ਇਨਸਾਨ ਸ਼ੁਰੂ ਤੋਂ ਹੀ ਪ੍ਰਵਾਸ ਕਰਦਾ ਆਇਆ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ ਦਾ ਪਰਵਾਸ ਵੀ ਚੰਗੀ ਸਿੱਖਿਆ ਅਤੇ ਸਹੂਲਤਾਂ ਲਈ ਇਨਸਾਨ ਨੇ ਕੀਤਾ। ਇਸੇ ਕਰਕੇ ਮਨੁੱਖ ਨੇ ਵਿਕਾਸ ਕੀਤਾ ਹੈ ਅਤੇ ਕਈ ਕੁਝ ਸਿੱਖਿਆ ਵੀ ਹੈ। ਇੱਕ ਦੂਸਰੇ ਨੂੰ ਦੇਖ ਕੇ ਸਿੱਖਣ ਦੀ ਪ੍ਰਕਿਰਿਆ ਹੀ ਅੱਗੇ ਵਧਣ ਲਈ ਪ੍ਰੇਰਤ ਕਰਦੀ ਹੈ। ਸਿਆਣਿਆਂ ਨੇ ਵੀ ਕਿਹਾ ਹੈ, ‘ਸਾੜੇ ਨਾਲੋਂ ਰੀਸ ਚੰਗੀ’ ਸੋ ਮਨੁੱਖ ਦੀ ਰੀਸ ਕਰਨ ਦੀ ਆਦਤ ਪੁਰਾਣੀ ਹੈ। ਵਧੀਆ ਨੂੰ ਦੇਖ ਕੇ ਹਮੇਸ਼ਾ ਮਨ ਵਿੱਚ ਆਪ ਵੀ ਵਧੀਆ ਅਤੇ ਸੁੱਖ ਸਹੂਲਤਾਂ ਵਾਲਾ ਜੀਵਨ ਜਿਊਣ ਨੂੰ ਦਿਲ ਕਰਦਾ ਹੈ। ਅਸੀਂ ਜਿੰਨੇ ਵੱਧ ਲੋਕਾਂ ਨੂੰ ਜਾਣਾਗੇ, ਜਿੰਨੀ ਵੱਧ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ਼ ਜੁੜਾਂਗੇ ਸਾਡੇ ਗਿਆਨ ਵਿੱਚ ਵੱਖ-ਵੱਖ ਪਹਿਲੂਆਂ ਦੇ ਹਿਸਾਬ ਨਾਲ਼ ਵਾਧਾ ਹੋਵੇਗਾ। ਰੋਜ਼ੀ-ਰੋਟੀ ਅਤੇ ਸੁੱਖ ਸਹੂਲਤਾਂ ਦੀ ਭਾਲ ਵਿੱਚ ਇਨਸਾਨ ਸ਼ੁਰੂ ਤੋਂ ਹੀ ਲੱਗਾ ਰਿਹਾ ਹੈ। ਇਸੇ ਕਰਕੇ ਹੀ ਸਦੀਆਂ ਤੋਂ ਪਰਵਾਸ ਦੀ ਬਿਰਤੀ ਬਣੀ ਹੋਈ ਹੈ ਅਤੇ ਅੱਗੇ ਵੀ ਬਣੀ ਰਹੇਗੀ।
ਜੰਗਲਾਂ ਦੀ ਧਰਤੀ ਤੋਂ ਨਿਕਲ ਕੇ ਇਨਸਾਨ ਨੇ ਪੱਧਰੀ ਜ਼ਮੀਨ ਵੱਲ ਰੁਖ ਕੀਤਾ। ਇਸ ਦੇ ਨਾਲ਼ ਹੀ ਪਾਣੀ ਦੇ ਕਿਨਾਰਿਆਂ ‘ਤੇ ਜੀਵਨ ਬਸਰ ਕਰਨਾ ਸ਼ੁਰੂ ਕੀਤਾ, ਕਿਉਂਕਿ ਪਾਣੀ ਮਨੁੱਖ ਦੀ ਪਹਿਲੀ ਲੋੜ ਹੈ। ਮਨੁੱਖੀ ਦਿਮਾਗ ਨੇ ਆਪਣੀ ਸੋਚ-ਸਮਝ ਮੁਤਾਬਕ ਜੀਵਨ ਨੂੰ ਬਿਹਤਰੀ ਵੱਲ ਲਿਜਾਣ ਲਈ ਲਗਾਤਾਰ ਕੋਸ਼ਸ਼ਾਂ ਕੀਤੀਆ ਹਨ ਅਤੇ ਇਨਸਾਨ ਇਹਨਾਂ ਕੋਸ਼ਸ਼ਾਂ ਵਿੱਚ ਕਾਮਯਾਬ ਵੀ ਹੋਇਆ। ਮਨੁੱਖ ਅੰਦਰ ਕੁਝ ਕਰਨ ਦੀ ਜਗਿਆਸਾ ਹੀ ਉਸ ਨੂੰ ਅਗਾਂਹ ਵਧਾਉਂਦੀ ਹੈ। ਪਾਣੀ ਦੇ ਕਿਨਾਰਿਆਂ ‘ਤੇ ਬੈਠ ਕੇ ਰੌਸ਼ਨੀ ਦਾ ਨਿਰਮਾਣ ਕਰਨਾ ਅਤੇ ਹਰ ਘਰ ਨੂੰ ਜਗਮਗ ਕਰਨਾ ਇਹ ਮਨੁੱਖ ਦੀ ਉਜਲ ਸੋਚ ਦਾ ਪ੍ਰਮਾਣ ਹੈ।
ਹਾਂ.. ਕਈ ਵਾਰ ਪਰਵਾਸ ਕਰਨਾ ਮਜ਼ਬੂਰੀ ਵੀ ਹੁੰਦਾ ਹੈ। ਹਾਲਾਤਾਂ ਹੱਥੋਂ ਮਜ਼ਬੂਰ ਹੋ ਕੇ ਵੀ ਇਨਸਾਨ ਪਰਵਾਸ ਕਰਦਾ ਹੈ। ਜਦੋਂ ਕਿਸੇ ਦੇਸ਼ ਵਿੱਚ ਕੋਈ ਕੁਦਰਤੀ ਕਰੋਪੀ ਆ ਜਾਵੇ, ਤਾਂ ਵੀ ਪਰਵਾਸ ਦੀ ਸਥਿਤੀ ਬਣ ਜਾਂਦੀ ਹੈ। ਦੋਹਾਂ ਦੇਸ਼ਾਂ ਵਿਚਕਾਰ ਜੇਕਰ ਜੰਗ-ਯੁੱਧ ਲੱਗਣ ਇਸ ਕਰਕੇ ਵੀ ਇੱਕ ਦੇਸ਼ ਤੋਂ ਲਾਗਲੇ ਗੁਆਂਢੀ ਦੇਸ਼ਾਂ ਵਿੱਚ ਜਾ ਕੇ ਸ਼ਰਨ ਲੈਣ ਨੂੰ ਵੀ ਪਰਵਾਸ ਹੀ ਕਹਿ ਸਕਦੇ ਹਾਂ। ਫਿਰ ਜਿੱਥੇ ਇਨਸਾਨ ਲਗਾਤਾਰ ਰਹਿਣ ਲੱਗ ਪਵੇ, ਉਸ ਦਾ ਉਥੋਂ ਦੇ ਪੌਣ-ਪਾਣੀ ਅਤੇ ਵਾਤਾਵਰਨ ਦਾ ਆਦੀ ਹੋ ਜਾਣਾ ਸੁਭਾਵਿਕ ਹੀ ਹੈ। ਭਾਈਚਾਰਕ ਅਤੇ ਇਨਸਾਨੀਅਤ ਦੀ ਸਾਂਝ ਦੇ ਮੱਦੇ ਨਜ਼ਰ ਹਰੇਕ ਦੇਸ਼ ਇਕ ਦੂਸਰੇ ਦੇ ਆਮ ਲੋਕਾਂ ਦੀ ਮਦਦ ਕਰਦਾ ਆਇਆ ਹੈ, ਕਿਉਂਕਿ ਜੰਗਾਂ-ਯੁੱਧਾਂ ਵਿੱਚ ਆਮ ਲੋਕਾਂ ਅਤੇ ਜਨਤਾ ਦਾ ਹੀ ਨੁਕਸਾਨ ਹੁੰਦਾ ਹੈ।
ਰਾਜਿਆਂ-ਮਹਾਰਾਜਿਆਂ ਤੋਂ ਲੈ ਕੇ ਅੱਜ ਦੇ ਹਾਕਮਾਂ ਦਾ ਵੀ ਇਹੀ ਹਾਲ ਹੈ ਕਿ ਉਹਨਾਂ ਨੇ ਵੀ ਆਪਣੀ ਬਿਹਤਰੀ ਲਈ ਦੂਸਰੀ ਧਰਤੀ ਤੇ ਕਬਜ਼ਾ ਕਰਨ ਦੀਆਂ ਕੋਸ਼ਸ਼ਾਂ ਕੀਤੀਆਂ ਹਨ। ਅਮੀਰ ਹੋਰ ਅਮੀਰ ਬਣਨ ਦੀ ਹੋੜ ਵਿੱਚ ਵੀ ਪ੍ਰਵਾਸ ਕਰਦਾ ਹੈ। ਅਤੇ ਗ਼ਰੀਬ ਆਪਣੀ ਸਮਰੱਥਾ ਅਨੁਸਾਰ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਪ੍ਰਵਾਸ ਕਰਦਾ ਹੈ। ਹਮੇਸ਼ਾ ਹਰ ਸਿੱਕੇ ਕੇ ਦੇ ਦੋ ਪਹਿਲੂ ਹੁੰਦੇ ਆਏ ਹਨ ਅੱਗੇ ਤੋਂ ਵੀ ਇਹ ਦੋ ਪਹਿਲੂ ਹੀ ਰਹਿਣਗੇ। ਆਪਣੇ ਸਰੀਰ ਨੂੰ ਸੁੱਖ ਦੇਣ ਲਈ ਅਤੇ ਆਤਮਾ ਦੀ ਤ੍ਰਿਪਤੀ ਲਈ ਵੀ ਇਨਸਾਨ ਪਰਵਾਸ ਕਰਦਾ ਹੈ।
ਪੁਰਾਣੇ ਸਮੇਂ ਵਿੱਚ ਵੀ ਜੰਗਲਾਂ ਵਿੱਚ ਜਾ ਕੇ ਭਗਤੀ ਕਰਨੀ ਉਥੇ ਜਾ ਕੇ ਰਹਿਣਾ ਅਤੇ ਆਪਣੇ ਜੀਵਨ ਵਿੱਚ ਉਹੋ ਜਿਹੇ ਹਾਲਾਤਾਂ ਨਾਲ਼ ਲੜਨ ਦੀ ਸ਼ਕਤੀ ਪੈਂਦਾ ਕਰਨਾ… ਤਾਂ ਕਿ ਮਨ ਨੂੰ ਸੋਧਿਆ ਜਾ ਸਕੇ। ਇਸ ਕਰਕੇ ਹਰੇਕ ਇਨਸਾਨ ਦਾ ਪਰਵਾਸ ਕਰਨ ਦਾ ਤਰੀਕਾ ਅਤੇ ਮਕਸਦ ਵੱਖਰਾ-ਵੱਖਰਾ ਹੋ ਸਕਦਾ ਹੈ। ਪਰਵਾਸ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ਼ ਬਿਤਾਉਣ ਲਈ ਇਨਸਾਨ ਨੇ ਹਮੇਸ਼ਾ ਹੀਲੇ-ਵਸੀਲੇ ਕੀਤੇ ਹਨ। ਇਸੇ ਕੜੀ ਦੇ ਤਹਿਤ ਪੰਜਾਬੀਆਂ ਨੇ ਵੀ ਪਰਵਾਸ ਕੀਤਾ ਹੈ, ਪਰ ਜਿਸ ਹਿਸਾਬ ਨਾਲ਼ ਅੰਕੜੇ ਸਾਹਮਣੇ ਆ ਰਹੇ ਹਨ, ਬਹੁਤ ਹੀ ਭਾਰੀ ਗਿਣਤੀ ਵਿੱਚ ਪੰਜਾਬੀਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਪਰਵਾਸ ਕੀਤਾ ਹੈ।
ਇਸ ਪਰਵਾਸ ਦੇ ਕਈ ਕਾਰਨ ਹੋ ਸਕਦੇ ਹਨ..ਮੁੱਖ ਤੌਰ ‘ਤੇ ਜੋ ਕਾਰਨ ਹਨ..ਉਹ ਹੈ ਬੇਰੁਜ਼ਗਾਰੀ ਅਤੇ ਮਾੜਾ ਸਿਸਟਮ.. ਇਹ ਤਾਂ ਸਾਨੂੰ ਪਤਾ ਹੀ ਹੈ ਕਿ ਪੰਜਾਬੀ ਜਿਸ ਪਾਸੇ ਵੀ ਉਲਰਦੇ ਹਨ.. ਉਸ ਪਾਸੇ ਪੂਰੀ ਸ਼ਿੱਦਤ ਨਾਲ ਜਾਂਦੇ ਹਨ। ਹੁਣ ਜਦੋਂ ਪ੍ਰਵਾਸ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਰਿਕਾਰਡ ਤੋੜ ਪ੍ਰਵਾਸ ਕੀਤਾ ਹੈ। ਪੜ੍ਹਾਈ ਦੇ ਤੌਰ ‘ਤੇ ਬਾਹਰ ਜਾਂਦੇ ਬੱਚੇ ਉੱਥੇ ਜਾ ਕੇ ਵਧੀਆ ਜ਼ਿੰਦਗੀ ਦੀ ਆਸ ਵਿੱਚ ਉਲਝ ਜਾਂਦੇ ਹਨ। ਕਈ ਵਿਦਿਆਰਥੀਆਂ ਨੇ ਬੜੀਆਂ ਮੱਲਾਂ ਵੀ ਮਾਰੀਆਂ ਹਨ, ਪਰ ਕਈਆਂ ਨੂੰ ਉੱਥੇ ਜਾ ਕੇ ਰੁਲਣਾ ਵੀ ਪਿਆ ਹੈ। ਕਿਤੇ ਵੀ ਜਾਓ.. ਜ਼ਿੰਦਗੀ ਦੇ ਦੋਵੇਂ ਪੱਖ ਸਾਹਮਣੇ ਆਉਂਦੇ ਹਨ। ਚੰਗਾ ਵੀ ਅਤੇ ਮਾੜਾ ਵੀ.. ਇਨਸਾਨ ਦੀ ਆਦਤ ਹੈ ਕਿ ਉਹ ਚੰਗੇ ਪੱਖ ਵੱਲ ਘੱਟ ਜਾਂਦਾ ਹੈ ਅਤੇ ਮਾੜੇ ਪੱਖ ਵੱਲ ਜ਼ਿਆਦਾ ਜਾਂਦਾ ਹੈ। ਰਹੀ ਗੱਲ ਸੰਘਰਸ਼ ਦੀ…ਉਹ ਤਾਂ ਕਿਤੇ ਵੀ ਚਲੇ ਜਾਓ… ਆਪਣੇ ਹਿੱਸੇ ਦਾ ਸੰਘਰਸ਼ ਤਾਂ ਕਰਨਾ ਹੀ ਪੈਣਾ ਹੈ।
ਪਰਵਾਸ ਤਾਂ ਪੰਜਾਬੀ ਪਹਿਲਾਂ ਵੀ ਕਰਦੇ ਸਨ, ਪਰ ਮੇਰੇ ਹਿਸਾਬ ਨਾਲ 1984 ਦੇ ਦੌਰ ਤੋਂ ਬਾਅਦ 90 ਦੇ ਦਹਾਕੇ ਵਿੱਚ ਪੰਜਾਬੀਆਂ ਨੇ ਮਜ਼ਬੂਰੀ ਵੱਸ ਪਰਵਾਸ ਕੀਤਾ, ਜੋ ਕਿ ਅੱਜ ਬਹੁਤ ਹੱਦ ਤੱਕ ਸ਼ੌਂਕ ਅਤੇ ਲਾਲਚ ਬਣ ਚੁੱਕਾ ਹੈ। ਆਪਣੀਆਂ ਜੱਦੀ ਜ਼ਮੀਨਾਂ ਵੇਚ ਕੇ ਭਾਰੀ ਭਰਕਮ ਕਰਜ਼ੇ ਚੁੱਕ ਕੇ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਪੜ੍ਹਨਾ ਅਤੇ ਫਿਰ ਸੈੱਟ ਹੋਣ ਲਈ ਹਰ ਪੰਜਾਬੀ ਕਾਹਲਾ ਹੈ। ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ ਤੇ ਜੀਵਨ ਦੇਣਾ ਚਾਹੁੰਦਾ ਹੈ। ਇਸ ਲਈ ਚਾਹੇ ਉਹਨਾਂ ਨੂੰ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਵੇ ਉਹ ਕਰਦੇ ਹਨ। ਪਰਵਾਸ ਕਰਨਾ ਬੁਰਾ ਨਹੀਂ ਹੈ । ਪਰਵਾਸ ਕਰਨ ਦਾ ਤਰੀਕਾ ਬੁਰਾ ਹੋ ਸਕਦਾ ਹੈ ਕਿ ਅਸੀਂ ਕਿਸੇ ਲਾਲਸਾ ਵੱਸ ਮੁਸੀਬਤ ਵਿੱਚ ਤਾਂ ਨਹੀਂ ਫਸ ਰਹੇ।
