ਵਿਗਿਆਨ ਦਿਵਸ 28 ਫ਼ਰਵਰੀ ਤੇ ਵਿਸ਼ੇਸ਼।
ਅੱਜ ਦਾ ਯੁੱਗ ਵਿਗਿਆਨ ਦੇ ਯੁੱਗ ਵਜੋਂ ਜਾਣਿਆ ਜਾਂਦਾ ਹੈ। ਕੋਈ ਵੀ ਖੇਤਰ ਵਿਗਿਆਨ ਦੀ ਪਹੁੰਚ ਤੋਂ ਦੂਰ ਨਹੀਂ ਹੈ। ਵਿਗਿਆਨਕ ਖੋਜਾਂ ਨੇ ਸਾਰੀ ਦੁਨੀਆ ਨੂੰ ਬਹੁਤ ਨੇੜੇ ਲੈ ਆਂਦਾ ਭਾਰਤ ‘ਚ ਹਰ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਭੌਤਿਕ ਵਿਗਿਆਨੀ ਸਰ ਚੰਦਰਸ਼ੇਖਰ ਵੈਂਕਟ ਰਮਨ ਵੱਲੋਂ ਖੋਜੇ ਗਏ ਰਮਨ ਪ੍ਰਭਾਵ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਖੋਜ ਦਾ ਐਲਾਨ ਇਸੇ ਦਿਨ ਭਾਵ 28 ਫ਼ਰਵਰੀ ਨੂੰ ਸਾਲ 1928 ‘ਚ ਕੀਤਾ ਗਿਆ ਸੀ। ਇਸ ਦੇ ਲਈ ਚੰਦਰ ਸ਼ੇਖਰ ਨੂੰ 1930 ਵਿੱਚ ਭੌਤਿਕ ਵਿਗਿਆਨ ਦਾ ਨੋਬਲ ਇਨਾਮ ਵੀ ਦਿੱਤਾ ਗਿਆ ਸੀ।
28 ਫਰਵਰੀ ਨੂੰ ਵਿਗਿਆਨ ਦਿਵਸ ਕਿਉਂ?
ਡਾ.ਚੰਦਰਸ਼ੇਖਰ ਵੈਂਕਟ ਰਮਨ ਨੇ 28 ਫਰਵਰੀ 1928 ਨੂੰ ਅਧਿਕਾਰਕ ਤੌਰ ‘ਤੇ ਰਮਨ ਇਫੈਕਟ ਦੀ ਖੋਜ ਕੀਤੇ ਜਾਣ ਦਾ ਐਲਾਨ ਕੀਤਾ ਸੀ ।ਇਸ ਖੋਜ ਲਈ ਉਨ੍ਹਾਂ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।ਨੈਸ਼ਨਲ ਕਾਉਂਸਲ ਆਫ਼ ਸਾਈਂਸ ਐਂਡ ਟੈਕਨਾਲਜੀ ਕਮਿਊਨੀਕੇਸ਼ਨ ਨੇ ਇਸ ਦਾ ਪ੍ਰਸਤਾਵ ਰੱਖਿਆ ਸੀ। ਭਾਰਤ ਸਰਕਾਰ ਨੇ ਇਸ ਪ੍ਰਸਤਾਵ ਨੂੰ ਮੰਨਦੇ ਹੋਏ 1987 ਤੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਦਾ ਐਲਾਨ ਕੀਤਾ।
ਕੀ ਹੈ ਰਮਨ ਪ੍ਰਭਾਵ?
ਜਦ ਕਿਸੇ ਵੀ ਤਰਲ ਪਦਾਰਥ ਤੋਂ ਰੌਸ਼ਨੀ ਦੀ ਤਰੰਗ ਬਾਹਰ ਨਿਕਲਦੀ ਹੈ, ਤਾਂ ਇਸ ਦਾ ਕੁੱਝ ਹਿੱਸਾ ਇੱਕ ਦਿਸ਼ਾ ਵੱਲ ਬਿਖ਼ਰ ਜਾਂਦਾ ਹੈ। ਇਹ ਆਉਣ ਵਾਲੀ ਰੌਸ਼ਨੀ, ਤਰੰਗ ਦੀ ਦਿਸ਼ਾ ਤੋਂ ਵੱਖਰੀ ਹੁੰਦੀ ਹੈ। ਉਨ੍ਹਾਂ ਦੀ ਖੋਜ ਤੋਂ ਇਹ ਪਤਾ ਲੱਗਾ ਕਿ ਸਮੁੰਦਰ ਵਿੱਚ ਪਾਣੀ ਦਾ ਰੰਗ ਨੀਲਾ ਵਿਖਾਈ ਦਿੰਦਾ ਹੈ। ਰਮਨ ਇਫੈਕਟ ਫੋਟੌਆਨ ਕਣਾਂ ਫੈਲਾਵ ਦੇ ਬਾਰੇ ਦੱਸਦਾ ਹੈ।
ਕੀ ਹੈ ਉਦੇਸ਼ ?
ਲੋਕਾਂ ਵਿਚਾਲੇ ਵਿਗਿਆਨਕ ਸੋਚ ਨੂੰ ਵਧਾਵਾ ਦੇਣ ਲਈ, ਤਾਂ ਜੋ ਉਹ ਵਿਗਿਆਨ ਦੇ ਮਹੱਤਵ ਨੂੰ ਸਮਝ ਸਕਣ। ਮਾਨਵ ਕਲਿਆਣ ਲਈ ਵਿਗਿਆਨ ਕਿਸ ਤਰ੍ਹਾਂ ਦੇ ਬਦਲਾਅ ਲਿਆ ਰਿਹਾ ਹੈ,ਉਨ੍ਹਾਂ ਉਪਲਬਧੀਆਂ ਤੇ ਕੋਸ਼ਿਸ਼ਾਂ ਦਾ ਪ੍ਰਦਰਸ਼ਨ ਕਰਨਾ। ਵਿਗਿਆਨ ਦੇ ਨਵੇਂ ਵਿਦਿਆਰਥੀਆਂ ਨੂੰ ਖੋਜਾਂ ਤੇ ਪ੍ਰਯੋਗਾਂ ਲਈ ਪ੍ਰੇਰਤ ਕਰਨਾ। ਵਿਗਿਆਨ ਦੇ ਵਿਕਾਸ ਲਈ ਨਵੀਂ ਤਕਨੀਕਾਂ ਦਾ ਕਿਸ ਤਰੀਕੇ ਨਾਲ ਇਸਤੇਮਾਲ ਕਰਨ ਬਾਰੇ ਵਿਚਾਰ ਕਰਨਾ। ਵਿਗਿਆਨਕ ਸੋਚ ਰੱਖਣ ਵਾਲੇ ਨਾਗਰਿਕਾਂ ਨੂੰ ਉਤਸ਼ਾਹਤ ਕਰਨਾ। ਵਿਗਿਆਨ ਤੇ ਭੌਤਿਕਤਾ ਨੂੰ ਉਤਸ਼ਾਹਤ ਕਰਨਾ।
ਭਾਰਤ ਤੇ ਸਾਰੇ ਏਸ਼ੀਆ ਦਾ ਸਭ ਤੋਂ ਪਹਿਲਾਂ ਭੌਤਿਕ ਵਿਗਿਆਨ ਵਿਚ ਨੋਬਲ ਇਨਾਮ ਜਿੱਤਣ ਵਾਲਾ ਸੀ. ਵੀ. ਰਮਨ, ਜਿਸ ਦਾ ਪੂਰਾ ਨਾ ਚੰਦਰ ਸ਼ੇਖਰ ਵੈਂਕਟਰਮਨ ਸੀ ਦਾ ਜਨਮ 7 ਨਵੰਬਰ, 1888 ਨੂੰ ਤਾਮਿਲਨਾਡੂ ਵਿਚ ਤਿਰੂਚਰਾਪਲੀ ਦੇ ਨੇੜੇ ਤਿਰੂਵੇਧਾਨਵਲ ਪਿੰਡ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਆਰ. ਚੰਦਰ ਸ਼ੇਖਰ ਆਇਰ ਤੇ ਮਾਤਾ ਪਾਰਵਤੀ ਸੀ। ਦੋਵੇਂ ਪਹਿਲਾਂ ਸਕੂਲ ਅਧਿਆਪਕ ਸਨ। ਗਣਿਤ ਤੇ ਫਿਜ਼ਕਸ ਉਨ੍ਹਾਂ ਦੇ ਮਨ ਭਾਉਂਦੇ ਵਿਸ਼ੇ ਸਨ, ਫਿਰ ਦੋਵੇਂ ਕਾਲਜ ਅਧਿਆਪਕ ਬਣ ਗਏ। ਉਨ੍ਹਾਂ ਦੋਹਾਂ ਨੂੰ ਵਿਗਿਆਨ ਦੀਆਂ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਉਨ੍ਹਾਂ ਨੇ ਘਰ ਵਿਚ ਹੀ ਲਾਇਬਰੇਰੀ ਬਣਾਈ ਹੋਈ ਸੀ। ਰਮਨ ਦੇ ਜਨਮ ਦੇ ਸਮੇਂ ਉਨ੍ਹਾਂ ਦੇ ਪਰਵਾਰ ਦੀ ਆਰਥਕ ਹਾਲਤ ਕਮਜੋਰ ਸੀ। ਰਮਨ ਦੇ ਅੱਠ ਭਰਾ-ਭੈਣ ਸਨ। ਰਮਨ ਦਾ ਸੰਬੰਧ ਬਾਹਮਣ ਪਰਵਾਰ ਨਾਲ ਸੀ। ਸੀ. ਵੀ. ਰਮਨ ਨੂੰ ਬੱਚਪਨ ਵਿਚ ਹੀ ਗੁੜ੍ਹਤੀ ਵਜੋਂ ਗਿਆਨ ਵਿਗਿਆਨ ਦੀ ਖੁਰਾਕ ਮਿਲੀ ਤੇ ਰਮਨ ਨੇ ਮੁੱਢਲੇ ਵਰ੍ਹਿਆ ਵਿਚ ਹੈਰਾਨੀਜਨਕ ਪ੍ਰਾਪਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ। ਇੰਟਰਨੈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਮਨ ਨੇ ਕੇਵਲ ਗਿਆਰਾਂ ਸਾਲ ਦੀ ਉਮਰ ਵਿਚ ਦਸਵੀਂ ਪਾਸ ਕੀਤੀ। ਤੇਰਾਂ ਸਾਲ ਦੀ ਉਮਰ ਵਿਚ ਐਫ. ਏ. ਕਰਕੇ ਉਹ 14 ਸਾਲ ਦੀ ਉਮਰ ਵਿਚ ਕਾਲਜ ਗਿਆ। ਜਦੋਂ ਉਹ ਛੁੱਟੀਆਂ ‘ਚ ਘਰ ਆਉਂਦੇ ਤਾਂ ਅਪਣੇ ਛੋਟੇ ਭਰਾ-ਭੈਣਾਂ ਨੂੰ ਵਿਗਿਆਨ ਦੇ ਪ੍ਰਯੋਗ ਕਰਕੇ ਦਿਖਾਉਂਦੇ ਸੀ। ਪੰਦਰਾਂ ਸਾਲ ਦੀ ਉਮਰ ਵਿਚ ਰਮਨ ਨੇ ਬੀ. ਐਸ. ਸੀ. ਵਿਚ ਗੋਲਡ ਮੈਡਲ ਜਿੱਤ ਕੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਸਕਾਲਰਸ਼ਿਪ ਮਿਲਣ ਤੋਂ ਬਾਅਦ ਉਹ ਪ੍ਰੈਜ਼ੀਡੈਂਸੀ ਕਾਲਜ ਤੋਂ ਹੀ ਅਪਣੀ ਮਾਸਟਰ ਡਿਗਰੀ ਕੀਤੀ ਕਿਉਂਕਿ ਸਰਜਨ ਦੀ ਸਲਾਹ ਅਤੇ ਸਿਹਤ ਸੰਬੰਧੀ ਦਿੱਕਤ ਕਾਰਨ ਉਹ ਬਰਤਾਨੀਆਂ ਨਹੀਂ ਗਏ। ਉਨ੍ਹਾਂ ਦੀ ਗ਼ੈਰ-ਮਾਮੂਲੀ ਪ੍ਰਤੀਭਾ ਸਭ ਦੇ ਸਾਹਮਣੇ ਆ ਗਈ ਸੀ ਜਿਸ ਕਾਰਨ ਪ੍ਰਯੋਗਸ਼ਾਲਾ ਜਾਣ ਦੀ ਉਨ੍ਹਾਂ ਨੂੰ ਪੂਰੀ ਛੋਟ ਸੀ। ਸਾਲ 1906 ‘ਚ ਜਿਸ ਸਮੇਂ ਉਨ੍ਹਾਂ ਦੀ ਉਮਰ 19 ਸਾਲ ਸੀ ਦੌਰਾਨ ਰਮਨ ਦਾ ਪਹਿਲਾ ਰਿਸਰਚ ਪੇਪਰ ਪ੍ਰਕਾਸ਼ਿਤ ਹੋਇਆ ਸੀ। ਰਮਨ ਨੇ ਅਪਣਾ ਰਿਸਰਚ ਪੇਪਰ ਸਿੱਧੇ ਫਿਲੋਸੋਫਿਕਲ ਮੈਗਜੀਨ ਨੂੰ ਭੇਜ ਦਿਤਾ ਸੀ ਜਿਸ ਵਿੱਚ ਇਸ ਨੂੰ ਛਾਪਿਆ ਗਿਆ। ਇਹ ਰਿਸਰਚ ਪੇਪਰ ਪ੍ਰਕਾਸ਼ ਦੇ ਸੁਭਾਅ ਉੱਤੇ ਆਧਾਰਿਤ ਸੀ। ਸੀ. ਵੀ. ਰਮਨ ਨੇ ਜਿਸ ਵੀ ਖੇਤਰ ਨੂੰ ਚੁਣਿਆ ਉਸ ਵਿਚ ਅਵੱਲ ਰਿਹਾ। ਉਸਨੇ ਆਈ. ਸੀ. ਐਸ. ਦੀ ਪ੍ਰੀਖਿਆ ਦਿੱਤੀ ਤਾਂ ਏਥੇ ਵੀ ਅੱਵਲ ਆਇਆ, ਉਸ ਦੀ ਨਿਯੁਕਤੀ ਅਸਿਸਟੈਂਟ ਅਕਾਊਂਟੈਂਟ ਜਨਰਲ ਵਜੋਂ ਹੋ ਗਈ।
ਰਮਨ ਪੂਰੀ ਤਰ੍ਹਾਂ ਵਿਗਿਆਨ ਤੇ ਖਾਸ ਤੌਰ ‘ਤੇ ਫਿਜ਼ੀਕਸ ਦੇ ਖੇਤਰ ਨਾਲ ਪੂਰੀ ਤਨ-ਦੇਹੀ ਨਾਲ ਸਮਰਪਿਤ ਸੀ। ਨਿਊਟਨ ਵਾਂਗ ਰਮਨ ਨੂੰ ਵੀ ਬਹੁਤ ਡੂੰਘੀ ਤਰ੍ਹਾਂ ਸਧਾਰਨ ਗੱਲ ਨੂੰ ਸਮਝਣ ਤੇ ਵਿਗਿਆਨਕ ਕਾਰਨ ਜਾਣਨ ਦੀ ਆਦਤ ਸੀ। ਜਿਸ ਤਰ੍ਹਾਂ ਨਿਊਟਨ ਨੇ ਫਲ ਨੂੰ ਧਰਤੀ ਤੇ ਡਿੱਗਦੇ ਵੇਖ ਕੇ ਧਰਤੀ ਦੇ ਗੁਰੂਤਾ ਆਕਰਸ਼ਣ ਸਿੱਧਾਂਤ ਨੂੰ ਸਿੱਧ ਕੀਤਾ ਇਸੇ ਤਰ੍ਹਾਂ ਹੀ ਰਮਨ ਨੇ ਜਦੋਂ ਸਮੁੰਦਰ ਵਿਚ ਨੀਲਾ ਪਾਣੀ ਵੇਖਿਆ ਤਾਂ ਵਿਗਿਆਨਕ ਕਾਰਨਾਂ ਬਾਰੇ ਸੋਚਣ ਲੱਗ ਪਿਆ ਤੇ ਆਖਰ ਵਿਚ ਇਸ ਸੋਚ ਨੂੰ ‘ ਰਮਨ ਪ੍ਰਭਾਵ’ ਦਾ ਨਾਂ ਦਿੱਤਾ ਗਿਆ। ਜਿਸ ਦਿਨ ਅਰਥਾਤ 28 ਫਰਵਰੀ 1928 ਨੂੰ ਰਮਨ ਦੀ ਥਿਊਰੀ ਪ੍ਰਮਾਣਿਤ ਹੋਈ, ਉਸ ਦਿਨ ਨੂੰ ਹੀ ਵਿਗਿਆਨ ਦਿਵਸ ਦਾ ਨਾਂ ਦੇ ਕੇ ਭਾਰਤ ਸਰਕਾਰ ਵਿਗਿਆਨ ਦਿਵਸ ਮਨਾਉਂਦੀ ਹੈ। ਰਮਨ ਨੇ ਸਮੁੰਦਰ ਦੇ ਪਾਣੀ ਦੇ ਨੀਲੇ ਹੋਣ ਦੇ ਪਹਿਲਾਂ ਦਿੱਤੇ ਸਿਧਾਂਤ ਨੂੰ ਗਲਤ ਸਾਬਤ ਕਰਕੇ ਆਪਣੀ ਖੋਜ ਅਨੁਸਾਰ ਨਵੀਂ ਵਿਗਿਆਨਕ ਸੋਚ ਸਥਾਪਿਤ ਕੀਤੀ। ਰਮਨ ਨੂੰ ਲਾਰਡ ਰੇਲੇ ਦੀ ਥਿਊਰੀ ਕਿ ਆਕਾਸ਼ ਦਾ ਰੰਗ ਨੀਲਾ ਹੋਣ ਕਰਕੇ ਸਮੁੰਦਰ ਦਾ ਜਲ ਵੀ ਪ੍ਰਤੀਬਿੰਬਤ ਹੋ ਕੇ ਨੀਲਾ ਦਿਖਾਈ ਦੇਂਦਾ ਹੈ, ਗਲਤ ਸਾਬਤ ਕਰ ਦਿੱਤਾ ਤੇ ਕਿਹਾ ਸਮੁੰਦਰ ਦੇ ਨੀਲੇ ਹੋਣ ਦਾ ਕਾਰਨ ਅਸਮਾਨ ਦਾ ਨੀਲਾ ਰੰਗ ਨਹੀਂ, ਸਗੋਂ ਰਮਨ ਅਨੁਸਾਰ ਪਾਣੀ ਅੰਦਰ ਹੀ ਕੁਝ ਕਣ ਅਜਿਹੇ ਹੁੰਦੇ ਹਨ, ਜੋ ਸਮੁੰਦਰ ਨੂੰ ਨੀਲਾ ਬਣਾ ਦੇਂਦੇ ਹਨ। ਇਸ ਤੱਥ ਨੂੰ ਰਮਨ ਨੇ ਪੂਰੀ ਖੋਜ ਰਾਹੀਂ ਅਸਲੀ ਰੂਪ ਵਿਚ ਪ੍ਰੈਕਟੀਕਲ ਕਰਕੇ ਸਾਬਤ ਕਰ ਦਿੱਤਾ। ਇਹ ਖੋਜ 28 ਫਰਵਰੀ 1928 ਨੂੰ ਹੋਈ। ਰਮਨ ਦੀ ਇਹ ਖ਼ੋਜ 16 ਮਾਰਚ ਨੂੰ ਬੰਗਲੌਰ ਵਿਖੇ ਨਿਊ ਥਿਊਰੀ ਆਫ ਰੇਡੀਏਸ਼ਨ ਸਿਰਲੇਖ ਥੱਲੇ ਪ੍ਰਕਾਸ਼ਿਤ ਹੋਈ ਤੇ ਬਾਅਦ ਵਿਚ ਇਸ ਬਾਰੇ ਇਕ ਵਿਸਤ੍ਰਿਤ ਜਾਣਕਾਰੀ ਵਾਲਾ ਭਾਸ਼ਨ ਵੀ ਦਿੱਤਾ ਜੋ ਇੰਡੀਅਨ ਜਰਨਲ ਫਿਜੀਕਸ ਵਿਚ 31 ਮਾਰਚ ਦੇ ਅੰਕ ਵਿਚ ਪ੍ਰਕਾਸ਼ਿਤ ਹੋਇਆ।
ਰਮਨ ਨੇ ਵਿਗਿਆਨ ਵਿਚ ਨੋਬਲ ਇਨਾਮ ਜਿੱਤ ਕੇ ਭਾਰਤ ਦਾ ਸਿਰ ਗੌਰਵਮਈ ਢੰਗ ਨਾਲ ਉੱਚਾ ਕੀਤਾ। ਉਹ ਸਹੀ ਅਰਥਾਂ ਵਿਚ ਭਾਰਤੀ ਸਨ ਤੇ ਸਦਾ ਸਾਦਾ ਪੁਸ਼ਾਕ ਵਿਚ ਹੀ ਸਾਰਾ ਕੰਮ ਕਾਜ ਕਰਦੇ ਰਹੇ ਸਨ। ਸਰਕਾਰ ਨੇ ਜਿਸ ਦਿਨ ਉਨ੍ਹਾਂ ਨੂੰ ‘ਰਮਨ ਪ੍ਰਭਾਵ’ ਘੋਸ਼ਿਤ ਕੀਤਾ, ਉਸ ਦਿਨ ਨੂੰ ‘ਵਿਗਿਆਨ ਦਿਵਸ’ ਘੋਸ਼ਿਤ ਕਰਕੇ ਵਿਗਿਆਨ ਲਈ ਇੱਕ ਬਹੁਤ ਸਾਰਥਿਕ ਕਦਮ ਚੁੱਕਿਆ ਹੈ ਤੇ ਭਾਰਤੀ ਵਿਗਿਆਨੀਆਂ ਲਈ ਇਹ ਦਿਨ ਇਕ ਪ੍ਰੇਰਣਾਮਈ ਦਿਨ ਬਣ ਗਿਆ। ਰਮਨ ਨੇ ਇਹ ਸਿੱਧ ਕਰ ਦਿੱਤਾ ਕਿ ਭਾਰਤ ਵਿਚ ਹੀ ਖੋਜ ਕਰਕੇ ਸੰਸਾਰ ਵਿਚ ਪ੍ਰਸਿੱਧੀ ਅਤੇ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। ਰਮਨ ਨੇ ਘੱਟ ਤੋਂ ਘੱਟ ਖ਼ਰਚ ਦੀ ਵਰਤੋਂ ਕਰਕੇ ਨਵੇਂ ਉਪਕਰਨ ਬਣਾ ਕੇ ਲੋਕਾਂ ਸਾਹਮਣੇ ਇਕ ਮਿਸਾਲ ਪੈਦਾ ਕਰ ਦਿੱਤੀ। ਸਾਰੀ ਉਮਰ ਉਹ ਵਿਦਿਆਰਥੀਆਂ ਨੂੰ ਸਮਝਾਉਂਦੇ ਰਹੇ ਕਿ ਸਾਦਾ ਤੇ ਘੱਟ ਕੀਮਤ ਵਾਲ਼ੇ ਉਪਕਰਨ ਨਾਲ ਵੀ ਉਹ ਉੱਚੀ ਤੋਂ ਉੱਚੀ ਖੋਜ ਪ੍ਰਾਪਤੀ ਕਰ ਸਕਦੇ ਹਨ।
ਉਸਦੀ ਅਦਭੁੱਤ ਪ੍ਰਤਿਭਾ ਨੂੰ ਦੇਖ ਕੇ ਉਸਦੇ ਅਧਿਆਪਕਾਂ ਨੇ ਇੰਗਲੈਂਡ ਜਾ ਕੇ ਵਿਗਿਆਨ ਦੀ ਉਚੇਰੀ ਪੜ੍ਹਾਈ ਲੈਣ ਲਈ ਪ੍ਰੇਰਿਆ ਪਰ ਸਿਵਲ ਸਰਜਨ ਨੇ ਮਾੜੀ ਸਿਹਤ ਕਾਰਨ ਉਸਨੂੰ ਮੈਡੀਕਲ ਸਰਟੀਫਿਕੇਟ ਨਾ ਦਿੱਤਾ।
ਡਾ. ਸੀਵੀ ਰਮਨ ਨੇ 28 ਫਰਵਰੀ 1928 ਨੂੰ ਅਧਿਕਾਰਕ ਤੌਰ ‘ਤੇ ਰਮਨ ਇਫੈਕਟ ਦੀ ਖੋਜ ਕੀਤੇ ਜਾਣ ਦਾ ਐਲਾਨ ਕੀਤਾ ਸੀ। ਸੰਨ 1929 ਵਿੱਚ ਰਮਨ ਨੂੰ ‘ਸਰ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।ਇਸ ਖੋਜ ਲਈ ਉਨ੍ਹਾਂ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਲਾਈਟ ਵੇਵ ਆਪਟਿਕਸ, ਧੁਨੀ ਵਿਗਿਆਨ ,ਰਮਨ ਸਪੈਕਟ੍ਰੋਸਕੋਪੀ ਅਤੇ ਕੋਲਾਇਡਜ਼ ਆਦਿ ਦੇ ਰਹੱਸਾਂ ਤੋਂ ਪਰਦਾ ਉਠਾਉਣ ਲਈ ਨਵੇਂ ਰਸਤੇ ਖੋਲ੍ਹ ਦਿੱਤੇ। ਉਸਨੂੰ 1929 ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਸਰ ਦੀ ਉਪਾਧੀ ਦਿੱਤੀ ਗਈ ਸੀ। 1934 ਵਿੱਚ ਉਸਨੂੰ ਰਾਇਲ ਸੋਸਾਇਟੀ ਦਾ ਫ਼ੈਲੋ ਚੁਣਿਆ ਗਿਆ । 1948 ਵਿੱਚ ਉਸਨੇ ਬੰਗਲੌਰ ਵਿੱਚ ਰਮਨ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ਵਿੱਚ ਖੋਜ ਕਰਦੇ ਰਹੇ। 