ਫੋਨ ਦੀ ਵੈਲ ਬਜ ਰਹੀ ਸੀ, ਭਈਆਂ ਨਾਲ ਬਹਿਸ ਵਸਾਈਏ ,ਚ
ਫੋਨ ਚੁਕਣ ,ਚ ਕੁੱਝ ਦੇਰੀ ਹੋ ਗਈ, ਕਾਲ ਕੱਟੀ ਗਈ, ਫਿਰ ਦੁਆਰਾ ਫੋਨ ਵੱਜਣ ਲੱਗਾ …..ਜਦੋ ਭਜਨ ਸਿੰਘ ਨੇ ਫੋਨ ਸੁਣਿਆਂ ਤਾਂ ਉਸ ਦਾ ਕਨੇਡਾ ਗਿਆ, ਲਾਡੀ ਪੁੱਤਰ ਬੋਲ ਰਿਹਾ ਸੀ….ਬਾਪੂ ਜੀ ਕੀ ਕਰ ਰਹੇ ਹੋ….ਤੁਸੀ ਫੋਨ ਹੀ ਨਹੀਂ ਚੁੱਕ ਰਹੇ….ਸੁੱਖ ਤਾਂ ਐ…ਮੈਨੂੰ ਤਾਂ ਟੈਸ਼ਨ ਹੋ ਗਈ ਸੀ, ਕਿ ਘਰ ,ਚ ਸੁੱਖ ਸਾਂਦ ਹੋਵੇ….ਤੁਸੀ ਤਾਂ ਪਹਿਲੀ ਦੂਜੀ ਵੈਲ ਤੇ ਹੀ ਫੋਨ ਚੁੱਕ ਲੈਂਦੇ ਹੋ…. ਅੱਜ ਪਤਾ ਨੀ,ਇਹਨਾਂ ਨੂੰ ਕੀ ਹੋ ਗਿਆ
ਗੱਲ ਕੀ ਹੋਣੀ ਸੀ,—- ਪੁੱਤ…..ਸਾਲੇ ਪੂਰਬੀਆਂ-ਬਈਆਂ ਨੇ ਦੁਖੀ ਕਰਕੇ ਰੱਖਿਆ ਪਿਆ ਵਾ….ਨਾਲੇ ਰਹਿਣ ਨੂੰ ਮੋਟਰ ਵਾਲਾ ਕੋਠਾ ਮੁਫ਼ਤ ,ਚ ਦਿੱਤਾ ਹੋਇਆ ਏ ਫਿਰ ਵੀ ਹਰਾਮ ਪੁਣਾਂ ਕਰੀ ਜਾਂਦੇ ਨੇ…ਨਾ ਕੋਈ ਸਬਜ਼ੀ ਹੋਣ ਦਿੰਦੇ ਆ, ਸਾਰਾ ਬਾਲਣ ਫੂਕ ਸੁੱਟਿਆ ਵਾ, ਜਦੋ ਦਿਹਾੜੀ ਲੱਪੇ ਦੀ ਗੱਲ ਹੁੰਦੀ ਆ, ਦਸ ਰੁਪੈ ਘੱਟ ਨੀ ਲੈਂਦੇ, ਲੱਕੜ ਦੇ ਬਣ ਖੜ ਜਾਂਦੇ ਨੇ….ਕੋਈ ਲਿਹਾਜ਼ ਨੀ ਰੱਖਦੇ, ਪਹਿਲਾਂ ਰਾਮੂ ਠੇਕੇਦਾਰ ਦੇ ਬੰਦੇ ਵਧੀਆਂ ਹੁੰਦੇ ਸਨ, ਅੱਧੇ ਬੋਲ ਕੰਮ ਕਰ ਦਿੰਦੇ ਸਨ, ਇਹ ਤਾਂ ਮੂੰਹ ਮੱਥੇ ਲੱਗਣ ਵਾਲੇ ਦੀ ਭੋਰਾ ਸ਼ਰਮ ਨੀ ਕਰਦੇ, ਇਸ ਵਾਰ ਤਾਂ ਨਵੀਂ ਟੋਲੀ ਬੈਠੀ ਐ ਆਪਣੀ ਮੋਟਰ ਤੇ, ਸਾਰੇ ਹੀ ਨਵੇਂ ਜਿਹੇ ਮੁੰਡੇ ਨੇ, ਕਹਿੰਦੇ ਨੇ ਅਸੀ ਤਾ ਪਹਿਲੀ ਵਾਰ ਪੰਜਾਬ ਆਏ ਹਾਂ, ਪੜ੍ਹਣ ਵਾਲੇ ਮੁੰਡੇ ਲਗਦੇ ਨੇ….ਇੱਕ ਦੋ ਨੂੰ ਛੱਡ ਕੇ, ਕਹਿੰਦੇ ਨੇ ਸਰਦਾਰਾ ਅਸੀ ਕਿਹੜਾ ਇੱਥੇ ਪੱਕੇ ਰਹਿਣਾ ਵਾ…ਜੀਰੀ ਲਗਾ ਕੇ, ਚਾਰ ਪੈਸੇ ਕਮਾ—-ਅਸੀ ਤਾਂ ਆਪਣੀ ਪੜਾਈ ਦੀ ਫੀਸ ਇਕੱਠੀ ਕਰ ਕੇ, ਘਰਾਂ ਨੂੰ ਪਰਤ ਜਾਣਾ ਏ,
ਇੱਕ ਤੇਰੀ ਮਾਂ ਨੀ ਘੱਟ, ਉਸ ਨੇ ਇਹਨਾਂ ਨੂੰ ਸਿਰ ਚਾੜ ਕੇ ਰੱਖਿਆ ਏ। ਕਦੇ ਸਰੋਂ ਦਾ ਤੇਲ, ਹਲਦੀ ਲੂਣ ਮਿਰਚ ਘਰੋਂ ਚੁਕਾਉਂਦੀ ਰਹਿੰਦੀ ਐ
ਚਲੋ ਮੰਨ ਲੈਂਦੇ ਹਾਂ, ਜਦੋ ਆਪਣਾ ਕੰਮ ਕਰਦੇ ਨੇ, ਓਦੋਂ ਤਾਂ ਰਾਸ਼ਨ ਪਾਣੀ ਦੇਣਾ ਆਪਣਾ ਫਰਜ਼ ਬਣਦਾ ਏ, ਓਹ ਤਾਂ ਵਿਹਲੇ ਬੈਠਿਆਂ ਨੂੰ ਪੂਜੀ ਜਾਂਦੀ ਏ…..ਬਸ ਮੈਂ ਤਾਂ ਇਹੋ ਗੱਲੋਂ—-ਇਹਨਾਂ ਨਾਲ ਮੱਥਾ ਮਾਰ ਰਿਹਾ ਸੀ ….ਕਿ ਤੁਸੀ ਭਾਈ ਸਾਡਾ ਨੁਕਸਾਨ ਨਾ ਕਰੋ…..ਇਹੋ ਝਮੇਲੇ ,,ਚ ਤੇਰਾ ਫੋਨ ਨਹੀ ਸੁਣ ਸਕਿਆ…. ਹੋਰ ਕੋਈ ਗੱਲ ਨਹੀ… ਹਾਂ ਤੂੰ ਸੁਣਾ ਕਿਵੇਂ ਆ, ਕੰਮ ਕਾਰ ਮਿਲ ਗਿਆ ਕਿ ਨਹੀ….ਸਿਹਤਾਂ ਵੀ ਠੀਕ ਨੇ….?
ਬਾਪੂ ਜੀ, ਇੱਥੇ ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ….ਦਿਨੋ ਦਿਨ ਕੰਮ ਕਾਰ ਦਾ ਔਖਾ ਹੋਈ ਜਾਂਦਾ ਏ, ਪਰ ਤੇਰੇ ਪੁੱਤ ਨੂੰ ਕੰਮ ਮਿਲ ਗਿਆ, ਵਾਹਿਗੁਰੂ ਦੀ ਕਿਰਪਾ ਨਾਲ….ਅਸੀ ਅੱਠ ਮੁੰਡੇ ਹਾਂ… ਪੰਜ ਪੰਜਾਬੀ ਤੇ ਤਿੰਨ ਹਰਿਆਣਵੀ, ਕਿਸੇ ਗੋਰੇ ਦੇ ਫਾਰਮ ਤੇ, ਖੀਰੇ ਤੋੜਣ ਦਾ ਕੰਮ ਕਰਦੇ ਹਾਂ, ਗੋਰਾ ਤੇ ਗੋਰੀ ਬਹੁਤ ਚੰਗੇ ਸੁਭਾਅ ਦੇ ਇਨਸਾਨ ਹਨ, ਸਾਡੇ ਰਹਿਣ ਲਈ ਉਹਨਾਂ ਨੇ ਫਾਰਮ ਵਿੱਚ ਹੀ ਸਾਨੂੰ ਤਿੰਨ ਕਮਰੇ ਦਿੱਤੇ ਹੋਏ ਹਨ, ਖਾਣ ਪੀਣ ਦਾ ਰਾਸ਼ਨ-ਪਾਣੀ, ਰਸੋਈ ਦਾ ਸਾਰਾ ਭਾਂਡਾ ਟੀਂਡਾਂ ਸਾਨੂੰ ਮੁਫ਼ਤ ,ਚ ਦਿੱਤਾ ਹੋਇਆ ਵਾ.. ਕਹਿੰਦੇ ਨੇ ਕਿ ਤੁਸੀ ਸਾਡੇ ਦੇਸ਼ ,ਚ ਪੜਾਈ ਕਰਨ ਆਏ ਹੋ, ਐਨੀ ਕੁ ਮਦਦ ਕਰਨਾ ਤਾਂ ਸਾਡਾ ਵੀ ਫਰਜ਼ ਬਣਦਾ ਏ…..ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ। ਤਾਂ ਸਾਨੂੰ ਦੱਸਣਾ, ਜਿੰਨਾ ਕੁ ਸਾਡੇ ਕੋਲ਼ੋਂ ਸਰਦਾ ਏ, ਅਸੀ ਜ਼ਰੂਰ ਤੁਹਾਡੀ ਸਹਾਇਤਾ ਕਰਾਂਗੇ ਬਸ ਕੰਮ ਦਿਲ ਲੱਗਾ ਕੇ ਕਰੋ….
ਗੋਰੀ ਬੇਬੇ ਤਾਂ ਸਾਨੂੰ ਪੁੱਤਾਂ ਵਾਂਗ ਪਿਆਰ ਕਰਦੀ ਏ….ਪਰ ਉਸ ਦਾ ਵੀ ਇੱਕ ਬੇਟਾ ਹੈ, ਜੋ ਨਸ਼ੇੜੀ ਕਿਸਮ ਐ, ਘਰ ਘੱਟ ਵੱਧ ਹੀ ਆਉਂਦਾ ਏ…. ਚਲੋ ਬਾਪੂ ਜੀ, ਮੈਂ ਫੋਨ ਕੱਟਣ ਲੱਗਾ…. ਕੱਲ ਨੂੰ ਫੋਨ ਕਰਾਂਗਾ, ਮਾਤਾ ਨਾਲ ਵੀ ਗੱਲ ਕਰਨੀ ਐ, ਅਸੀ ਹੁਣ ਕੰਮ ਤੇ ਜਾਹ ਰਹੇ ਹਾਂ, ਆਪਣੀ ਸਿਹਤ ਦਾ ਖਿਆਲ ਰੱਖਣਾ, ਸਤਿ ਸ੍ਰੀ ਅਕਾਲ ਕਹਿ ਕੇ ਲਾਡੀ ਨੇ ਫੋਨ ਕੱਟ ਦਿੱਤਾ……
