ਜਾਗੋ ਇੰਟਰਨੈਸ਼ਨਲ ਦਾ ਨਵਾਂ ਅੰਕ ਲੋਕ ਅਰਪਣ
ਸੰਗਰੂਰ 11 ਨਵੰਬਰ : (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਹ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਮਾਤਭਾਸ਼ਾ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਧਾਨ ਬਾਰੇ ਇੱਕ ਗੰਭੀਰ ਚਰਚਾ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਡਾ. ਨਰਵਿੰਦਰ ਸਿੰਘ ਕੌਸ਼ਲ, ਪਵਨ ਹਰਚੰਦਪੁਰੀ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਡਾ. ਚਰਨਜੀਤ ਸਿੰਘ ਉਡਾਰੀ ਅਤੇ ਡਾ. ਭਗਵੰਤ ਸਿੰਘ ਸ਼ਾਮਲ ਹੋਏ। ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਤੇ ਸਮਾਧਾਨ ਬਾਰੇ ਗੱਲ ਕਰਦੇ ਹੋਏ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ਬੋਲੀ ਅਤੇ ਸੱਭਿਆਚਾਰ ਦਾ ਅਟੁੱਟ ਰਿਸ਼ਤਾ ਹੈ, ਬੋਲੀ ਸੱਭਿਆਚਾਰ ਦਾ ਆਧਾਰ ਹੁੰਦੀ ਹੈ। ਅੱਜ ਸਾਮਰਾਜੀ ਖਪਤਕਾਰੀ ਸੱਭਿਆਚਾਰ ਨੇ ਦੂਜੇ ਸੱਭਿਆਚਾਰਾਂ ਤੇ ਹਮਲਾ ਕੀਤਾ ਹੋਇਆਾ ਹੈ। ਪੰਜਾਬ ਦੇ ਸੰਦਰਭ ਵਿਚ ਸਾਮਰਾਜੀ ਪਰਵਾਸ ਇਸ ਹਮਲੇ ਦਾ ਮੁੱਖ ਸਾਧਨ ਬਣ ਚੁੱਕਾ ਹੈ। ਅਜੋਕਾ ਪਰਵਾਸ ਸਮਾਰਾਜੀਆਂ ਦੇ ਹਿੱਤ ਵਿੱਚ ਅਤੇ ਪੰਜਾਬ ਅਤੇ ਪੰਜਾਬੀ ਦੇ ਹਿੱਤਾਂ ਦੇ ਵਿਰੁੱਧ ਭੁਗਤ ਰਿਹਾ ਹੈ। ਅੱਜ ਸਰਮਾਏ ਨੇ ਮਨੁੱਖ ਨੂੰ ਆਪਣੇ ਮੂਲ ਤੋਂ ਤੋੜ ਦਿੱਤਾ ਹੈ। ਪੰਜਾਬੀ ਆਪਣੀਆਂ ਤਿੰਨਾਂ ਮਾਵਾਂ: ਧਰਤੀ ਮਾਂ, ਜਨਨੀ ਮਾਂ ਅਤੇ ਮਾਂ ਬੋਲੀ ਅਤੇ ਸੱਭਿਆਚਾਰ ਤੋਂ ਟੁੱਟ ਰਹੇ ਹਨ। ਸੱਭਿਆਚਾਰ ਦਾ ਰੁਹਾਨੀਅਤ ਨਾਲ ਰਿਸ਼ਤਾ ਹੈ। ਇਹ ਰਿਸ਼ਤਾ ਇੱਕ ਤਰ੍ਹਾਂ ਨਹੀ਼ਂ ਦੋ ਤਰ੍ਹਾਂ ਹੈ। ਸੱਭਿਆਚਾਰਕ ਵਿਕਾਸ ਮਨੁੱਖ ਨੂੰ ਰੁਹਾਨੀ ਚੇਤਨਾ ਵੱਲ ਲਿਜਾਂਦਾ ਹੈ, ਜਦੋਂਕਿ ਰੂਹਾਨੀ ਅਤੇ ਨੈਤਿਕ ਨਿਘਾਰ ਸੱਭਿਆਚਾਰ ਨੂੰ ਕਮਜ਼ੋਰ ਕਰਦਾ ਹੈ। ਅੱਜ ਸਰਮਾਏਦਾਰੀ ਨੇ ਜੀਵਨ ਦੇ ਰੂਹਾਨੀ ਪੱਖ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਮਨੁੱਖ ਅਸੰਤਲਿਤ ਪਦਾਰਥਵਾਦ ਵੱਲ ਧੱਕਿਆ ਗਿਆ ਹੈ। ਸਰਮਾਏਦਾਰੀ ਨੇ ਆਰਥਿਕਤਾ ਨੂੰ ਨੈਤਿਕਤਾ ਤੋਂ ਉਪਰ ਕਰ ਦਿੱਤਾ ਹੈ, ਸਰਮਾਏਦਾਰੀ ਦਾ ਨੇਸ਼ਨ ਸਟੇਟਸ (ਕੌਮੀ ਰਾਜਾਂ) ਦਾ ਸੰੰਕਲਪ ਵੀ ਇਸੇ ਵਰਤਾਰੇ ਵਿੱਚੋਂ ਨਿੱਕਲ ਰਿਹਾ ਹੈ, ਸਰਮਾਏਦਾਰੀ ਵੱਲੋਂ ਬਣਾਈਆਂ ਗਈਆਂ ਨੇਸ਼ਨ ਸਟੇਟਸ ਗੈਰ ਕੁਦਰਤੀ ਹਨ ਅਤੇ ਇਹ ਇਲਾਕੇ ਤੇ ਕਬਜ਼ਾ ਕਰਕੇ ਉਸਦੇ ਵਸੀਲਿਆਂ ਨੂੰ ਲੁੱਟਣ ਦੀ ਅਜਾਰੇਦਾਰੀ ਦੀ ਭਾਵਨਾ ਤੋਂ ਉਪਜੀਆਂ ਹਨ, ਜਦੋਂ ਕਿ ਸੱਭਿਆਚਾਰਿਕ ਇਕਾਈਆਂ ਕੁਦਰਤੀ ਤੌਰ ਤੇ ਵਿਕਸਿਤ ਹੋਈਆਂ ਹਨ। ਮਾਂ ਬੋਲੀ ਪੰਜਾਬੀ ਦਾ ਸਭ ਤੋਂ ਵੱਧ ਨੁਕਸਾਨ ਸਰਮਾਏਦਾਰੀ ਵੱਲੋਂ ਕੀਤੀਆਂ ਗਈਆਂ ਪੰਜਾਬੀ ਦੀਆਂ ਗੈਰ ਕੁਦਰਤੀ ਵੰਡਾਂ ਨੇ ਕੀਤਾ ਹੈ। 47 ਦੀ ਵੰਡ ਨਾਲ ਪੰਜਾਬੀ ਬੋਲੀ ਦਾ ਵੱਡਾ ਕਾਰਜ ਖੇਤਰ ਖੁੱਸ ਗਿਆ। ਫਿਰ ਪੰਜਾਬੀ ਸੂਬਾ ਬਣਾਉਣ ਵੇਲੇ ਗੈਰ ਸਿਧਾਂਤਿਕ ਵੰਡ ਨੇ ਪੰਜਾਬੀ ਦਾ ਕਾਰਜ ਖੇਤਰ ਹੋਰ ਸੁੰਗੇੜ ਦਿੱਤਾ। ਬਹੁਤ ਸਾਰਾ ਪੰਜਾਬੀ ਬੋਲਦਾ ਇਲਾਕਾ ਪੰਜਾਬ ਤੋਂ ਬਾਹਰ ਹੋ ਗਿਆ, ਕਿਉਂਕਿ 1951 ਤੇ 1961 ਦੀ ਮਰਦਮਸ਼ੁਮਾਰੀ ਦੇ ਅੰਕੜੇ ਇਸ ਵੰਡ ਦਾ ਅਧਾਰ ਬਣੇ। ਇਹ ਅੰਕੜੇ ਝੂਠੇ ਸਨ ਕਿਉਂਕਿ ਹਿੰਦੂਆਂ ਦੀ ਵੱਡੀ ਬਹੁਗਿਣਤੀ ਨੇ ਹਿੰਦੀ ਆਪਣੀ ਬੋਲੀ ਲਿਖਾਈ ਜਦੋਂ ਕਿ ਉਹ ਪੰਜਾਬੀ ਬੋਲਦੇ ਸਨ। ਵੰਡ ਬੋਲੀ ਦੇ ਆਧਾਰ ਤੇ ਨਹੀਂ, ਧਰਮ ਦੇ ਆਧਾਰ ਤੇ ਹੋ ਗਈ। ਚਾਹੀਦਾ ਤਾਂ ਇਹ ਸੀ ਕਿ ਨਿਰਪੱਖ ਭਾਸ਼ਾ ਮਾਹਿਰ ਪੰਜਾਬੀ ਬੋਲਦੇ ਇਲਕੇ ਦੀਆਂ ਹੱਦਾਂ ਨਿਰਧਾਰਿਤ ਕਰਦੇ, ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਨੂੰ ਰੁਜ਼ਗਾਰ ਅਤੇ ਵਪਾਰ ਦੀ ਭਾਸ਼ਾ ਬਣਾਉਣ ਨਾਲ ਹੀ ਪੰਜਾਬੀ ਦਾ ਵਿਕਾਸ ਹੋ ਸਕਦਾ ਹੈ, ਪ੍ਰੰਤੂ ਸਾਡਾ ਇਤਿਹਾਸਕ ਤਜ਼ਰਬਾ ਦੱਸਦਾ ਹੈ ਕਿ ਇਹ ਮੁੱਖ ਪੱਖ ਨਹੀਂ ਰਿਹਾ। ਖਾਲਸਾ ਰਾਜ ਵਿੱਚ ਪੰਜਾਬੀ ਰਾਜ ਭਾਸ਼ਾ ਨਹੀਂ ਸੀ। ਰਾਜ ਭਾਸ਼ਾ ਫਾਰਸੀ ਸੀ। ਪੰਜਾਬੀ ਬੋਲੀ ਦਾ ਵਿਕਾਸ ਲੋਕ ਸੱਭਿਆਚਾਰ ਅਤੇ ਰੂਹਾਨੀ ਵਿਕਾਸ ਨੇ ਕੀਤਾ ਹੈ। ਹੀਰ ਰਾਂਝਾ ਅਤੇ ਮਿਰਜਾ ਸਾਹਿਬਾਂ ਵਰਗੇ ਕਿੱਸਿਆਂ ਨੇ ਲੋਕ ਸੱਭਿਆਚਾਰ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ। ਪੰਜਾਬੀ ਬੋਲੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨੇ ਪੰਜਾਬੀ ਨੂੰ ਇੱਕ ਵਿਲੱਖਣ ਅਤੇ ਮਹਾਨ ਦਰਜਾ ਦਿਵਾਇਆ ਹੈ। ਪੰਜਾਬੀ ਬੋਲੀ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਚਿੰਤਨ ਅਤੇ ਰੂਹਾਨੀਅਤ ਦੀ ਸਿਖਰ ਇਸ ਬੋਲੀ ਵਿੱਚ ਹੋਈ ਹੈ। ਅੱਜ ਸਾਮਰਾਜੀ ਖੱਪਤਕਾਰੀ ਸਭਿਆਚਾਰ ਅਤੇ ਸਾਮਰਾਜੀ ਪਰਵਾਸ ਪੰਜਾਬੀ ਨੂੰ ਨੈਤਿਕ ਅਤੇ ਰੂਹਾਨੀ ਨਿਘਾਰ ਵੱਲ ਧੱਕ ਰਹੇ ਹਨ। ਨੈਤਿਕ ਅਤੇ ਰੂਹਾਨੀ ਪੁਨਰ ਜਾਗਰਤੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦਾ ਸਮਾਧਾਨ ਹੋ ਸਕਦਾ ਹੈ। ਉਨ੍ਹਾਂ ਨੇ ਜਾਗੋ ਇੰਟਰਨੈਸ਼ਨਲ ਪਰਚੇ ਦੀ ਸੰਤੁਲਿਤ ਸੋਚ ਤੇ ਸਮੱਗਰੀ ਦੀ ਪ੍ਰਸ਼ੰਸਾ ਕੀਤੀ। ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਹਰ ਪੱਧਰ ਤੇ ਲਾਗੂ ਕਰਾਉਣ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਨਿਰੰਤਰ ਯਤਨਸ਼ੀਲ ਰਹੀ ਹੈ ਅਤੇ ਭਵਿੱਖ ਵਿੱਚ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਸਰਕਾਰ ਨੂੰ ਮੰਗ ਪੱਤਰ ਭੇਜੇ ਹਨ। ਅਫਸਰਸ਼ਾਹੀ ਦੇ ਪੰਜਾਬੀ ਵਿਰੋਧੀ ਰਵੱਈਏ ਨੂੰ ਬਦਲਣ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਸਰਕਾਰ ਨੂੰ ਲੰਮੇ ਸਮੇਂ ਦੀ ਭਾਸ਼ਾ ਨੀਤੀ ਤਿਆਰ ਕਰਨ ਦੀ ਜਰੂਰਤ ਹੈ, ਕਿਉਂਕਿ ਵੇਲਾ ਵਿਹਾ ਚੁੱਕੇ ਢੰਗ ਤਰੀਕਿਆਂ ਨਾਲ ਪੰਜਾਬੀ ਨੂੰ ਬਣਦਾ ਸਥਾਨ ਹਾਸਲ ਨਹੀਂ ਹੋ ਰਿਹਾ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਰਾਜ ਭਾਸ਼ਾ ਤਰਮੀਮ ਐਕਟ ਅਤੇ ਪੰਜਾਬੀ ਤੇ ਹੋਰ ਭਾਸ਼ਾਵਾਂ ਦੀ ਸਿੱਖਿਆ ਦਾ ਐਕਟ ਨੂੰ ਪੂਰੀ ਸ਼ਿੱਦਤ ਨਾਲ ਲਾਗੂ ਕਰਨ ਦੀ ਜਰੂਰਤ ਹੈ। ਇਸ ਵਿਚਲੀਆਂ ਚੋਰ ਮੋਰੀਆਂ ਨੂੰ ਸਰਕਾਰ ਸਖਤੀ ਨਾਲ ਬੰਦ ਕਰਕੇ ਅਤੇ ਭਾਸ਼ਾ ਵਿਭਾਗ ਨੂੰ ਇਨ੍ਹਾਂ ਐਕਟਾਂ ਨੂੰ ਲਾਗੂ ਕਰਾਉਣ ਲਈ ਪਾਬੰਦ ਕਰੇ। ਡਾ. ਰਾਕੇਸ਼ ਸ਼ਰਮਾ ਨੇ ਪੰਜਾਬੀ ਭਾਸ਼ਾ ਦੇ ਅਧਿਆਤਮਕ ਅਤੇ ਰੂਹਾਨੀ ਪੱਖਾਂ ਤੇ ਚਾਨਣਾ ਪਾਇਆ। ਸੁਰਿੰਦਰ ਸ਼ਰਮਾ ਨਾਗਰਾ ਧੂਰੀ ਨੇ ਪੰਜਾਬੀ ਭਾਸ਼ਾ ਬਾਰੇ ਅਜਿਹੇ ਸੰਵਾਦ ਰਚਾਉਣ ਨੂੰ ਬਹੁਤ ਸ਼ਲਾਘਾਯੋਗ ਦੱਸਿਆ। ਗੁਲਜ਼ਾਰ ਸਿੰਘ ਸ਼ੌਂਕੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਦਰਭ ਨੂੰ ਉਭਾਰਦੀ ਰਚਨਾ ਪੇਸ਼ ਕੀਤੀ। ਦੇਸ਼ ਭੂਸ਼ਣ ਮਾਨਵਤਾਵਾਦੀ ਨੇ ਪੰਜਾਬੀ ਦੇ ਸੰਦਰਭ ਵਿੱਚ ਬਹੁਤ ਹੀ ਦਾਰਸ਼ਨਿਕ ਵਿਚਾਰ ਅਭਿਵਿਅਕਤ ਕੀਤੇ। ਇਸ ਮੌਕੇ ਕਵੀ ਦਰਬਾਰ ਵਿੱਚ ਨਾਹਰ ਸਿੰਘ ਮੁਬਾਰਕਪੁਰੀ ਨੇ ਆਪਣੀ ਰਚਨਾ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰਕੇ ਪੰਜਾਬੀ ਧੁਨ ਦਾ ਪ੍ਰਸਾਰ ਕੀਤਾ। ਸੁਰਿੰਦਰਪਾਲ ਸਿੰਘ ਸਿਦਕੀ ਦੀ ਰਚਨਾ ਪੰਜਾਬੀ ਸੱਭਿਆਚਾਰ ਦੀ ਯਥਾਰਥਕ ਤਸਵੀਰ ਪੇਸ਼ ਕਰਦੀ ਹੈ। ਗੁਰਨਾਮ ਸਿੰਘ ਤੇ ਜੰਗ ਸਿੰਘ ਫੱਟੜ ਦੀਆਂ ਰਚਨਾਵਾਂ ਨੇ ਸਰੋਤਿਆਂ ਨੂੰ ਅੰਦਰ ਝਾਤ ਮਾਰਨ ਤੇ ਮਜਬੂਰ ਕੀਤਾ।
ਪਟਿਆਲਾ ਤੋਂ ਉਚੇਚੇ ਪਹੁੰਚੇ ਅੰਮ੍ਰਿਤ ਅਜੀਜ਼, ਬਚਨ ਸਿੰਘ ਗੁਰਮ ਦੀਆਂ ਰਚਨਾਵਾਂ ਸਹਿਜ ਤੇ ਸੁਹਜ ਦਾ ਪ੍ਰਗਟਾਵਾ ਕਰਦੀਆਂ ਸਨ। ਚਮਕੌਰ ਸਿੰਘ, ਕੁਲਵੰਤ ਸਿੰਘ ਕਸਕ, ਅਮਰ ਗਰਗ ਕਲਮਦਾਨ ਦੀਆਂ ਰਚਨਾਵਾਂ ਪੰਜਾਬੀ ਮਾਹ ਦੇ ਪੱਖ ਤੋਂ ਬਹੁਤ ਮਹੱਤਵਪੂਰਨ ਸਨ। ਇਸ ਮੌਕੇ ਜਾਗੋ ਇੰਟਰਨੈਸ਼ਨਲ ਅਕਤੂਬਰ 2023 ਮਾਰਚ 2024 ਅੰਕ ਲੋਕ ਅਰਪਣ ਕੀਤਾ ਗਿਆ। ਡਾ. ਚਰਨਜੀਤ ਸਿੰਘ ਉਡਾਰੀ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਆਪਣੀ ਕੈਨੇਡਾ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੀ ਸਰਗਰਮੀ ਦੀ ਪ੍ਰਸ਼ੰਸਾ ਕਰਦੇ ਹੋਏ ਕਿ ਕਿਹਾ ਕਿ ਪੰਜਾਬੀ ਭਾਸ਼ਾ ਗੰਭੀਰ ਸੰਕਟ ਵਿੱਚ ਹੈ। ਪਰਵਾਸ ਨੇ ਪੰਜਾਬ ਤੇ ਪੰਜਾਬੀ ਭਾਸ਼ਾ ਨੂੰ ਗੰਭੀਰ ਢਾਹ ਲਾਈ ਹੈ। ਉਨ੍ਹਾਂ ਨੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਨੂੰ ਬਚਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਜਗਦੀਪ ਸਿੰਘ ਨੇ ਬਹੁਤ ਪੁਰਖਲੂਸ ਅੰਦਾਜ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ, ਅਵਤਾਰ ਸਿੰਘ, ਗੁਰਪਾਲ ਸਿੰਘ, ਕਾਮਰੇਡ ਕੌਰਸੈਨ, ਹਰੀ ਲਾਲ, ਚਮਕੌਰ ਸਿੰਘ, ਚਰਨਜੀਤ ਸਿੰਘ,ਪਰਮਜੀਤ ਸਿੰਘ, ਡਾ. ਰਾਜੀਵ ਕੁਮਾਰ ਪੁਰੀ ਗੁਰਚਰਨ ਸਿੰਘ ਢੀਂਡਸਾ ਆਦਿ ਅਨੇਕਾਂ ਚਿੰਤਕ ਮੌਜੂਦ ਸਨ। ਗੁਰਨਾਮ ਸਿੰਘ ਦੀ ਮੰਚ ਸੰਚਾਲਨਾ ਨਾਲ ਇਹ ਸਮਾਗਮ ਆਪਣੀ ਮਿਸਾਲ ਆਪ ਹੋ ਨਿੱਬੜਿਆ।
Leave a Comment
Your email address will not be published. Required fields are marked with *