ਪਿੰਡ ਵਾਸੀਆਂ ਅਤੇ ਐਨ ਆਰ ਆਈਜ਼ ਨੇ ਦਿੱਤਾ ਖੂਬ ਸਹਿਯੋਗ
ਪਿੰਡ ਵਾਸੀਆਂ ਨੇ ਨੌਜਵਾਨਾਂ ਦੀ ਕੀਤੀ ਖ਼ੂਬ ਸ਼ਲਾਘਾ
ਚੱਕ ਜਾਨੀਸਰ (ਫ਼ਾਜ਼ਿਲਕਾ) 29 ਫਰਵਰੀ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਗੱਭਰੂ ਕਿਸੇ ਸਮੇਂ ਆਪਣੇ ਮਜਬੂਤ ਜੁੱਸਿਆਂ ਕਰਕੇ ਪੂਰੇ ਸੰਸਾਰ ਵਿੱਚ ਇੱਕ ਵਿਲੱਖਣ ਤੌਰ ਤੇ ਜਾਣੇ ਜਾਂਦੇ ਸਨ ਜਿਸ ਦਾ ਮੁੱਖ ਕਾਰਨ ਸੀ ਉਹਨਾਂ ਦੁਆਰਾ ਵਰਜਿਸ਼ ਕਰਨੀ ਅਤੇ ਭਾਂਤ ਭਾਂਤ ਦੀਆਂ ਖੇਡਾਂ ਵਿੱਚ ਸਮੂਲੀਅਤ ਕਰਨੀ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਕੱਲ ਜਵਾਨੀ ਸ਼ਰੀਰ ਕਮਾਉਣ ਦਾ ਰਾਸਤਾ ਭੁੱਲ ,ਭਾਂਤ ਭਾਂਤ ਦੇ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ। ਪਰ ਪੰਜਾਬ ਦੀ ਸੱਤਾ ਤੇ ਕਾਬਜ਼ ਹੁੰਦਿਆਂ ਹੀ ਸਾਰੀਆਂ ਸਰਕਾਰਾਂ ਲੋਕਾਂ ਦੇ ਹਿੱਤ ਅਤੇ ਨਸ਼ੇ ਜਿਹੇ ਗੰਭੀਰ ਮੁੱਦਿਆਂ ਨੂੰ ਦਰ ਕਿਨਾਰ ਕਰਦੇ ਹੋਏ ਆਪਣੀਆਂ ਤਿਜੋਰੀਆਂ ਭਰਨ ਨੂੰ ਹੀ ਤਰਜੀਹ ਦਿੰਦੀਆਂ ਹਨ।
ਹੁਣ ਲੋਕ ਵੀ ਮਹਿਸੂਸ ਕਰਨ ਲੱਗੇ ਹਨ ਕਿ ਉਹਨਾਂ ਨੂੰ ਸਰਕਾਰਾਂ ਤੋਂ ਕੋਈ ਬਹੁਤੀ ਉਮੀਦ ਨਾ ਰੱਖਦੇ ਹੋਏ ਆਪਣੇ ਪੱਧਰ ਤੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚ ਗਰਕ ਹੋਣ ਤੋਂ ਬਚਾਇਆ ਜਾ ਸਕੇ। ਕੁਝ ਅਜਿਹਾ ਹੀ ਜਜ਼ਬਾ ਦੇਖਣ ਨੂੰ ਮਿਲਿਆ ਹੈ ਸਰਕਾਰ ਵੱਲੋਂ ਇੱਕ ਆਦਰਸ਼ ਪਿੰਡ ਵਜੋਂ ਅਵਾਰਡ ਪ੍ਰਾਪਤ ਕਰ ਚੁੱਕੇ ਜਿਲਾ ਫਾਜ਼ਿਲਕਾ ਦੇ ਪਿੰਡ ਚੱਕ ਜਾਨੀਸਰ ਦੇ ਨੌਜਵਾਨਾਂ ਦਾ, ਜਿੰਨਾ ਵੱਲੋਂ ਉੱਦਮ ਕਰਦਿਆਂ ਆਪਣੇ ਪਿੰਡ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਵਿਦੇਸ਼ (ਕਨੇਡਾ)ਦੀ ਧਰਤੀ ਤੋਂ ਕੁਝ ਸਮੇਂ ਲਈ ਪੰਜਾਬ ਪਰਤੇ ਨੌਜਵਾਨ ਰਮਨਦੀਪ ਸਿੰਘ ਸੰਘਾ ਉਰਫ਼ ਰਮਨਾ ਨੇ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰਦਿਆਂ ਅਤੇ ਆਪਸੀ ਸਲਾਹ ਮਸ਼ਵਰੇ ਨਾਲ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਕਰਵਾ ਜਿੱਥੇ ਨੌਜਵਾਨਾ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਇੱਕ ਸੁਚੱਜਾ ਯਤਨ ਕੀਤਾ ਹੈ ਉਥੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵੀ ਉਤਸ਼ਾਹਿਤ ਕਰਨ ਵਾਲੀਆਂ ਪੈੜਾਂ ਵਿੱਚ ਆਪਣਾ ਕਦਮ ਰੱਖਿਆ ਹੈ। ਦੱਸ ਦਈਏ ਕਿ ਬੀਤੀ 27 ਫਰਵਰੀ ਨੂੰ ਪਿੰਡ ਚੱਕ ਜਾਨੀਸਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਐਨਆਰਆਈ ਲੋਕਾਂ ਦੇ ਸਹਿਯੋਗ ਨਾਲ ਇੱਕ ਓਪਨ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀਆਂ ਕਈ ਨਾਮੀ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਪਹਿਲੀ ਜੇਤੂ ਟੀਮ ਨੂੰ 51000/ , ਦੂਜੀ ਜੇਤੂ ਟੀਮ ਨੂੰ 41000 / ਤੋਂ ਇਲਾਵਾ ਬੈਸਟ ਰੇਡਰ ਨੂੰ 11ਹਜ਼ਾਰ ਰੁਪਏ ਇਸੇ ਤਰ੍ਹਾਂ ਬੈਸਟ ਜਾਫੀ ਨੂੰ ਵੀ 11 ਹਜ਼ਾਰ ਰੁਪਏ ਦਾ ਇਨਾਮ ਹੌਸਲਾ ਅਫਜ਼ਾਈ ਵਜੋਂ ਦਿੱਤਾ ਗਿਆ।ਇਸ ਪ੍ਰੋਗਰਾਮ ਵਿੱਚ ਜਲਾਲਾਬਾਦ ਹਲਕੇ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ (ਗੋਲਡੀ) ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਜਿੱਥੇ ਪੁੱਜੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਉਥੇ ਪਿੰਡ ਦੇ ਯੁਵਕਾਂ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ। ਇਸ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਤੋਂ ਲੈਕੇ ਮੁਕੰਮਲ ਹੋਣ ਤੱਕ ਸ੍ਰ ਜਸਕਰਨ ਸਿੰਘ ਸੰਘਾ ਅਤੇ ਪਿੰਡ ਦੇ ਹੋਰ ਕਈ ਪਤਵੰਤੇ ਵਿਅਕਤੀਆਂ ਨੇ ਕਾਕਾ ਰਮਨਦੀਪ ਸਿੰਘ ਅਤੇ ਪੂਰੀ ਟੀਮ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ। ਜ਼ਿਕਰ ਯੋਗ ਹੈ ਕਿ ਇਸ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਲੋਕਾਂ ਵਿੱਚ ਇਨਾ ਉਤਸ਼ਾਹ ਸੀ ਕਿ ਆਸੇ ਪਾਸੇ ਦੇ ਕਈ ਪਿੰਡਾਂ ਦੇ ਲੋਕ ਹੁੰਮ ਹੁੰਮਾਂ ਕੇ ਇਸ ਟੂਰਨਾਮੈਂਟ ਨੂੰ ਦੇਖਣ ਲਈ ਪੁੱਜੇ ਹੋਏ ਸਨ। ਇਸ ਟੂਰਨਾਮੈਂਟ ਤੇ ਹੋਣ ਵਾਲੇ ਸੰਭਾਵੀ ਇਕੱਠ ਨੂੰ ਦੇਖਦੇ ਹੋਏ ਪ੍ਰਬੰਧਕਾਂ ਵੱਲੋਂ ਹਰ ਤਰ੍ਹਾਂ ਦੇ ਉਚਿੱਤ ਪ੍ਰਬੰਧ ਕੀਤੇ ਗਏ ਸਨ।
ਇਸ ਬਾਰੇ ਜਦੋਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਕਿਹਾ ਕਿ ਕਾਕਾ ਰਮਨਦੀਪ ਸਿੰਘ ਰਮਨਾ, ਯਾਦਵਿੰਦਰ ਸਿੰਘ ਯਾਦੂ ਅਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਜੋ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਹੈ ਇਹ ਇੱਕ ਅਤਿ ਸ਼ਲਾਘਾਯੋਗ ਕੰਮ ਹੈ। ਇਸ ਨਾਲ ਸਾਡੇ ਪਿੰਡ ਦੇ ਨਾਮ ਦੇ ਜਿੱਥੇ ਦੂਰ ਦੂਰ ਤੱਕ ਚਰਚੇ ਹੋਏ ਹਨ ਉਥੇ ਹੀ ਇਨਾ ਕਬੱਡੀ ਖੇਡਦੇ ਹੋਏ ਖਿਡਾਰੀਆਂ ਨੂੰ ਦੇਖ ਕੁੱਝ ਨਾ ਕੁੱਝ ਨੌਜਵਾਨ ਜਰੂਰ ਹੀ ਇਹਨਾਂ ਤੋਂ ਪ੍ਰਭਾਵਿਤ ਹੋਣਗੇ ਅਤੇ ਨਸ਼ੇ ਜਿਹੀ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਹੋਣਗੇ। ਪਿੰਡ ਦੇ ਲੋਕਾਂ ਨੇ ਕੁਝ ਵਿਅਕਤੀਆਂ ਦਾ ਨਾਮ ਲਏ ਬਗੈਰ ਕਿਹਾ ਕਿ ਪਿੰਡ ਵਿੱਚ ਕੁਝ ਅਜਿਹੇ ਵੀ ਵਿਅਕਤੀ ਹਨ ਜਿਹੜੇ ਆਪਣੇ ਰਾਜਨੀਤਿਕ ਲਾਹੇ ਲਈ ਪਿੰਡ ਦੇ ਲੋਕਾਂ ਨੂੰ ਦੋਫਾੜ ਕਰਦੇ ਹੋਏ ਧੜੇਬੰਦੀਆਂ ਬਣਾਉਂਦੇ ਆਏ ਹਨ ਜਿਸ ਨਾਲ ਪਿੰਡ ਦੀ ਭਾਈਚਾਰਕ ਸਾਂਝ ਨੂੰ ਡੂੰਘਾ ਧੱਕਾ ਲੱਗਾ ਹੈ। ਪਰ ਇਹਨਾਂ ਨੌਜਵਾਨਾਂ ਨੇ ਇਸ ਟੂਰਨਾਮੈਂਟ ਲਈ ਪੂਰੇ ਪਿੰਡ ਦਾ ਸਹਿਯੋਗ ਲੈ ਕੇ ਸਾਰਿਆਂ ਨੂੰ ਇੱਕ ਹੋਣ ਦਾ ਸੱਦਾ ਦਿੱਤਾ ਹੈ। ਪਿੰਡ ਵਾਸੀਆਂ ਨੇ ਉਮੀਦ ਜਤਾਈ ਕੇ ਰਮਨਦੀਪ ਸਿੰਘ ਰਮਨਾ, ਯਾਦਵਿੰਦਰ ਯਾਦੂ ਅਤੇ ਇਹਨਾਂ ਦੀ ਟੀਮ ਭਵਿੱਖ ਵਿੱਚ ਵੀ ਪਿੰਡ ਦੀ ਬਿਹਤਰੀ ਖੁਸ਼ਹਾਲੀ, ਤਰੱਕੀ ਅਤੇ ਭਾਈਚਾਰਕ ਸਾਂਝ ਲਈ ਅੱਗੇ ਲੱਗ ਕੇ ਕੰਮ ਕਰੇਗੀ।
Leave a Comment
Your email address will not be published. Required fields are marked with *