ਭਜਨ ਸਿੰਘ ਆਪਣੇ ਪੁੱਤ ਨਾਲ ਗੱਲ-ਬਾਤ ਕਰਕੇ, ਮਨੋ ਮਨੀ ਸੋਚਣ ਲੱਗਾ…ਓ ਕਮਲ਼ਿਆਂ ਕਾਹਨੂੰ ਬਿਚਾਰੇ ਪਰਦੇਸੀਆਂ ਨੂੰ ਪੁੱਠਾ ਸਿੱਧਾ ਬੋਲਦਾ ਏ, ਕੀ ਹੋਇਆਂ ਜੇ ਤੇਰੀਆਂ ਦੋ ਮਣ ਲੱਕੜਾਂ ਫੂਕ ਲਈਆਂ ਜੇ ਅੱਜ ਦੋ ਕੱਦੂ ਤੌੜ ਕੇ ਸਬਜ਼ੀ ਬਣਾ ਕੇ ਖਾ ਗਏ …ਖਾਣ ਪੀਣ ਨਾਲ ਕੀ ਘਟਦਾ ਹੁੰਦਾ ਵਾ —-ਮੇਰਾ ਪੁੱਤ ਵੀ ਇਹਨਾਂ ਵਾਂਗ ਹੀ ਪਰਦੇਸਾਂ ਵਿੱਚ ਦੋ ਪੈਸੇ ਕਮਾਉਣ ਦੇ ਲਈ ਗਿਆ ਹੋਇਆ ਏ, ਵੇਖ ਫੋਨ ਵਿੱਚ ਕਿਵੇਂ ਸਿਫ਼ਤਾਂ ਕਰ ਰਿਹਾ ਸੀ, ਆਪਣੇ ਮਾਲਕ ਦੀਆਂ
ਭਜਨ ਸਿੰਘ ਇਹੋ ਗੱਲਾਂ ਵਿਚਾਰਦਾ ਹੋਇਆ, ਮੋਟਰ ਵਾਲੇ ਕੋਠੇ ਕੋਲ ਪਾਹੁੰਚ…. ਬਈਆਂ ਨੂੰ ਬੋਲਿਆ…. ਓ ਮੁਖੀਆਂ ਜਰਾਂ ਇੱਧਰ ਆ…ਮੁਖੀਆਂ ਰਮਾ ਕਾਂਤ, ਭਜਨ ਸਿੰਘ ਅੱਗੇ ਦੋਵੇਂ ਹੱਥ ਜੋੜ ਕੇ ਬੋਲਿਆ
….ਜੀ ਸਰਦਾਰ ਸਾਹਬ, ਆਜ ਕੇ ਬਾਦ ਐਸੀ ਗਲਤੀ ਕਭੀ ਨਹੀ ਹੋਗੀ, ਬੱਚੋ ਕੋ ਮਾਫ ਕਰ ਦੇਣਾ, ਅਨਾੜੀ ਬੱਚੇ ਹੈ….
ਨਹੀ ਨਹੀ ਮੁਖੀਆਂ ਐਸੀ ਬਾਤ ਨਹੀ, ਆਪ ਲੋਗ ਕੋ ਜੋ ਵੀ ਚਾਹੀਏ
ਲੈ ਲਿਆ ਕਰੋ…. ਕੱਲ ਕੋ ਘਰ ਆਣਾ, ਆਪਣੀ ਬੀਬੀ ਜੀ ਸੇ ਤੇਲ, ਸਾਬਨ, ਚਾਵਲ ਲੈ ਆਣਾ….ਲੱਕੜ-ਬਾਲਣ ਲੈ ਲਿਆ ਕਰੋ, ਆਪ ਵੀ ਮੇਰੇ ਬੇਟੇ ਲਾਡੀ ਜੈਸੇ ਹੋ….ਵੋ ਵੀ ਆਪ ਲੋਗੋ ਕੀ ਤਰਾਂ ਪਰਦੇਸ ਮੇ ਰਹਿ ਰਹਾ ਹੈ…..ਇਹ ਗੱਲ ਕਹਿ ਕੇ…. ਭਜਨ ਸਿੰਘ ਨੇ ਆਪਣੇ ਮੋਟਰ ਸਾਈਕਲ ਨੂੰ ਕਿੱਕ ਮਾਰ…ਸਾਰਿਆਂ ਦੀਆਂ ਅੱਖਾਂ ਤੋ ਉਹਲੇ ਹੋ ਗਿਆ…..
ਦੀਪ ਰੱਤੀ
Leave a Comment
Your email address will not be published. Required fields are marked with *