ਸਾੜ ਦਿੱਤੀਆਂ ਜਾਂ ਸੂਲੀ ਚਾੜ ਦਿੱਤੀਆਂ ।
ਪਾਣੀ ਵਾਰ ਕੇ ਲਿਆ ਕੇ ਹੱਥੀਂ ਮਾਰ ਦਿੱਤੀਆਂ।
ਮਾਪਿਆਂ ਨੇ ਨਾਜਾਂ ਨਾਲ ਪਾਲੀਆਂ ਸੀ ਜੋ,
ਇਨ੍ਹਾਂ ਦਾਜ ਦਿਆਂ ਲੋਭੀਆਂ ਨੇ ਮਾਰ ਦਿੱਤੀਆਂ ।
ਵੀਰਾਂ ਦੀ ਸੀ ਰੱਖੜੀ ਤੇ ਮਾਪਿਆਂ ਦੀ ਹਿੱਕੜੀ,
ਘਰ ਦੀਆਂ ਰੌਣਕਾਂ ਸੀ, ਪਾ ਕੇ ਰੱਖੀ ਕਿੱਕਲੀ,
ਚਿੱਤ ਕਰੇ ਰੋਸੇ ਗਿਲੇ, ਚਿੱਤ ਕਰੇ ਹਾਸੇ ਖੇਡੇ,
ਪੇਕੇ ਘਰ ਉੱਡੂਂ ਉੱਡੂਂ ਕਰੇ ਜਿਹੜੀ ਤਿੱਤਲੀ,
ਖੁੱਲੇ ਜਿੰਦਿਆਂ ਦੇ ‘ਚ ਸੋਹਰੇ ਤਾੜ ਦਿੱਤੀਆਂ ।
ਸਾੜ ਦਿੱਤੀਆਂ ਜਾਂ ਸੂਲੀ ਚਾੜ ਦਿੱਤੀਆਂ।
ਸਾਹਾਂ ਤੇ ਵੀ ਰੋਕ ਲੱਗੀ, ਰਾਹਾਂ ਤੇ ਵੀ ਰੋਕ ਲੱਗੀ,
ਖਾਹਿਸ਼ਾਂ ਦੀ ਗੱਲ ਛੱਡੋ ਚਾਅਵਾਂ ਤੇ ਵੀ ਰੋਕ ਲੱਗੀ ,
ਅੱਖਾਂ ਵਿੱਚ ਅੰਦਰੇ ਹੀ ਦੱਬ ਲੈਣ ਅੱਥਰੂ,
ਭੁੱਬਾਂ ਮਾਰ ਰੋਣਾ ਭੁੱਲੀ ਧਾਹਾਂ ਤੇ ਵੀ ਰੋਕ ਲੱਗੀ,
ਰਾਣੀਆਂ ਤੋਂ ਖੋਰੇ ਕਦ ਬਣ ਗਈਆਂ ਗੋੱਲੀਆਂ,
ਆਪਣੇ ਹੀ ਘਰ ‘ਚ ਪਨਾਹਾਂ ਤੇ ਵੀ ਰੋਕ ਲੱਗੀ।
ਪਲਾਂ ਵਿੱਚ ਜਿਹਨੂੰ ਪੜ੍ਹ ਲੈਂਦੀ ਝੱਟ ਅੰਮੀ ਸੀ,
ਚਿਹਰੇ ਖੁੱਲ੍ਹੀਆਂ ਕਿਤਾਬਾਂ ਸੀ ਜੋ ਪਾੜ ਦਿੱਤੀਆਂ।
ਸਾੜ ਦਿੱਤੀਆਂ ਜਾਂ ਸੂਲੀ ਚਾੜ ਦਿੱਤੀਆਂ।
ਮੁੱਕਦੀਆਂ ਜਾਂਦੀਆਂ ਨੇ ਸੰਸਾਰ ਤੋਂ,
ਕਿਸ ਗੱਲੋਂ ਵਾਂਝੀਆਂ ਨੇ ਖੋਰੇ ਪਿਆਰ ਤੋਂ,
ਮਾੜੀਆਂ ਨਾ ਧੀਆਂ ਮਾੜੇ ਲੇਖ ਹੁੰਦੇ ਨੇ,
ਧੀਆਂ ਦੇ ਨਾ ਦੁੱਖ ਕਦੇ ਦੇਖ ਹੁੰਦੇ ਨੇ,
ਸੋਨੇ ਵਾਂਗੂ ਕਦੇ ਬੁੱਕਲਾਂ ਚ ਸਾਂਭੀਆਂ ਸੀ ਜੋ,
ਕਿਰਸਾਂ ਦੀ ਭੱਠੀ ਗੈਰਾਂ ਰਾੜ ਦਿੱਤੀਆਂ l
ਸਾੜ ਦਿੱਤੀਆਂ ਜਾਂ ਸੂਲੀ ਚਾੜ ਦਿੱਤੀਆਂ।
ਹਰਪ੍ਰੀਤ ਨਕੋਦਰ ਜਮਾਲਪੁਰ ਲੁਧਿਆਣਾ।
Leave a Comment
Your email address will not be published. Required fields are marked with *