ਇਨਕਮ ਟੈਕਸ ਅਧਿਕਾਰੀਆਂ ਵੱਲੋਂ ਇੱਕ ਸੰਸਦ ਮੈਂਬਰ ਦੇ ਘਰੋਂ ਸਾਢੇ ਤਿੰਨ ਸੌ ਕਰੋੜ ਤੋਂ ਵੱਧ ਨਕਦੀ ਬਰਾਮਦ ਹੋਣ ਤੇ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ। ਮੇਰੀ ਹਾਲਤ ਵੇਖ ਕੇ ਮੇਰੇ ਇੱਕ ਬਾਲ-ਮਿੱਤਰ ਨੇ ਕਿਹਾ, “ਅੱਜਕੱਲ੍ਹ ਕਿਸੇ ਮੰਤਰੀ, ਸਾਂਸਦ, ਵਿਧਾਇਕ ਦੇ ਘਰ ਸੌ ਦੋ ਸੌ ਕਰੋੜ ਰੁਪਏ ਉਸੇ ਤਰ੍ਹਾਂ ਪਏ ਰਹਿੰਦੇ ਹਨ ਜਿਵੇਂ ਕਦੇ ਸਾਡੀ ਜੇਬ ਵਿੱਚ ਚੁਆਨੀ, ਅਠਿਆਨੀ ਪਈ ਰਹਿੰਦੀ ਸੀ। ਉਹ ਬਿਲਕੁਲ ਸੱਚ ਕਹਿ ਰਿਹਾ ਸੀ। ਉਨ੍ਹੀਂ ਦਿਨੀਂ ਸਾਡੀ ਜੇਬ ਵਿੱਚ ਚੁਆਨੀ-ਅਠਿਆਨੀ ਹੁੰਦੀ ਸੀ ਤਾਂ ਅਸੀਂ ਖੁਦ ਨੂੰ ਧੰਨ ਸਮਝਦੇ ਸਾਂ ਅਤੇ ਪੰਜ-ਦਸ ਰੁਪਏ ਹੁੰਦੇ ਸਨ ਤਾਂ ਧਨਵਾਨ। ਇੱਕ ਵਾਰ ਮੈਂ ਆਪਣੀ ਗੋਲਕ ਦੀ ਭਾਨ ਨੂੰ ਦਸ ਰੁਪਏ ਦੇ ਨੋਟ ਵਿੱਚ ਬਦਲਿਆ ਅਤੇ ਸਕੂਲ ਵਿੱਚ ਆਪਣੇ ਇੱਕ ਧਨਵਾਨ ਮਿੱਤਰ ਨੂੰ ਆਕੜ ਨਾਲ ਵਿਖਾਇਆ। ਉਹਨੇ ਪੁੱਛਿਆ, “ਨੰਬਰੀ ਹੈ?” ਮੈਂ ਪੁੱਛਿਆ, “ਨੰਬਰੀ ਕੀ ਹੁੰਦਾ ਹੈ?” ਉਹਨੇ ਆਪਣੀ ਪੈਂਟ ਦੀ ਚੋਰ ਜੇਬ ‘ਚੋਂ ਸੌ ਦਾ ਇੱਕ ਨੋਟ ਕੱਢ ਕੇ ਵਿਖਾਇਆ ਤਾਂ ਮੇਰੀਆਂ ਅੱਖਾਂ ਉਸੇ ਤਰ੍ਹਾਂ ਟੱਡੀਆਂ ਰਹਿ ਗਈਆਂ ਸਨ, ਜਿਵੇਂ ਸਾਂਸਦ ਦੇ ਘਰੋਂ ਬਰਾਮਦ ਰੁਪਇਆਂ ਨੂੰ ਵੇਖ ਕੇ ਟੱਡੀਆਂ ਰਹਿ ਗਈਆਂ। ਉਸ ਦਿਨ ਮੈਨੂੰ ਪਤਾ ਲੱਗਿਆ ਸੀ ਕਿ ਸੌ ਦੇ ਨੋਟ ਨੂੰ ਨੰਬਰੀ ਕਹਿੰਦੇ ਹਨ।
ਅਰਥ ਕੱਢਣ ਵਿੱਚ ਮੇਰਾ ਦਿਮਾਗ਼ ਬਚਪਨ ਤੋਂ ਹੀ ਉਪਜਾਊ ਸੀ। ਜਦੋਂ ਇੱਕ ਫਿਲਮ ਦਾ ਗਾਣਾ “ਯੇ ਦੁਨੀਆਂ ਏਕ ਨੰਬਰੀ ਤੋ ਮੈਂ ਦਸ ਨੰਬਰੀ” ਬਹੁਤ ਫ਼ੇਮੱਸ ਹੋਇਆ , ਤਾਂ ਮੇਰੇ ਦਿਮਾਗ਼ ਨੇ ਤੁਰੰਤ ਅਰਥ ਦੀ ਨਿਸ਼ਪੱਤੀ ਕੀਤੀ, “ਜੇ ਦੁਨੀਆਂ (ਹੋਰਾਂ) ਕੋਲ ਸੌ ਰੁਪਏ ਦਾ ਇੱਕ ਨੋਟ ਹੈ, ਤਾਂ ਉਹਦੇ ਕੋਲ ਸੌ ਦੇ ਦਸ ਨੋਟ ਹਨ।” ਇਸੇ ਤਰ੍ਹਾਂ ਰੇਲ ਇੰਜਣ ਚਲਾਉਣ ਵਾਲੇ ਲੋਕੋ ਪਾਇਲਟ ਨੂੰ ਮੈਂ ਇੰਜੀਨੀਅਰ ਸਮਝ ਲਿਆ। ਉਹਦੇ ਮੈਲੇ-ਕੁਚੈਲੇ ਕੱਪੜੇ, ਕੋਲੇ ਦੇ ਧੂੰਏਂ ਨਾਲ ਕਾਲਾ ਭੂਤ ਚਿਹਰਾ, ਸਿਰ ਤੇ ਬੰਨ੍ਹਿਆ ਕਾਲਾ-ਕਲੂਟਾ ਰੁਮਾਲ ਵੇਖ ਕੇ ਮੈਂ ਇੰਜੀਨੀਅਰ ਬਣਨ ਤੋਂ ਤੋਬਾ ਕਰ ਲਈ।
ਅੱਜਕੱਲ੍ਹ ਦੇ ਬੱਚੇ ਮੇਰੇ ਵਾਂਗ ਅਰਥ ਕੱਢਣ ਵਿੱਚ ਭਾਵੇਂ ਉਸਤਾਦ ਨਾ ਹੋਣ, ਪਰ ਦੋ-ਤਿੰਨ ਸਾਲ ਦੇ ਬੱਚੇ ਵੀ ਮੋਬਾਈਲ ਚਲਾਉਣ ਅਤੇ ਗੂਗਲ ਤੋਂ ਮਨਪਸੰਦ ਕਾਰਟੂਨ-ਰੀਲ ਕੱਢਣ ਵਿੱਚ ਉਸਤਾਦ ਹੋ ਗਏ ਹਨ। ਮੈਂ ਜਦੋਂ ਚੌਥੀ-ਪੰਜਵੀਂ ਦਾ ਵਿਦਿਆਰਥੀ ਸਾਂ, ਤਾਂ ਪਿਤਾ ਜੀ ਦੀ ਜੇਬ ‘ਚੋਂ ਪੈਸੇ ਕੱਢਣ ਵਿੱਚ ਮਾਹਿਰ ਹੋ ਗਿਆ ਸਾਂ, ਪਰ ਮੇਰੀ ਕਲਾ ਨੇ ਕਦੇ ਭਾਨ ਤੋਂ ਉੱਤੇ ਛਾਲ ਨਹੀਂ ਮਾਰੀ ਸੀ। ਅੱਜਕੱਲ੍ਹ ਤਾਂ ਕਿਸੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਜਾਂ ਅਧਿਕਾਰੀ ਵੀ ਇੱਕ ਹਫ਼ਤੇ ਵਿੱਚ ਅਸਾਮੀ ਦੀ ਜੇਬ ‘ਚੋਂ ‘ਸੁਵਿਧਾ ਸ਼ੁਲਕ’ ਦੇ ਨਾਂ ਤੇ ਰੁਪਏ ਕੱਢਣ ਦੀ ਕਲਾ ਵਿੱਚ ਮਾਹਿਰ ਹੋ ਜਾਂਦੇ ਹਨ। ਥਾਣੇ ਦਾ ਫੰਡਾ ਅਲੱਗ ਹੁੰਦਾ ਹੈ। ਅਸਾਮੀ ਪਹਿਲਾਂ ਹੀ ਆਪਣੀ ਜੇਬ ‘ਚੋਂ ਰੁਪਏ ਕੱਢ ਕੇ ਥਾਣੇ ਪਹੁੰਚਦੀ ਹੈ, ਕਿਉਂਕਿ ਰੁਪਏ ਵੇਖ ਕੇ ਥਾਣੇਦਾਰ ਕੁਝ ਨਰਮੀ ਵਿਖਾਉਂਦਾ ਹੈ। ਰਕਮ ਜਿੰਨੀ ਮੋਟੀ ਹੁੰਦੀ ਹੈ, ਥਾਣੇਦਾਰ ਉਨਾਂ ਵੱਧ ਪਿਘਲਦਾ ਹੈ।
ਛੋਟੇ ਮੋਟੇ ਦੁਕਾਨਦਾਰਾਂ ਦਾ ਹਫ਼ਤਾ ਬੰਨ੍ਹਿਆ ਹੁੰਦਾ ਹੈ। ਰੇਹੜੀ ਵਾਲੇ ਰੋਜ਼ਾਨਾ ਕਾਰਜ-ਕ੍ਰਮ ਕਰਦੇ ਹਨ। ਵੱਡੇ ਕਾਰੋਬਾਰੀ, ਠੇਕੇਦਾਰ ਨੇਤਾਵਾਂ, ਮੰਤਰੀਆਂ, ਪਾਰਟੀਆਂ ਨੂੰ ਚੰਦਾ ਦਿੰਦੇ ਹਨ। ‘ਚੰਦਾ’ ਸ਼ਬਦ ਸੁਣਨ ਵਿੱਚ ਚੰਗਾ ਲੱਗਦਾ ਹੈ। ਇਹਦਾ ਲੈਣ-ਦੇਣ ਅਨੈਤਿਕ ਨਹੀਂ ਅਖਵਾਉਂਦਾ। ਅੱਜਕੱਲ੍ਹ ਤਾਂ ਨੌਕਰੀ ਦੇ ਬਦਲੇ ਕੈਸ਼ ਜਾਂ ਜ਼ਮੀਨ ਲੈਣ ਨੂੰ ਵੀ ਅਨੈਤਿਕ ਨਹੀਂ ਮੰਨਿਆ ਜਾ ਰਿਹਾ। ‘ਨੈਤਿਕਤਾ’ ਸ਼ਬਦ ਦਾ ਅਰਥ-ਵਿਸਥਾਰ ਹੋ ਰਿਹਾ ਹੈ। ਸਾਂਸਦ ਕੈਸ਼ ਜਾਂ ਕਾਈਂਡਜ਼ ਦੇ ਬਦਲੇ ਆਪਣਾ ਸੰਸਦੀ ਪਾਸਵਰਡ ਦੂਜੇ ਨੂੰ ਦੇ ਕੇ ਵੀ ਨੈਤਿਕ ਬਣੇ ਰਹਿੰਦੇ ਹਨ। ਆਪਣੀ ਨੈਤਿਕਤਾ ਉਨ੍ਹਾਂ ਨੂੰ ਸਾਬਤ ਨਹੀਂ ਕਰਨੀ ਪੈਂਦੀ, ਕਿਉਂਕਿ ਦਰਜਨਾਂ ਰਥੀ-ਮਹਾਰਥੀ ਉਹਦੇ ਪੱਖ ਵਿੱਚ ਖੜ੍ਹੇ ਹੋ ਕੇ ਨੈਤਿਕਤਾ ਦਾ ਪ੍ਰਮਾਣ-ਪੱਤਰ ਜਾਰੀ ਕਰ ਦਿੰਦੇ ਹਨ। ਇੰਨਾਂ ਹੀ ਨਹੀਂ, ਅੱਜਕੱਲ੍ਹ ਤਾਂ ਕੁਝ ਨੇਤਾ ਦੇਸ਼ ਦਾ, ਕਿਸੇ ਧਰਮ ਵਿਸ਼ੇਸ਼ ਦਾ, ਕਿਸੇ ਦੀ ਆਸਥਾ ਦੇ ਅਪਮਾਨ ਨੂੰ ਵੀ ਅਨੈਤਿਕ ਨਹੀਂ ਮੰਨਦੇ।
‘ਅਸੁਰ’ ਸ਼ਬਦ ਰਿਗਵੇਦ ਵਿੱਚ ‘ਦੇਵਤਾ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ, ਪਰ ਅੱਜ ਇਹ ਰਾਖਸ਼ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ।
ਯੁੱਗ-ਧਰਮ ਨੂੰ ਵੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ‘ਨੈਤਿਕ’ ਸ਼ਬਦ ‘ਅਨੈਤਿਕ’ ਦਾ ਅਤੇ ‘ਅਨੈਤਿਕ’ ਸ਼ਬਦ ‘ਨੈਤਿਕ’ ਦਾ ਅਰਥ ਦੇਣ ਲੱਗੇ, ਤਾਂ ਹੈਰਾਨੀ ਦੀ ਗੱਲ ਨਹੀਂ ਹੋਵੇਗੀ।

# ਮੂਲ : ਡਾ. ਪੰਕਜ ਸਾਹਾ, ਖੜਗਪੁਰ ਕਾਲਜ, ਖੜਗਪੁਰ- 721305 (ਪੱਛਮੀ ਬੰਗਾਲ) 94348 94190.
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.