨਵਾਂ ਲੈ ਕੇ ਕਰੇਂਗਾ?” “ਨਹੀਂ ਪਾਪਾ, ਮੈਨੂੰ ਚਾਹੀਦਾ ਹੈ।” “ਅੱਛਾ ਠੀਕ ਹੈ। ਇਸ ਮਹੀਨੇ ਤਨਖਾਹ ਮਿਲਣ ਤੇ ਲੈ ਦੇਵਾਂਗਾ। ਹੁਣ ਤੂੰ ਸਕੂਲ ਜਾਹ।”
ਸੇਤੂ ਸਕੂਲ ਚਲਾ ਗਿਆ। ਪਰ ਉਹਦੇ ਪਾਪਾ ਸੋਚਣ ਲੱਗੇ ਕਿ ਇਹਦੇ ਕੋਲ ਤਾਂ ਕਾਫੀ ਸਵੈਟਰ ਹਨ ਅਤੇ ਉਹ ਇਉਂ ਕਦੇ ਕਿਸੇ ਚੀਜ਼ ਦੇ ਹੁੰਦਿਆਂ ਲਿਆਉਣ ਦੀ ਜ਼ਿਦ ਨਹੀਂ ਕਰਦਾ। ਉੱਤੋਂ ਨੀਲਾ ਰੰਗ ਤਾਂ ਉਹਨੂੰ ਬਿਲਕੁਲ ਪਸੰਦ ਨਹੀਂ। ਉਸ ਦਿਨ ਦੁਕਾਨਦਾਰ ਕੋਲ ਨੀਲੇ ਰੰਗ ਦੀ ਹੀ ਟੋਪੀ ਸੀ। ਨੀਲੇ ਰੰਗ ਦੀ ਟੋਪੀ ਲੈਣ ਨਾਲੋਂ ਉਹਨੇ ਨਾ ਲੈਣਾ ਹੀ ਬਿਹਤਰ ਸਮਝਿਆ। ਪਰ ਹੁਣ ਉਹ ਅਜਿਹਾ ਕਿਉਂ ਕਰ ਰਿਹਾ ਹੈ? ਮਹੀਨਾ ਬੀਤਣ ਤੇ ਆਇਆ ਤਾਂ ਸੇਤੂ ਨੇ ਆਪਣੇ ਪਾਪਾ ਨੂੰ ਨੀਲੇ ਰੰਗ ਦਾ ਸਵੈਟਰ ਲੈਣ ਨੂੰ ਫੇਰ ਕਿਹਾ। ਉਹਦੇ ਪਾਪਾ ਬਜ਼ਾਰ ਜਾ ਕੇ ਨੀਲੇ ਰੰਗ ਦਾ ਸਵੈਟਰ ਲੈ ਆਏ। ਉਹ ਖੁਸ਼ੀ ਨਾਲ ਉੱਛਲਦਾ ਉਹਨੂੰ ਪਹਿਨ ਕੇ ਸਕੂਲ ਜਾ ਹੀ ਰਿਹਾ ਸੀ ਕਿ ਉਹਦੇ ਪਾਪਾ ਦੀ ਨਜ਼ਰ ਉਸ ਸਵੈਟਰ ਤੇ ਗਈ ਜੋ ਉਹਨੇ ਨੀਲੇ ਰੰਗ ਦੇ ਹੇਠਾਂ ਲਾਲ ਰੰਗ ਦਾ ਸਵੈਟਰ ਪਹਿਨਿਆ ਹੋਇਆ ਸੀ। ਪਰ ਉਹ ਕੁਝ ਨਹੀਂ ਬੋਲੇ।
ਸੇਤੂ ਦੇ ਸਕੂਲ ਜਾਣ ਪਿੱਛੋਂ ਕੁਝ ਚਿਰ ਬਾਦ ਹੀ ਉਹ ਖੁਦ ਉਹਦੇ ਸਕੂਲ ਪਹੁੰਚ ਗਏ। ਉਨ੍ਹਾਂ ਨੂੰ ਸਕੂਲ ਜਾ ਕੇ ਪਤਾ ਲੱਗਿਆ ਕਿ ਸੇਤੂ ਤਾਂ ਅੱਜ ਸਕੂਲ ਆਇਆ ਹੀ ਨਹੀਂ। ਹੁਣ ਪਾਪਾ ਨੂੰ ਉਹਦੀ ਚਿੰਤਾ ਹੋਈ। ਉਹ ਉਹਨੂੰ ਲੱਭਣ ਲਈ ਲੋਕਾਂ ਤੋਂ ਉਹਦੇ ਬਾਰੇ ਪੁੱਛਦੇ ਹੋਏ ਝੌਂਪੜ-ਪੱਟੀ ਵਾਲੇ ਘਰਾਂ ਵਿੱਚ ਪਹੁੰਚ ਗਏ। ਉਨ੍ਹਾਂ ਨੇ ਉੱਥੇ ਕਿਸੇ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਉੱਥੇ ਉਹਦਾ ਕੋਈ ਦੋਸਤ ਰਹਿੰਦਾ ਹੈ। ਦੋਸਤ ਨੂੰ ਬੁਖਾਰ ਸੀ ਅਤੇ ਉਹ ਉਹਨੂੰ ਉਹਦਾ ਪਸੰਦੀਦਾ ਰੰਗ ਦਾ ਸਵੈਟਰ ਦੇਣ ਆਇਆ ਹੈ। ਇਹ ਸੁਣ ਕੇ ਸੇਤੂ ਦੇ ਪਾਪਾ ਕੁਝ ਨਹੀਂ ਬੋਲੇ ਅਤੇ ਉੱਥੋਂ ਵਾਪਸ ਆ ਗਏ।
ਉਸੇ ਸ਼ਾਮ ਜਦੋਂ ਸੇਤੂ ਘਰੇ ਆਇਆ ਤਾਂ ਪਾਪਾ ਨੇ ਉਸ ਤੋਂ ਪੁੱਛਿਆ, “ਬੇਟਾ, ਸਕੂਲ ਵਿੱਚ ਸਭ ਠੀਕ ਚੱਲ ਰਿਹਾ ਹੈ ਨਾ!” ਸੇਤੂ ਪੂਰੇ ਵਿਸ਼ਵਾਸ ਨਾਲ ਬੋਲਿਆ, “ਹਾਂ ਹਾਂ ਪਾਪਾ, ਬਹੁਤ ਵਧੀਆ ਚੱਲ ਰਿਹਾ ਹੈ।” “ਤੇ ਅੱਜ ਕੀ ਪੜ੍ਹ ਕੇ ਆਇਆ ਹੈਂ?” ਸੇਤੂ ਨੇ ਉਸੇ ਵਿਸ਼ਵਾਸ ਨਾਲ ਵਿਸ਼ਿਆਂ ਦੇ ਕੁਝ ਪਾਠਾਂ ਬਾਰੇ ਦੱਸ ਦਿੱਤਾ। “ਅੱਛਾ, ਪਰ ਤੇਰਾ ਉਹ ਨੀਲਾ ਸਵੈਟਰ ਕਿੱਥੇ ਹੈ?” “ਪਾਪਾ, ਉਹ ਮੈਨੂੰ ਗਰਮੀ ਲਗ ਰਹੀ ਸੀ ਤਾਂ ਮੈਂ ਉਹ ਸਕੂਲ ਵਿੱਚ ਲਾਹ ਕੇ ਰੱਖ ਦਿੱਤਾ ਸੀ, ਆਉਂਦੇ ਸਮੇਂ ਮੈਂ ਓਥੇ ਹੀ ਭੁੱਲ ਆਇਆ। ਕੱਲ੍ਹ ਲੈ ਆਵਾਂਗਾ।”
“ਅੱਛਾ, ਪਰ ਮੈਂ ਤੈਨੂੰ ਦੱਸਾਂ ਕਿ ਤੇਰਾ ਨੀਲਾ ਸਵੈਟਰ ਕਿੱਥੇ ਹੈ?” ਇਹ ਸੁਣਦੇ ਹੀ ਸੇਤੂ ਦਾ ਚਿਹਰਾ ਪੀਲਾ ਪੈ ਗਿਆ ਅਤੇ ਉਹਦੇ ਪਾਪਾ ਨੇ ਉਹਦੇ ਦੋਸਤ ਨੂੰ ਉਹੀ ਨੀਲਾ ਸਵੈਟਰ ਪਹਿਨੇ ਹੋਏ ਉਹਦੇ ਮੂਹਰੇ ਲਿਆ ਕੇ ਖੜ੍ਹਾ ਕਰ ਦਿੱਤਾ। ਹੁਣ ਸੇਤੂ ਕੁਝ ਨਹੀਂ ਕਹਿ ਸਕਿਆ, ਬਸ ਚੁੱਪ ਰਿਹਾ। ਪਰ ਕੁਝ ਚਿਰ ਪਿੱਛੋਂ ਬੋਲਿਆ, “ਪਾਪਾ, ਉਹ ਕੁਸ਼ਲ ਰੋਜ਼ ਸਕੂਲ ਵਿੱਚ ਆਪਣੀ ਮਾਂ ਦੇ ਹੱਥ ਦਾ ਬਣਿਆ ਖਾਣਾ ਲੈ ਕੇ ਆਉਂਦਾ ਸੀ। ਇੱਕ ਦਿਨ ਮੈਂ ਉਹਨੂੰ ਕਹਿ ਦਿੱਤਾ – “ਕੁਸ਼ਲ, ਮੈਨੂੰ ਵੀ ਦੇ ਦੇਹ ਆਪਣੀ ਮਾਂ ਦੇ ਹੱਥ ਦਾ ਬਣਿਆ ਖਾਣਾ। ਮੈਨੂੰ ਨਹੀਂ ਪਤਾ ਕਿ ਮਾਂ ਦੇ ਹੱਥ ਦ ਬਣਿਆ ਖਾਣਾ ਕੈਸਾ ਹੁੰਦਾ ਹੈ ਕਿਉਂਕਿ ਮੈਂ ਕਦੇ ਖਾਧਾ ਹੀ ਨਹੀਂ। ਮੇਰੀ ਮਾਂ ਨਹੀਂ ਹੈ ਨਾ ਇਸਲਈ!…”
