ਕੋਟਕਪੂਰਾ, 28 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਰਭਿੰਦਰ ਸਿੰਘ ਗਰੇਵਾਲ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ਵਿੱਚ ਪਟਾਕੇ ਵੇਚਣ/ਸਟਾਕ ਕਰਨ ਲਈ 24 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਇਹ ਡਰਾਅ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ’ਚ ਹੀ ਕੱਢੇ ਗਏ। ਡਰਾਅ ਕੱਢਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਹਾਜ਼ਰੀਨ ਬਿਨੈਕਾਰਾਂ ਪਾਸੋਂ ਵੱਖ-ਵੱਖ ਲਾਇਸੈਂਸ ਵਾਲੀਆਂ ਪਰਚੀਆਂ ਚੈੱਕ ਕਰਵਾਈਆ ਗਈਆਂ। ਇਸ ਡਰਾਅ ਦੀਆਂ ਪਰਚੀਆਂ ਮੌਕੇ ਵੀਡੀਓਗ੍ਰਾਫੀ ਕਰਦਿਆਂ ਬਿਨੈਕਾਰਾਂ ਤੋਂ ਹੀ ਕੱਢਵਾਈਆ ਗਈਆਂ। ਏ.ਡੀ.ਸੀ (ਡੀ) ਨੇ ਦੱਸਿਆ ਕਿ ਜ਼ਿਲੇ ਦੀਆਂ 3 ਸਬ ਡਵੀਜ਼ਨਾਂ ’ਚ 24 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੁੱਲ 369 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਲਈ ਪ੍ਰਾਪਤ ਕੁੱਲ 177 ਦਰਖਾਸਤਾਂ ’ਚੋਂ 15 ਆਰਜ਼ੀ ਲਾਇਸੈਂਸ ਦੇ ਡਰਾਅ ਕੱਢੇ ਗਏ। ਇਸੇ ਤਰਾਂ ਸਬ ਡਵੀਜ਼ਨ ਕੋਟਕਪੂਰਾ ਲਈ ਪ੍ਰਾਪਤ 181 ਦਰਖਾਸਤਾਂ ’ਚੋਂ 5 ਅਤੇ ਸਬ-ਡਵੀਜ਼ਨ ਜੈਤੋ ਲਈ ਪ੍ਰਾਪਤ ਕੁੱਲ 11 ਦਰਖਾਸਤਾਂ ’ਚੋਂ 4 ਆਰਜ਼ੀ ਲਾਇਸੈਂਸ ਦੇ ਡਰਾਅ ਕੱਢੇ ਗਏ। ਉਨਾਂ ਇਹ ਵੀ ਦੱਸਿਆ ਕਿ ਪਟਾਕੇ ਨਿਸਚਿਤ ਥਾਵਾਂ ’ਤੇ ਹੀ ਵੇਚੇ/ਸਟਾਕ ਕੀਤੇ ਜਾ ਸਕਣਗੇ ਅਤੇ ਬਿਨਾ ਲਾਇਸੈਂਸ ਤੋ ਕੋਈ ਵੀ ਵਿਅਕਤੀ ਪਟਾਕੇ ਨਹੀ ਵੇਚ ਸਕੇਗਾ।