ਅਮਰੀਕਾ ਨੂੰ ਵਧੀਆ ਮੁਲਕ ਮੰਨਿਆ ਗਿਆ ਹੈ। ਉਸ ਦੇ ਆਲੇ ਦੁਆਲੇ ਦੇ ਬਾਰਡਰਾਂ ਤੋਂ ਜਾਣ ਵਾਲੇ ਲੋਕ ਅਮਰੀਕਾ ਦੇ ਅੰਦਰ ਜਾਂਦੇ ਹਨ। ਕਿਸੇ ਵੀ ਤਰੀਕੇ ਨਾਲ਼ .. ਚਾਹੇ ਬਹਾਨਾ ਬਣਾ ਲੈਂਦੇ ਹਨ। ਫਿਰ ਵੀ ਅਮਰੀਕਾ ਪਰਵਾਸੀਆਂ ਨੂੰ ਪਨਾਹ ਦੇ ਰਿਹਾ ਹੈ ਅਤੇ ਕੰਮ ਵੀ ਦੇ ਰਿਹਾ ਹੈ ਅਤੇ ਲੋਕ ਕੰਮ ਕਰਕੇ ਜ਼ਿੰਦਗੀ ਨੂੰ ਬਿਹਤਰ ਬਣਾ ਰਹੇ ਹਨ। ਮੁਸ਼ਕਲਾ ਤਾਂ ਹਰ ਜਗ੍ਹਾ ਆਉਂਦੀਆਂ ਹਨ। ਜ਼ਿੰਦਗੀ ਏਨੀ ਵੀ ਸੌਖੀ ਨਹੀਂ ਹੈ.. ਜਿੰਨੀ ਕਿ ਅਸੀਂ ਇਸ ਨੂੰ ਸਮਝਦੇ ਹਾਂ ਅਤੇ ਇੰਨੀ ਵੀ ਔਖੀ ਨਹੀਂ ਹੈ ਜਿੰਨੀ ਅਸੀਂ ਇਸ ਨੂੰ ਬਣਾ ਲਿਆ ਹੈ।
ਦੂਸਰਾ ਸਾਡੇ ਸਿਸਟਮ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਹਨ ਜੋ ਵਿਅਕਤੀ ਹੱਕ-ਸੱਚ ਦੀ ਗੱਲ ਕਰੇ ਉਸਨੂੰ ਸਜ਼ਾ ਅਤੇ ਫਾਂਸੀ ਮਿਲਦੀ ਹੈ। ਕਾਨੂੰਨ ਵਿੱਚ ਕਈ ਚੋਰ ਮੋਰੀਆਂ ਹਨ। ਮਾੜੇ ਲਈ ਰੁਪਈਏ ਦੀ ਚੋਰੀ ਦੀ ਵੀ ਸਜ਼ਾ ਹੈ ਅਤੇ ਤਕੜੇ ਲਈ ਅਰਬਾਂ ਰੁਪਈਏ ਦੇ ਘਪਲੇ ਵੀ ਕੋਈ ਮਾਇਨਾ ਨਹੀਂ ਰੱਖਦੇ। ਜਿਸ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਘਪਲੇਬਾਜ਼ ਅਤੇ ਬਲਾਤਕਾਰੀ ਹੋਣ.. ਪਰ ਉਹਨਾਂ ਉੱਪਰ ਕੋਈ ਕੇਸ ਦਰਜ ਨਾ ਹੋਵੇ, ਫਿਰ ਅਸੀਂ ਇਸ ਸਿਸਟਮ ਤੋਂ ਜ਼ਰੂਰ ਭੱਜਾਗੇ। ਬਾਹਰ ਗਏ ਸਿਰਫ਼ ਵਧੀਆ ਸਿਸਟਮ ਕਰਕੇ ਹੀ ਵਾਪਸ ਨਹੀਂ ਆਉਂਦੇ। ਚਾਹੇ ਦਿਹਾੜੀ ਵੀ ਕਰਨੀ ਪਵੇ ਗੁਜ਼ਾਰਾ ਤਾਂ ਹੋ ਜਾਂਦਾ ਹੈ। ਮਾਪਿਆਂ ਦੇ ਮਨਾਂ ਵਿੱਚ ਬੇਰੁਜ਼ਗਾਰੀ, ਅਪਰਾਧ, ਨਸ਼ੇ ਅਤੇ ਕਈ ਹੋਰ ਗੱਲਾਂ ਹਨ ਜਿਨਾਂ ਕਰਕੇ ਉਹ ਮਜ਼ਬੂਰੀ ਵੱਸ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਖੁਸ਼ ਹਨ।
ਮੈਂ ਕਈ ਮਾਪਿਆਂ ਨਾਲ਼ ਵੀ ਗੱਲ ਕੀਤੀ ਜਿੰਨਾਂ ਦੇ ਮਨਾਂ ਵਿੱਚ ਇਹ ਡਰ ਬੈਠਾ ਹੈ ਕਿ ਜੇਕਰ ਉਹਨਾਂ ਦੇ ਜਵਾਨ ਬੱਚੇ ਨੇ ਕੋਈ ਹੱਕ-ਸੱਚ ਦੀ ਗੱਲ਼ ਕਰ ਦਿੱਤੀ ਜਾਂ ਕਿਤੇ ਬੋਲ ਪਿਆ ਤਾਂ ਉਸਨੂੰ ਜੇਲ੍ਹ ਵਿੱਚ ਸੁੱਟ ਦੇਣਗੇ ਤੇ ਫਿਰ ਉਸ ਨੂੰ ਕੋਈ ਪੁੱਛੇਗਾ ਨਹੀਂ। ਕੁਝ ਕੁ ਲੋਕ ਪਰਵਾਸ ਦੇ ਵਿਰੋਧ ਵਿੱਚ ਵੀ ਹਨ, ਪਰ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਪਰਵਾਸ ਲਈ ਭੇਜ ਕੇ ਸੰਤੁਸ਼ਟ ਹਨ। ਰੁਜ਼ਗਾਰ ਦੀ ਗੱਲ ਕਰ ਲਈਏ ਤਾਂ ਇਧਰ ਵੀ ਕਈ ਅਜਿਹੇ ਹਨ ਜੋ ਪੀ. ਐਚ. ਡੀ. ਕਰਕੇ ਵੀ ਰੇਹੜੀ ਲਗਾ ਰਹੇ ਹਨ। ਤੇਰਾਂ ਸਾਲ ਯੂਨੀਵਰਸਿਟੀ ਵਿੱਚ ਨੌਕਰੀ ਕਰਨ ਦੇ ਬਾਅਦ ਵੀ ਪੱਕਾ ਨਹੀਂ ਕੀਤਾ ਗਿਆ। ਇਸ ਵਿੱਚ ਉਸ ਵਿਅਕਤੀ ਦਾ ਕੀ ਕਸੂਰ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਤੇਰਾਂ ਵਰ੍ਹੇ ਇੱਕ ਸੰਸਥਾ ਨੂੰ ਦੇ ਦਿੱਤੇ। ਵਿਆਹ ਤੋਂ ਬਾਅਦ ਖ਼ਰਚੇ ਵੱਧ ਜਾਂਦੇ ਹਨ। ਜੋ ਵਿਅਕਤੀ 40-45 ਸਾਲ ਦੀ ਉਮਰ ਵਿੱਚ ਆਪ ਸੈੱਟ ਨਹੀਂ ਹੋ ਸਕਿਆ..ਉਸ ਵਿਚਾਰੇ ਨੇ ਆਪਣੇ ਬੱਚਿਆਂ ਨੂੰ ਕਿਵੇਂ ਸੈੱਟ ਕਰਨਾ ਹੈ।
