ਪਟਿਆਲਾ 23 ਮਾਰਚ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਰਵਾਸ ਅਤੇ ਔਰਤ ਦੀ ਬਦਲ ਰਹੀ ਭੂਮਿਕਾ ਵਿਸ਼ੇ ਤੇ ਸੰਵਾਦ ਗੁਰਮਤਿ ਲੋਕਧਾਰਾ ਵਿਚਾਰ ਮੰਚ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਅਤੇ ਵਿਦੇਸ਼ ਵਿੱਚੋਂ ਵਿਦਵਾਨਾਂ ਨੇ ਹਿੱਸਾ ਲਿਆ, ਅਮਰੀਕਾ ਤੋਂ ਔਰਤਾਂ ਦੀਆਂ ਬਿਮਾਰੀਆਂ (ਔਬਸਟਰੇਟਿਕਸ ਐਂਡ ਗਾਈਨੀਕੋਲੋਜੀ) ਦੇ ਮਾਹਿਰ ਡਾ. ਪ੍ਰੀਤਕਮਲ ਕੌਰ ਚੀਮਾ ਨੇ ਮੁੱਖ ਵਕਤਾ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਔਰਤਾਂ ਦੀ ਆਮਦਨ ਮਰਦਾਂ ਨਾਲੋਂ ਵਧੀ ਜਾ ਰਹੀ ਹੈ ਅਤੇ ਘਰ ਦਾ ਖਰਚਾ ਜਿਆਦਾਤਰ ਉਨ੍ਹਾਂ ਦੀ ਆਮਦਨ ਨਾਲ ਹੋ ਰਿਹਾ ਹੈ। ਪਹਿਲਾਂ ਮਰਦਾਂ ਦੀ ਆਮਦਨ ਤੇ ਹੀ ਜ਼ਿਆਦਾਤਰ ਘਰਾਂ ਦਾ ਖਰਚਾ ਚਲਦਾ ਸੀ। ਬਹੁਤ ਸਾਰੇ ਪੰਜਾਬੀ ਟਰੱਕ ਅਤੇ ਟੈਕਸੀ ਡਰਾਇਵਰ ਹਨ, ਜਿੰਨਾਂ ਦੀ ਆਮਦਨ ਬਹੁਤ ਘੱਟ ਗਈ ਹੈ। ਔਰਤਾਂ ਨਰਸਾਂ ਅਤੇ ਨੈਨੀ ਵਰਗੇ ਕੰਮਾਂ ਨਾਲ ਚੰਗੇ ਪੈਸੇ ਬਣਾ ਰਹੀਆਂ ਹਨ। ਔਰਤਾਂ ਮਰਦਾਂ ਨਾਲੋਂ ਜ਼ਿਆਦਾ ਪੜੀਆਂ ਲਿਖੀਆਂ ਹੋਣ ਲੱਗੀਆਂ ਹਨ ਅਤੇ ਉਨ੍ਹਾਂ ਦੀ ਅੰਗਰੇਜੀ ਬੋਲਣ ਅਤੇ ਗੱਲਬਾਤ ਕਰਨ ਦੀ ਮੁਹਾਰਤ ਵੀ ਮਰਦਾਂ ਨਾਲੋਂ ਚੰਗੀ ਹੋਈ ਜਾ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਕਈ ਵਾਰੀ ਮਰਦਾਂ ਵਿੱਚ ਹੀਣ ਭਾਵਨਾ ਅਤੇ ਈਰਖਾ ਵੀ ਉਪਜਦੀ ਹੈ, ਜੋ ਕਿ ਪਰਿਵਾਰਿਕ ਕਲੇਸ਼ ਅਤੇ ਪਰਿਵਾਰਿਕ ਹਿੰਸਾ ਨੂੰ ਵੀ ਜਨਮ ਦਿੰਦੀ ਹੈ। ਦੂਜੇ ਭਾਈਚਾਰਿਆਂ ਦੀ ਤੁਲਨਾ ਵਿੱਚ ਪੰਜਾਬੀ ਭਾਈਚਾਰੇ ਵਿੱਚ ਪਰਿਵਾਰਿਕ ਹਿੰਸਾ ਬਹੁਤ ਜਿਆਦਾ ਦੇਖੀ ਜਾਂਦੀ ਹੈ, ਬੱਚਿਆਂ ਨੂੰ ਲੱਗਦਾ ਹੈ ਕਿ ਪਰਿਵਾਰਿਕ ਹਿੰਸਾ ਪੰਜਾਬੀ ਸਭਿਆਚਾਰ ਨਾਲ ਜੁੜੀ ਹੋਈ ਹੈ। ਇਸ ਲਈ ਉਹ ਪੰਜਾਬੀ ਸੱਭਿਆਚਾਰ ਤੋਂ ਦੂਰ ਹੋ ਰਹੇ) ਹਨ। ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਇਸ ਸੰਵਾਦ ਨੇ ਪ੍ਰਵਾਸ ਦਾ ਸੱਚ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸ ਜਿਆਦਾਤਰ ਝੂਠੇ ਬਿਰਤਾਂਤ ਅਤੇ ਅਧੂਰੇ ਸੱਚ ਤੇ ਹੋ ਰਿਹਾ ਹੈ। ਪਰਵਾਸ ਦੇ ਹਾਂ ਪੱਖੀ ਅਤੇ ਨਾਂਹ ਪੱਖੀ ਪੱਖਾਂ ਬਾਰੇ ਦੱਸਣ ਦੀ ਲੋੜ ਹੈ ਤਾਂ ਜੋ ਪੰਜਾਬੀ ਪਰਵਾਸ ਬਾਰੇ ਇੱਕ ਸੰਤੁਲਿਤ ਪਹੁੰਚ ਅਪਣਾ ਸਕਣ। ਡਾ. ਭਗਵੰਤ ਸਿੰਘ ਜਨਰਲ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਹੋਰ ਦੱਸਿਆ ਕਿ ਡਾ. ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਕਿਹਾ ਕਿ ਉਹ ਉਨ੍ਹਾਂ ਵਿਸ਼ਿਆਂ ਤੇ ਜੋ ਪੰਜਾਬੀਆਂ ਲਈ ਸਾਰਥਿਕ ਤੇ ਮਹੱਤਵਪੂਰਣ ਹਨ। ਸੰਵਾਦ ਕਰਵਾਉਂਦੇ ਰਹਿਣਗੇ। ਇਸ ਸੰਵਾਦ ਵਿੱਚ ਹਰਜਿੰਦਰ ਸਿੰਘ ਵਾਲੀਆ, ਪ੍ਰਮਿੰਦਰ ਪਾਲ ਕੌਰ, ਤਰਲੋਚਨ ਕੌਰ, ਸਦੀਵ ਗਿੱਲ, ਇਕਬਾਲ ਗੱਜਣ, ਅੰਮ੍ਰਿਤਪਾਲ ਸਿੰਘ, ਸ਼ੈਲੀ ਤੇ ਕਿਰਨਜੀਤ ਸਿੰਘ ਢਿੱਲੋਂ ਨੇ ਹਿੱਸਾ ਲਿਆ। ਹੋਰਨਾਂ ਤੋਂ ਇਲਾਵਾ ਕੋਮਲ ਗੱਜਣ, ਗੋਪਾਲ ਸ਼ਰਮਾ, ਥਾਣਾ ਸਿੰਘ ਅਤੇ ਲਾਲੀ ਚੀਮਾਂ ਵੀ ਹਾਜਰ ਸਨ। ਗੁਰਿੰਦਰਜੀਤ ਕੌਰ ਖਹਿਰਾ ਨੇ ਚਾਹ ਪਾਣੀ ਦੀ ਸੇਵਾ ਵਿੱਚ ਹਿੱਸਾ ਪਾਇਆ ।
Leave a Comment
Your email address will not be published. Required fields are marked with *