1954 ਈ: ਵਿੱਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਨਿਵਾਜਿਆ ਗਿਆ। ਤੁਹਾਨੂੰ 1957 ਵਿੱਚ ਲੈਨਿਨ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਦੇਸ਼ ਦੇ ਮਹਾਨ ਵਿਗਿਆਨੀ ਸੀਵੀ ਰਮਨ ਦਾ ਦੇਹਾਂਤ 21 ਨਵੰਬਰ 1970 ਨੂੰ ਹਾਰਟ ਅਟੈਕ ਨਾਲ ਹੋਇਆ। ਅਕਤੂਬਰ 1970 ਦੇ ਅੰਤ ਵਿੱਚ ਰਮਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਆਪਣੀ ਪ੍ਰਯੋਗਸ਼ਾਲਾ ਵਿੱਚ ਹੀ ਡਿੱਗ ਗਿਆ। ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਦਾ ਪਤਾ ਲਗਾਇਆ ਅਤੇ ਘੋਸ਼ਣਾ ਕੀਤੀ ਕਿ ਉਹ ਹੋਰ ਚਾਰ ਘੰਟੇ ਤੱਕ ਹੀ ਬਚੇਗਾ। ਰਮਨ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸਨੇ ਆਪਣੇ ਇੱਕ ਸਾਬਕਾ ਵਿਦਿਆਰਥੀ ਨੂੰ ਕਿਹਾ, “ਅਕੈਡਮੀ ਦੇ ਜਰਨਲ ਮੈਗਜ਼ੀਨ ਨੂੰ ਖ਼ਤਮ ਨਾ ਹੋਣ ਦਿਓ, ਕਿਉਂਕਿ ਇਹ ਦੇਸ਼ ਵਿੱਚ ਵਿਗਿਆਨ ਦੀ ਗੁਣਵੱਤਾ ਦੇ ਸੰਵੇਦਨਸ਼ੀਲ ਸੂਚਕ ਹਨ। ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹੈ ਪਰ ਰਮਨ ਪ੍ਰਭਾਵ ਸੱਭ ਤੋਂ ਅਹਿਮ ਹੈ। ਰਮਨ ਇਕ ਆਦਰਸ਼ਕ ਭਾਰਤੀ ਵਿਗਿਆਨਕ ਸਨ, ਸਾਦਾ ਜੀਵਨ ਤੇ ਉੱਚੇ ਵਿਚਾਰ ਉਨ੍ਹਾਂ ਦੇ ਜੀਵਨ ਦਾ ਮਕਸਦ ਸੀ। ਸਾਨੂੰ ਵਿਗਿਆਨ ਦਿਵਸ ਨੂੰ ਮਨਾਉਣ ਲੱਗਿਆਂ ਸੀ ਵੀ ਰਮਨ ਦੇ ਜੀਵਨ ਅਤੇ ਮਹਾਨ ਸ਼ਖ਼ਸੀਅਤ ਵੱਲੋਂ ਕੀਤੀਆਂ ਖੋਜਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।
9781590500
Leave a Comment
Your email address will not be published. Required fields are marked with *