ਪੜ੍ਹਾਈਆਂ ਦੇ ਮੂੰਹ ਚਿੜਾਉਂਦੇ ਖਰਚੇ ਅਤੇ ਰੋਜ਼ ਮਰਾਂ ਦੀ ਜ਼ਿੰਦਗੀ ਨੂੰ ਖਿੱਚਣ ਦੇ ਅਨੇਕਾਂ ਅਜਿਹੇ ਖ਼ਰਚੇ ਹਨ, ਜਿੰਨਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੈ। ਪੜ੍ਹਾਈ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਟੈਸਟ ਦੇ ਕੇ ਇੱਕ ਆਮ ਵਿਅਕਤੀ ਉੰਝ ਵੀ ਮਾਨਸਿਕ ਪਰੇਸ਼ਾਨੀ ਵਿੱਚ ਘਿਰ ਜਾਂਦਾ ਹੈ। ਇਕੱਲਾ ਪੰਜਾਬੀ ਹੀ ਪਰਵਾਸ ਨਹੀਂ ਕਰ ਰਿਹਾ। ਕਿਸੇ ਕੰਪਨੀ ਵਿੱਚ ਬੱਚਿਆਂ ਨੇ ਰੁਜ਼ਗਾਰ ਲਈ ਜਾਣਾ ਹੋਵੇ ਤਾਂ ਉਹ ਵੀ ਇੱਕ ਸ਼ਹਿਰ ਨੂੰ ਛੱਡ ਕੇ ਦੂਸਰੇ ਸ਼ਹਿਰ ਵਿੱਚ ਜਾਣਾ ਪਰਵਾਸ ਹੀ ਕਹਾਉਂਦਾ ਹੈ। ਹਮੇਸ਼ਾ ਹਰ ਗੱਲ ਨੂੰ ਚਿੱਥੇ ਹੀ ਜਾਣ ਦੀ ਲੋੜ ਨਹੀਂ ਹੁੰਦੀ। ਸਮੇਂ ਅਤੇ ਹਾਲਾਤਾਂ ਦੇ ਨਾਲ਼ ਬਦਲਣਾ ਪੈਂਦਾ ਹੈ। ਅੱਜ ਦੀ ਦੁਨੀਆ ਵਿੱਚ ਹਰ ਕੋਈ ਸਿਆਣਾ ਹੈ। ਨੈੱਟ ਦੇ ਆਉਣ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੋ ਜਾਂਦੀ ਹੈ। ਮੇਰਾ ਤਾਂ ਇਹੀ ਮੰਨਣਾ ਹੈ ਕਿ ਵਿਅਕਤੀ ਨੂੰ ਜਿੱਥੇ ਵੀ ਜਾ ਕੇ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਜਾਣਾ ਚਾਹੀਦਾ ਹੈ ਕੌਣ ਕੀ ਕਹਿ ਰਿਹਾ ਹੈ ਇਸ ਬਾਰੇ ਵਿਚਾਰ ਚਰਚਾ ਕਰਨ ਨਾਲੋਂ ਬਿਹਤਰ ਹੈ ਕਿ ਆਪਣੀ ਜ਼ਿੰਦਗੀ ਦੇ ਸਾਲਾਂ ਨੂੰ ਬਿਹਤਰ ਬਣਾਇਆ ਜਾਵੇ। ਹੱਸਦੇ ਵਸਦੇ ਰਹੋ ਪਿਆਰਿਓ ਸਦਾ ਦਿਲੋਂ ਦੁਆਵਾਂ!
ਪਰਵੀਨ ਕੌਰ ਸਿੱਧੂ
8146536200
Leave a Comment
Your email address will not be published. Required fields are marked with *