“ਨੀ ਰੱਜੋ ਅਜੇ ਤਾਂ ਤੂੰ ਬੀਮਾਰ ਹੈਂ, ਠੀਕ ਹੁੰਦੀ ਤਾਂ ਪਤਾ ਨੀ ਕੀ ਕਰ ਲੈਂਦੀ ?” ਝੇਡਾਂ ਕਰਦੇ ਰੱਜੋ ਦੀ ਸਹੇਲੀ ਅੱਕੋ ਨੇ ਕਿਹਾ। ਰੱਜੋ ਜਿਹੜੀ ਕਿ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੀ ਸੀ, ਪਰ ਉਸਨੇ ਆਪਣਾ ਹੌਂਸਲਾ ਕਦੀ ਵੀ ਨਾ ਡਿੱਗਣ ਦਿੱਤਾ। ਰੱਜੋ ਲਈ ਰੱਬ ਨੇ ਕਈ ਦਰਵਾਜ਼ੇ ਬੰਦ ਕਰ ਦਿੱਤੇ ਪਰ ਬਥੇਰੇ ਖੋਲ੍ਹ ਵੀ ਦਿੱਤੇ ਸੀ । ਬਿਮਾਰੀ ਕੱਟਣ ਦੇ ਬਾਵਜੂਦ ਵੀ ਰੱਜੋ ਨੇ ਨਾ ਘਰ ਦਾ ਕੰਮ ਛੱਡਿਆ, ਨਾ ਪੜ੍ਹਨਾ ਨਾ ਪੜਾਉਣਾ । ਚਾਈਂ-ਚਾਈ ਰੱਜੋ ਨੇ ਸਹੇਲੀ ਨੂੰ ਦੱਸਿਆ “ਜਿਵੇਂ ਹੀ ਇਸ ਚੰਦਰੀ ਬਿਮਾਰੀ ਨੇ ਮੈਨੂੰ ਘੇਰਿਆ, ਰੱਬ ਤੋਂ ਤਾਂ ਵਿਸ਼ਵਾਸ ਹੀ ਖ਼ਤਮ ਹੋ ਗਿਆ, ਪਰ ਦਰਦ ਨਾਲ ਤੜਪਦੀ ਨੂੰ ਸਿਰਫ਼ ਰੱਬ ਹੀ ਯਾਦ ਆਉਂਦਾ ਸੀ। ਪਰਿਵਾਰ ਤੇ ਜੀਵਨ ਸਾਥੀ ਨੇ ਬਹੁਤ ਸਾਥ ਦਿੱਤਾ ਬਿਮਾਰੀ ਨੂੰ ਨਜਿੱਠਣ ਵਾਸਤੇ, ਪਰ ਮੇਰੇ ਦਿਲ ਦੇ ਅਰਮਾਨ, ਅੱਗੇ ਵੱਧਣ ਦੀ ਚਾਅ , ਕੁੱਝ ਵੱਖਰਾ ਕਰਨ ਦੀ ਇੱਛਾ ਹੁਣ ਕਿਤੇ ਗੁਆਚ ਗਈ ਲੱਗਦੀ ਸੀ।” ਅੱਖਾਂ ਨਮ ਕਰ ਰੱਜੋ ਦੱਸਦੀ ਰਹੀ ਤੇ ਅੱਕੋ ਸੁਣਦੀ ਰਹੀ , “ਕਈ ਵਰ੍ਹੇ ਪਹਿਲਾਂ ਹਾਰ ਤਾਂ ਨਾ ਮੰਨੀ ਮੈਂ ਇਸ ਬਿਮਾਰੀ ਤੋਂ , ਨੌਕਰੀ ਤੇ ਜਾਣਾ ਜਾਰੀ ਰੱਖਿਆ, ਚਾਹੇ ਅਥਾਹ ਦਰਦ ਵਿੱਚ ਹੀ ਸੀ। ਸਮਾਂ ਬੀਤਿਆਂ ਸਰੀਰ ਨੇ ਜਵਾਬ ਦੇ ਦਿੱਤਾ ਨੌਕਰੀ ਕਰਨ ਤੋਂ ਫਿਰ ਕੀ ਸੀ, ਜ਼ਿੰਦਗੀ ਚ ਕੁਝ ਅਧੂਰਾ ਲੱਗਣਾ ਸ਼ੁਰੂ ਹੋ ਗਿਆ, ਇਨੇ ਸਾਲ ਨੌਕਰੀ ਕਰਨ ਤੋਂ ਬਾਅਦ ਘਰ ਬਿਮਾਰਾਂ ਵਾਂਗ ਬੈਠ ਜਾਣਾ,ਮਨਜੂਰ ਨਹੀਂ ਸੀ ਮੈਨੂੰ। ਪਰ ਸ਼ਾਇਦ ਕੀਤੇ ਹੋਏ ਕੁਝ ਚੰਗੇ ਕਰਮਾਂ ਨੇ ਸਾਥ ਦਿੱਤਾ ਤੇ ਨਵੇਂ ਸਿਰੋਂ ਪੜ੍ਹਾਈ ਕੀਤੀ, ਇਕ ਨਵੇਂ ਕੈਰੀਅਰ ਦੀ ਸ਼ੁਰੂਆਤ ਹੋਈ, ਔਖੀ ਬਹੁਤ ਹੋਈ, ਪਰ ਮਜ਼ਾ ਲੈ ਰਹੀ ਸੀ ਮੈਂ ਆਪਣੇ ਅੱਗੇ ਵੱਧਣ ਵਿੱਚ। ਜ਼ਿੰਦਗੀ ਦਾ ਇੱਕ ਨਵਾਂ ਅਧਿਐਨ ਸ਼ੁਰੂ ਹੋ ਗਿਆ । ਰੱਜੋ ਨੇ ਦੱਸਿਆਂ ਕਿਵੇਂ ਉਹ 25000 ਦੀ ਨੌਕਰੀ ਛੱਡ 2500 ਦੀ ਨੌਕਰੀ ਕਰਨ ਲੱਗੀ । ਪਰ ਉਸ ਨੌਕਰੀ ਵਿੱਚ ਵੀ ਰੂਹ ਦੀ ਖੁਸ਼ੀ ਮਿਲੀ ਉਸ ਨੂੰ। ਅੱਕੋ ਹੈਰਾਨ ਰਹਿ ਗਈ ਰੱਜੋ ਦੀਆਂ ਇਹਨਾਂ ਗੱਲਾਂ ਤੇ ਅਤੇ ਹੈਰਾਨੀ ਨਾਲ ਪੁੱਛਿਆ “ਕਿਵੇਂ ਇੰਨੀ ਹਿੰਮਤ ਮਿਲਦੀ ਸਭ ਕਰਨ ਦੀ ?” ਰੱਜੋ ਨੇ ਜਵਾਬ ਦਿੱਤਾ “ਉਹੀ ਪਰਮਾਤਮਾ, ਜਿਸਨੂੰ ਮੈਂ ਭੁਲਾ ਚੁੱਕੀ ਸੀ , ਉਸਦਾ ਨਿੱਤਨੇਮ , ਹੀਰੇ ਵਰਗੀਆਂ ਸਹੇਲੀਆਂ ਦੇ ਸਾਥ , ਪਰਿਵਾਰ ਦਾ ਸਾਥ ਅਤੇ ਦਿਲ ਵਿੱਚ ਹਰ ਵੇਲੇ ਬਸ ਅੱਗੇ ਵਧਣ ਦੀ ਤਾਂਘ ਨੇ ਹਿੰਮਤ ਬਖਸ਼ੀ ਰੱਖੀ।” ਅੱਕੋ ਨੂੰ ਬੜੀਆਂ ਡੂੰਘੀਆਂ ਤੇ ਸੱਚੀਆਂ ਲੱਗੀਆਂ ਇਹ ਗੱਲਾਂ ਅਤੇ ਪੁੱਛ ਬੈਠੀ ” ਨੀ ਰੱਜੋ ! ਕੀ ਇਹ ਸਭ ਔਰਤਾਂ ਦੇ ਵੱਸ ਦੀ ਗੱਲ ਹੈ ?” ਬਸ ਫਿਰ ਰੱਜੋ ਨੇ ਪੂਰੇ ਜੋਸ਼ ਨਾਲ ਜਵਾਬ ਦਿੱਤਾ ,” ਕਿਉਂ ਨਹੀਂ ! ਅਸੀਂ ਕਿਸੇ ਤੋਂ ਘੱਟ ਨਹੀਂ , ਕੁਝ ਗੁਣ ਤਾਂ ਉਸ ਪਰਮਾਤਮਾ ਨੇ ਸਾਡੀ ਝੋਲੀ ਪੱਕੇ ਤੌਰ ਤੇ ਪਾਏ ਹੀ ਹਨ , ਜਿਵੇਂ ਕਿ ਸਹਿਣਸ਼ੀਲਤਾ, ਮਮਤਾ , ਇੱਕੋ ਹੀ ਸਮੇਂ ਤੇ ਕਈ ਕੰਮਾਂ ਨੂੰ ਬਾਖ਼ੂਬੀ ਸਾਂਭ ਲੈਣਾ, ਪਿਆਰ, ਹਮਦਰਦੀ ਆਦਿ। ਇਸ ਦੇ ਨਾਲ ਜ਼ਿੰਦਗੀ ਵਿੱਚ ਕੁੱਝ ਕਰਨ ਦੀ ਅੰਦਰ ਅੱਗ ਹੋਵੇ ਤਾਂ ਸਭ ਹੋ ਸਕਦੈ, ਸਰੀਰਕ ਦਰਦ ਤੁਹਾਡੀ ਰਫ਼ਤਾਰ ਤਾਂ ਘਟਾ ਸਕਦੈ, ਪਰ ਤੁਹਾਡੀ ਮਾਨਸਿਕ ਤੰਦਰੁਸਤੀ ਉਸ ਦਰਦ ਨੂੰ ਕਈ ਗੁਣਾ ਘਟਾ ਦਿੰਦੀ ਹੈ । ਤੁਹਾਡੀ ਨਿੱਕੀ – ਨਿੱਕੀ ਸਫ਼ਲਤਾ ਇੱਕ ਦਿਨ ਤੁਹਾਨੂੰ ਵੱਡੀ ਸਫ਼ਲਤਾ ਦਵਾਉਂਦੀ ਹੈ । ਬਸ ਲੋੜ ਹੈ ਆਪਣੇ ਆਪ ਨਾਲ ਨਜਿੱਠਣ ਦੀ ਅਤੇ ਆਪਣੀਆਂ ਸ਼ਕਤੀਆਂ ਤੇ ਕੰਮ ਕਰਨ ਦੀ । ਤੁਹਾਡੀ ਜ਼ਿੰਦਗੀ ਵਿੱਚ ਉਸ ਪਰਮਾਤਮਾ ਦਾ ਓਟ ਆਸਰਾ, ਕੁੱਝ ਗਿਣੇ – ਚੁਣੇ ਰਿਸ਼ਤੇਦਾਰ ਜਿਨ੍ਹਾਂ ਦੀ ਤਹਿ ਦਿਲੋਂ ਤੁਹਾਡੇ ਨਾਲ ਸਾਂਝ ਹੋਵੇ , ਦੋ ਜਾਂ ਤਿੰਨ ਚੰਗੇ ਮਿੱਤਰ ਜਾਂ ਸਹੇਲੀਆਂ ਜੋ ਤੁਹਾਡੀ ਸੱਜੀ – ਖੱਬੀ ਬਾਂਹ ਹੋਣ ਅਤੇ ਜਿਨਾਂ ਨਾਲ ਤੁਹਾਡਾ ਰੂਹ ਦਾ ਰਿਸ਼ਤਾ ਹੋਵੇ , ਸਾਥ ਦੇਣ ਵਾਲਾ ਜੀਵਨ ਸਾਥੀ ਤੇ ਕੁਦਰਤ ਨਾਲ ਇੱਕਮਿਕਤਾ ਤੁਹਾਨੂੰ ਅੱਗੇ ਵੱਧਣ ਤੋਂ ਰੋਕ ਹੀ ਨਹੀਂ ਸਕਦੀ।”
ਡਾ: ਰਮਨਦੀਪ ਕੌਰ
ਸਹਾਇਕ ਪ੍ਰੋਫ਼ੈਸਰ ਅੰਗਰੇਜ਼ੀ,
ਸਰਕਾਰੀ ਬ੍ਰਿਜਿੰਦਰਾ ਕਾਲਜ
ਫ਼ਰੀਦਕੋਟ।
Leave a Comment
Your email address will not be published. Required fields are marked with *