ਇਹ ਸੁਣਦੇ ਹੀ ਪਾਪਾ ਦੀਆਂ ਅੱਖਾਂ ਭਰ ਆਈਆਂ। ਉਹਦੀ ਮਾਂ ਤਾਂ ਉਹਨੂੰ ਜਨਮ ਦਿੰਦੇ ਹੀ ਇਸ ਦੁਨੀਆਂ ਤੋਂ ਚਲੀ ਗਈ ਸੀ। ਅਤੇ ਜੀਹਦੀ ਮਾਂ ਨਹੀਂ ਹੁੰਦੀ ਉਹਦੀ ਕਮੀ ਉਹੀ ਦੱਸ ਸਕਦਾ ਹੈ। ਮਾਂ ਨਾ ਹੋਣ ਤੇ ਅਸੀਂ ਕਿੰਨੇ ਸੁਖਾਂ ਤੋਂ ਵਾਂਝੇ ਰਹਿ ਜਾਂਦੇ ਹਾਂ।
“…ਉਸ ਪਿੱਛੋਂ ਉਹ ਮੇਰੇ ਲਈ ਰੋਜ਼ ਆਪਣੀ ਮਾਂ ਦੇ ਹੱਥ ਦਾ ਬਣਿਆ ਖਾਣਾ ਲੈ ਕੇ ਆਉਂਦਾ ਸੀ। ਮੈਂ ਵੀ ਸੋਚਿਆ ਕਿ ਸਰਦੀ ਸ਼ੁਰੂ ਹੋ ਗਈ ਹੈ ਅਤੇ ਉਹਦੇ ਕੋਲ ਕੋਈ ਸਵੈਟਰ ਨਹੀਂ ਹੈ। ਮੈਨੂੰ ਵੀ ਇਹਦੇ ਬਦਲੇ ਉਹਨੂੰ ਕੁਝ ਦੇਣਾ ਚਾਹੀਦਾ ਹੈ ਤਾਂ ਕਿਉਂ ਨਾ ਮੈਂ ਉਹਨੂੰ ਉਹਦੇ ਪਸੰਦੀਦਾ ਰੰਗ ਦਾ ਸਵੈਟਰ ਦੇ ਦਿਆਂ।” ਉਹਦੇ ਪਾਪਾ ਬੋਲੇ, “ਪਰ ਬੇਟਾ, ਇਹ ਤਾਂ ਬਹੁਤ ਗਲਤ ਹੈ! ਖਾਣਾ ਤਾਂ ਕੁਸ਼ਲ ਦੀ ਮਾਂ ਬਣਾਉਂਦੀ ਹੈ, ਪਸੰਦੀਦਾ ਰੰਗ ਦਾ ਸਵੈਟਰ ਤੂੰ ਕੁਸ਼ਲ ਨੂੰ ਦੇ ਦਿੱਤਾ।” ਉਨ੍ਹਾਂ ਨੇ ਆਪਣੇ ਹੱਥ ਵਿੱਚ ਲਏ ਸ਼ਾਲ ਨੂੰ ਅੱਗੇ ਕਰਦਿਆਂ ਕਿਹਾ, “ਇਹ ਲੈ ਬੇਟਾ, ਇਹ ਸ਼ਾਲ ਕੁਸ਼ਲ ਦੀ ਮਾਂ ਨੂੰ ਦੇ ਦੇਵੀਂ। ਆਖ਼ਰ ਖਾਣਾ ਤਾਂ ਤੇਰੇ ਲਈ ਉਹੀ ਬਣਾਉਂਦੀ ਹੈ ਨਾ!” ਇਹ ਵੇਖ ਕੇ ਤਾਂ ਸੇਤੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਹ ਆਪਣੇ ਪਾਪਾ ਦੇ ਗਲੇ ਲੱਗ ਗਿਆ।
# ਮੂਲ : ਤਾਰਾਵਤੀ ਸੈਨੀ ‘ਨੀਰਜ’, taravatisaini.neeraj@gmail.com
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *