ਪਿੰਡ ਦੀ ਲਿੰਕ ਸੜਕ ਤੋਂ ਕਾਰ ਸ਼ਹਿਰ ਵੱਲ ਜਾਂਦੇ ਵਨ ਵੇ ਵਾਲੀ ਵੱਡੀ ਸੜਕ ਤੇ ਜਿਉਂ ਹੀ ਚੜ੍ਹੀ ਤਾਂ ਵਿੰਡ ਸਕਰੀਨ ਵਿਚੋਂ ਨਜ਼ਰ ਆਉਂਦੇ ਨੀਲੇ ਆਕਾਸ਼ ਚ ਉੱਡਦੇ ਪਰਿੰਦਿਆਂ ਦੀ ਪਰਵਾਜ਼ ਦੇਖ ਮਨ ਸੋਚੀ ਪੈ ਜਾਂਦੈ ਕਿ ਢਿੱਡ ਦੀ ਅੱਗ ਨੂੰ ਝੁਲਕਾ ਦੇਣ ਲਈ ਇਹ ਪਰਿੰਦੇ ਐਨੀ ਤਪਸ ਵਿਚ ਆਪਣੇ ਪਰ ਜੋਖਿਮ ਵਿਚ ਪਾ ਚੋਗ ਦੀ ਭਾਲ ਵਿਚ ਥਾਂ ਕੁ ਥਾਂ ਪ੍ਰਵਾਸ ਕਰ ਰਹੇ ਨੇ | ਇਹ ਗੁੰਝਲ੍ਹ ਅਜੇ ਸੁਲਝਾ ਹੀ ਰਿਹਾ ਸੀ ਕਿ ਕਾਰ ਸ਼ਹਿਰ ਦੀ ਜੂਹ ਵਿਚ ਦਾਖਲ ਹੋ ਗਈ | ਸ਼ਹਿਰ ਵਿਚ ਥਾਂ ਥਾਂ ਖੁੱਲੇ ਆਇਲੈਟਸ ਸੈਂਟਰਾਂ ਦੇ ਵੱਡੇ ਵੱਡੇ ਬੋਰਡ ਤੱਕ ਕੇ ਦਿਮਾਗ ਦੀ ਚੱਕਰੀ ਹੋਰ ਘੁੰਮ ਗਈ ਤੇ ਈਉਂ ਲੱਗਾ ਕਿ ਪੰਜਾਬ ਦਾ ਸਾਰਾ ਨੌਜਵਾਨ ਵਰਗ ਵੀ ਕੂੰਜਾਂ ਵਾਂਗ ਰਿਜ਼ਕ ਦੀ ਭਾਲ ਵਿਚ ਪ੍ਰਵਾਸ ਦੇ ਰਾਹ ਪਿਐ | ਬੰਦੇ ਦਾ ਕੂੰਜਾਂ ਵਾਂਗ ਜਿਉਂਣਾ ਅਤੇ ਚੋਗ ਚੁਗਣ ਲਈ ਹਜ਼ਾਰਾਂ ਮੀਲ ਦਾ ਸਫ਼ਰ ਤੈੈਅ ਕਰਕੇ ਪਰਾਏ ਦੇਸ਼ ਜਾ ਤਰੱਕੀ ਦੀ ਉਡਾਣ ਲਈ ਪਰ ਤੋਲਣਾ, ਕੋਈ ਸੌਖਾ ਕੰਮ ਨਹੀਂ | ਬਾਕੌਲ ਸ਼ਾਇਰ
ਰਸਤਾ ਬੜਾ ਹੀ ਕਠਿਨ ਹੈ ਕੂੰਜਾਂ ਦੇ ਰੂਬਰੂ
ਹੋਣਾ ਪਵੇਗਾ ਕਿੰਨਿਆ ਹੀ ਦੇਸ਼ਾਂ ਦੇ ਰੂਬਰੂ
ਪਰ ਹਨੇਰਿਆਂ ਨੂੰ ਰੋਸ਼ਨੀ ਵਿਚ ਬਦਲਣ ਦੀ ਚਾਹਵਾਨ ਜਵਾਨੀ ਨੂੰ ਠੱਲ੍ਹ ਕਿਥੇ | ਜਿੰਦਗੀ ਨੂੰ ਜਿਉਂਣ ਜੋਗਾ ਬਣਾਉਣ ਅਤੇ ਤਰੱਕੀ ਕਰਨ ਦਾ ਹੱਠ ਉਹਨਾਂ ਦਾ ਸਿਰੜ ਬਣ ਗਿਆ ਹੈ | ਇਸੇ ਸਿਰੜ ਸਦਕਾ ਸਾਡੇ ਅੱਲੜ੍ਹ ਮੁੰਡੇ-ਕੁੜੀਆਂ ਆਪਣੇ ਅਤੀਤ ਦੀ ਜ਼ਮੀਨ ਤੇ ਵਰਤਮਾਨ ਦਾ ਰਨ ਵੇ ਬਣਾ ਸੁਨਹਿਰੇ ਭਵਿੱਖ ਦੀ ਪਰਵਾਜ਼ ਦਾ ਤਸਵੱਰ ਕਰਨ ਵਾਲੇ ਸੁਪਨਸਾਜ਼ ਬਣ ਰਹੇ ਨੇ |
ਪਰ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੇ ਚਾਹਵਾਨ ਇਹ ਬੱਚੇ ਇਹ ਨਹੀਂ ਜਾਣਦੇ ਕਿ ਉਹਨਾਂ ਦੀ ਪਰਵਾਜ਼ ਲਈ ਮਾਪੇ ਕਿਹੜੇ ਦੌਰ ਵਿਚੋਂ ਗੁਜ਼ਰ ਕੇ ਉਹਨਾਂ ਲਈ ਰਿਜ਼ਕ ਦਾ ਹੀਲਾ ਵਸੀਲਾ ਕਰ ਰਹੇ ਨੇ | ਕੋਈ ਆਪਣੀ ਪੁਰਖਿਆਂ ਦੀ ਜ਼ਮੀਨ ਸ਼ਾਹੂਕਾਰਾਂ ਨੂੰ ਵੇਚ ਜਹਾਜ਼ ਦੀਆਂ ਟਿਕਟਾਂ ਤੇ ਕੋਰਸ ਦੀ ਫੀਸ ਦਾ ਪ੍ਰਬੰਧ ਕਰ ਰਿਹਾ ਹੈ | ਕਿਸੇ ਨੇ ਲਿਮਟਾਂ ਬਣਾ ਬੈਂਕਾਂ ਤੋਂ ਕਰਜ਼ਾ ਚੁੱਕਿਐ ਤੇ ਕਿਸੇ ਹਮਾਤੜ ਨੇ ਘਰਵਾਲੀ ਦੇ ਗਹਿਣੇ ਗੱਟੇ ਵੇਚ ਪੈਸੇ ਇਕੱਠੇ ਕੀਤੇ ਤੇ ਘੱਟਦੀ ਰਕਮ ਆੜਤੀਏ ਤੋਂ ਕਰਜ਼ਾ ਲੈ ਪੂਰੀ ਕੀਤੀ | ਕਈਆਂ ਨੇ ਆਪਣੇ ਮੁੰਡੇ-ਕੁੜੀ ਨੂੰ ਬਾਹਰ ਭੇਜਣ ਲਈ ਆਈਲੈਟਸ ਪਾਸ ਕੁੜੀ-ਮੁੰਡੇ ਨਾਲ ਵਿਆਹ ਲਈ ਰਿਸਤੇ ਲੱਭ ਕੇ ਜੁਗਾੜ ਕੀਤਾ | ਗੱਲ ਕੀ , ਪੜ੍ਹਾਈ ਨੂੰ ਆਧਾਰ ਬਣਾ ਕੇ ਵਿਦੇਸ਼ ਸੈੱਟ ਹੋਣ ਦੀ ਮਨਸਾ ਨਾਲ ਬਾਹਰ ਜਾਣ ਵਾਲੇ ਬੱਚਿਆਂ ਦੇ ਮਾਪੇ ਹਰੇਕ ਹਰਬਾ ਵਰਤ ਕੇ ਉਹਨਾਂ ਨੂੰ ਵਿਦੇਸ਼ ਭੇਜ ਰਹੇ ਨੇ | ਪੰਜਾਬ ਵਿਚ ਸਕੂਲ ਦੀ ਪੜ੍ਹਾਈ ਦੀ ਪੌੜੀ ਦਾ ਅਖੀਰਲਾ ਡੰਡਾਂ +2 ਨੂੰ ਚੱੜ ਚੁੱਕੇ ਬਹੁਤੇ ਵਿਦਿਆਰਥੀਆਂ ਦੇ ਮਾਪੇ ਆਪਣੇ ਜਾਇਆਂ ਨੂੰ ਛੇਤੀ ਤੋਂ ਛੇਤੀ ਵਿਦੇਸ਼ ਭੇਜਣ ਨੂੰ ਕਾਹਲੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਦਾ ਬੱਚਾ ਕਿਸੇ ਮਾੜੀ ਸੰਗਤ ਵਿਚ ਪੈ ਕੇ ਵਿਗੜ ਨਾ ਜਾਵੇ | ਕਿਤੇ ਬੁਰੀਆਂ ਅਲਾਮਤਾਂ ਦੀ ਛੂਕਦੀ ਨਦੀ ਦਾ ਖੌਲਦਾ ਪਾਣੀ ਉਹਨਾਂ ਦੇ ਜਾਇਆਂ ਨੂੰ ਆਪਣੇ ਨਾਲ ਨਾ ਵਹਾ ਕੇੇ ਲੈ ਜਾਵੇ | ਵੇਲਾ ਵਿਹਾਉਂਣ ਪਿੱਛੋਂ ਤਾਂ ਬੇਵਸੀ ਹੀ ਹੱਥ ਲੱਗੇਗੀ | ਪਰਵਾਸ ਨੂੰ ਕਾਹਲੇ ਬੱਚਿਆਂ ਦੇ ਮਾਪਿਆਂ ਦੇ ਅਜਿਹੇ ਤੌਖਲੇ ਬਾਰੇ ਇੱਕ ਸ਼ਾਇਰਾ ਲਿਖਦੀ ਹੈ ,”
ਮੈਂ ਨਿੱਕਾ ਪੱਤਾ ਹਾਂ ਕੋਈ ਛਤਰੀ ਨਹੀਂ ਕਿ ਢੱਕ ਲਵਾਂ ਪੂਰਾ
ਮੈਂ ਬੇਵੱਸ ਦੇਖਦਾ ਹਾਂ ਕਿਸੇ ਬੋਟ ਤੇ ਜਦ ਮੇੇਘਲਾ ਵਰਦਾ ਹੈ
ਜਹਾਜ਼ ਦੀਆਂ ਟਿਕਟਾਂ , ਵੀਜਾ ਅਤੇ ਵਿਦੇਸ਼ ਵਿਚ ਪੜ੍ਹਾਈ ਵਾਲੇ ਕਾਲਜ ਦੇ ਪ੍ਰਬੰਧ ਤੋਂ ਬਾਅਦ ਬੱਚੇ ਇੱਕ ਨਵੀਂ ਆਸ ਨਾਲ ਘਰ ਦੀ ਸਰਦਲ ਨੂੰ ਸਿਜਦਾ ਕਰ ਏਅਰਪੋਰਟ ਪਹੁੰਚਦੇ ਨੇ | ਉਹਨਾਂ ਨੂੰ ਏਅਰ ਪੋਰਟ ਛੱਡਣ ਜਾ ਰਹੇ ਮਾਪਿਆਂ ਦਾ ਅੰਦਰੋਂ ਬੜਾ ਕੁਝ ਕੁਝ ਪਿਘਲਦਾ ਹੈ ਤੇ ਭੁਬ ਬਣ ਬਾਹਰ ਨਿਕਲਦੈ | ਆਪਣੇ ਇਕਲੌਤੇ ਪੁੱਤ-ਧੀ ਨੂੰ ਜਦ ਕੋਈ ਅੱਖੋਂ ਉਹਲੇ ਹੁੰਦਾ ਦੇਖਦੈ ਤਾਂ ਉਸਨੂੰ ਆਪਾ ਖੁਰਦਾ ਨਜ਼ਰ ਆਉਂਦੈ | ਮਾਪੇ ਆਪਣੇ ਜਾਇਆਂ ਨੂੰ ਬਾਰ ਬਾਰ ਤਾਕੀਦ ਕਰਦੇ ਨੇ ,” ਪੁੱਤ ਸੰਭਲ ਕੇ ਰਹੀਂ , ਮਨ ਲਾ ਕੇ ਪੜ੍ਹੀਂ , ਉਥੇ ਮੋਟੇ ਕੱਪੜੇ ਪਾਈ , ਠੰਡ ਤੋਂ ਬਚਾ ਰੱਖੀਂ ਤੇ ਆਪਣੀ ਫੀਸ ਦੀ ਅਗਲੀ ਕਿਸਤ ਤਾਰਨ ਲਈ ਕੰਮ ਤੇ ਲੱਗੀਂ , ਸਾਡੇ ਕੋਲ ਜੋ ਕੁਝ ਸੀ ਉਹ ਅਸੀਂ ਤੈਨੂੰ ਦੇ ਦਿੱਤਾ, ” | ਬੱਚਿਆਂ ਨੂੰ ਤੋਰਨ ਲੱਗਿਆਂ ਮਾਪਿਆਂ ਦੀਆਂ ਦੀਆਂ ਅੱਖਾਂ ਵਿਚ ਕਈ ਤਰਾਂ ਦੇ ਧੁੜਕੂ ਤੈਰਦੇ ਨਜ਼ਰ ਆਉਂਦੇ ਨੇ | ਉਹਨਾਂ ਨੂੰ ਬੇਗਾਨੀ ਧਰਤੀ ਤੇ ਮੌਸਮ ਦੀ ਮਾਰ ਨਾਲ ਜਾਂ ਕਿਸੇ ਹੋਰ ਕਾਰਨ ਵੱਸ ਕਈ ਬੱਚਿਆਂ ਦੇ ਬਿਮਾਰ ਹੋਣ ਦਾ ਤੌਖਲਾ ਵੀ ਸਤਾਉਂਦੈ |
ਸਕੂਲੀ ਪੜ੍ਹਾਈ ਉਪਰੰਤ ਨੌਜਵਾਨ ਵਰਗ ਦੇ ਤੇਜ਼ੀ ਨਾਲ ਹੋ ਰਹੇ ਵਿਦੇਸ਼ਾਂ ਵੱਲ ਪਰਵਾਸ ਕਾਰਨ ਪੰਜਾਬ ਦੇ ਉੱਚ ਵਿਦਿਅਕ ਅਦਾਰਿਆਂ ਵਿਚ ਦਾਖਲਿਆਂ ਦਾ ਗ੍ਰਾਫ ਹੇਠਾਂ ਆ ਗਿਆ ਹੈ | ਦਾਖਲੇ ਘੱਟਣ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਕਾਲਜਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਵਰਕ ਲੋਡ ਘੱਟ ਗਿਆ ਹੈ | ਜਿਸ ਕਾਰਨ ਕਈ ਅਧਿਆਪਕਾਂ ਦੀਆਂ ਪੋਸਟਾਂ ਨੂੰ ਸ਼ਿਫਟ ਹੋਣ ਜਾਂ ਖਤਮ ਹੋਣ ਦਾ ਖਤਰਾ ਅਤੇ ਕਈ ਗੈਰ ਸਰਕਾਰੀ ਅਦਾਰਿਆਂ ਵਿਚ ਉਹਨਾਂ ਨੂੰ ਲੰਬੇ ਸਮੇਂ ਤੋਂ ਤਨਖਾਹ ਨਾ ਮਿਲਣ ਦੀ ਸਮੱਸਿਆ ਬਣ ਗਈ ਹੈ |
ਇਸ ਤੋਂ ਇਲਾਵਾ ਪਰਵਾਸ ਨਾਲ ਪੈਦਾ ਹੋਏ ਕਈ ਹੋਰ ਨਵੇਂ ਤੇ ਅੱਖਾਂ ਖੋਲਣ ਵਾਲੇ ਤੌਖਲੇ ਜਿਨ੍ਹਾਂ ਦਾ ਸੇਕ ਆਉਣ ਵਾਲੇ ਸਮੇਂ ਵਿਚ ਅਸਾਨੂੰ ਝੱਲਣਾ ਪੈ ਸਕਦੈ ਉਹਨਾਂ ਦੇ ਬਾਰੇ ਸਾਡੇ ਬੁੱਧੀਜੀਵੀ ਅਤੇ ਲੇਖਕ ਸਮੇਂ ਸਮੇਂ ਤੇ ਸਾਨੂੰ ਦੱਸਦੇ ਰਹੇ ਨੇ , ਉਹ ਤੌਖਲੇ ਹੁਣ ਹਕੀਕਤ ਵਿਚ ਬਦਲਣ ਜਾ ਰਹੇ ਨੇ | ਉੱਘੇ ਸ਼ਾਇਰ ਸੁਰਜੀਤ ਪਾਤਰ ਦੀ ਲਿਖੀ ਕਵਿਤਾ ” ਆਇਆ ਨੰਦ ਕਿਸ਼ੋਰ” ਜਿਸ ਵਿਚ ਉਹ ਪੂਰਬੀ ਕਾਮੇ ਦੇ ਬੱਚੇ ਨੰਦ ਕਿਸ਼ੋਰ ਦਾ ਜ਼ਿਕਰ ਕਰਦੇ ਨੇ ਕਿ ਉਹ ਸਰਕਾਰੀ ਸਕੂਲ ਵਿਚ ਪੰਜਾਬੀ ਪੜ੍ਹਨ ਜਾਂਦਾ ਹੈ ਤੇ ਸਾਡੇ ਪੰਜਾਬੀ ਪਰਿਵਾਰ ਦੇ ਬੱਚੇ ਕਾਨਵੈਂਟ ਸਕੂਲ ਵਿਚ ਅੰਗਰੇਜ਼ੀ ਸਿੱਖਣ ਜਾਂਦੇ ਨੇ | ਪੰਜਾਬੀ ਸਿੱਖਣ ਵਾਲੇ ਪੂਰਬੀ ਕਾਮਿਆਂ ਦੇ ਬੱਚੇ ਵੱਡਿਆਂ ਨੂੰ ” ਸਤਿ ਸ੍ਰੀ ਅਕਾਲ ” ਕਹਿਣ ਲੱਗੇ ਨੇ ਤੇ ਸਾਡੇ ਬੱਚੇ ਗੁੱਡ ਮੋਰਨਿੰਗ ਜਾਂ ਗੁੱਡ ਈਵਨਿੰਗ ਦਾ ਰਾਗ ਆਲਾਪ ਰਹੇ ਨੇ | ਸਾਡੇ ਬੱਚੇ ਹੁਣ “ਸੂਰਜਾ ਸੂਰਜਾ ਫੱਟੀ ਸੁਕਾਅ” ਕਵਿਤਾ ਭੁਲਕੇ…ਟਵਿੰਕਲ ਟਵਿੰਕਲ ਲਿਟਲ ਸਟਾਰ ਗੁਣਗੁਣਾ ਰਹੇ ਨੇ | ਇਸ ਵਰਤਾਰੇ ਨਾਲ ਭਾਸ਼ਾ ਦੇ ਹੌਲੀ ਹੌਲੀ ਲੁਪਤ ਹੋਣ ਦਾ ਤੌਖਲਾ ਭਾਸ਼ਾ ਵਿਗਿਆਨੀਆਂ ਵਲੋਂ ਜਾਹਿਰ ਕੀਤਾ ਗਿਆ ਹੈ |
ਪੰਜਾਬੀ ਦੇ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ ਨੇ ਆਪਣੀ ਇੱਕ ਲਿਖਤ ਰਾਹੀਂ ਪੰਜਾਬੀਆਂ ਨੂੰ ਭਵਿੱਖ ਵਿਚ ਹੋਣ ਜਾ ਰਹੇ ਇੱਕ ਨਵੇਂ ਵਰਤਾਰੇ ਲਈ ਆਗਾਹ ਕੀਤਾ ਹੈ | ਉਹ ਦੱਸਦੇ ਨੇ ਕਿ ਉਹਨਾਂ ਦੇ ਇੱਕ ਦੋਸਤ ਦਾ ਮੁੰਡਾ ਆਇਲੈਟਸ ਦੀ ਤਿਆਰੀ ਕਰ ਰਿਹਾ ਸੀ | ਮੁੰਡਾ ਪੜ੍ਹਾਈ ਵਿਚ ਸਤੱਈ ਪੱਧਰ ਦਾ ਸੀ ਤੇ ਉਸਨੇ ਕਈ ਦਫ਼ਾ ਟੈਸਟ ਦਿੱਤਾ ਤੇ ਜ਼ੋਰ ਮਾਰਕੇ ਆਇਲੈਟਸ ਦੇ ਟੈਸਟ ਵਿਚੋਂ ਮਸਾਂ 3 ਤੋਂ 3.5 ਬੈਂਡ ਹਾਸਿਲ ਕੀਤੇ | ਮੁੰਡੇ ਦਾ ਬਾਪੂ ਪ੍ਰੇਸ਼ਾਨ ਸੀ , ਮੈਂ ਢਾਰਸ ਜਿਹਾ ਦਿੱਤਾ ,” ਕੋਈ ਨੀ ਉਹਨੂੰ ਕਹੋ ਦੁਬਾਰਾ ਮਿਹਨਤ ਕਰੇ ਪਾਸ ਹੋਜੁਗਾ | ਕਈ ਦਿਨਾਂ ਦੇ ਵੱਖਵੇ ਤੋਂ ਬਾਅਦ ਦੋਸਤ ਮੁੜ ਮਿਲਿਆ ਤੇ ਬੜਾ ਖੁਸ਼ ਤੇ ਤਰਾਰ ਵਿਚ ਸੀ | ਉਹਨੇ ਦੱਸਿਆ ਕਿ ਉਹਦੇ ਮੁੰਡੇ ਨੇ ਬਾਹਰ ਜਾਣ ਦਾ ਵਿਚਾਰ ਛੱਡ ਦਿੱਤਾ ਹੈ ਤੇ ਇਥੇ ਹੀ “ਪੰਜਾਬੀ ਆਇਲੈਟਸ ਸੈਂਟਰ” ਖੋਲ ਲਿਆ ਹੈ ਤੇ ਚੋਖੀ ਕਮਾਈ ਕਰ ਰਿਹੈੇ | ਪੰਜਾਬੀ ਆਇਲੈਟਸ ਸੈਂਟਰ ? ਇਹ ਕੀ ਹੁੰਦੈ ? ਉਹਨੇ ਦੱਸਿਆ ,” ਇਸ ਆਇਲੈਟਸ ਸੈਂਟਰ ਵਿਚ ਉਹਦਾ ਮੁੰਡਾ ਪੂਰਬੀਆਂ , ਨੇਪਾਲੀਆਂ , ਗੜ੍ਹਵਾਲੀਆਂ, ਯੂਪੀ ਵਾਲਿਆਂ ਤੇ ਰਾਜਸਤਾਨ ਦੇ ਬੰਦਿਆਂ ਨੂੰ ਪੰਜਾਬੀ ਵਿਰਸਾ-ਵਿਹਾਰ , ਪੰਜਾਬੀ ਦਾ ਸੁੱਧ ਉਚਾਰਨ , ਪੱਗ ਬੰਨਣੀ , ਭੰਗੜਾ,ਪੰਜਾਬੀ ਬੋਲੀਆਂ , ਦਾਰੂ ਪੀ ਕੇ ਲਲਕਾਰਾ ਮਾਰਨਾ ਅਤੇ ਬੜ੍ਹਕ ਮਾਰਨੀ ਸਿਖਾਉਣ ਦਾ ਕੰਮ ਕਰਦਾ ਹੈ | ਕਿਉਂਕਿ ਉਹ ਪਰਵਾਸੀ ਮੁੰਡੇ ਕਹਿੰਦੇ ਨੇ ਕਿ ਪੰਜਾਬੀ ਵਿਰਸਾ ਤੇ ਵਿਹਾਰ ਸਿੱਖ ਕੇ ਉਹ ਪੂਰੀ ਤਰਾਂ ਪੰਜਾਬੀ ਬਣਨਾ ਚਹੁੰਦੇ ਨੇ | ਇਥੋਂ ਦੇ ਮੁੰਡੇ ਤਾਂ ਕੈਨੇਡਾ , ਅਮਰੀਕਾ , ਆਸਟਰੇਲੀਆ ਤੇ ਨਿਊਜ਼ੀਲੈਂਡ ਵੱਲ ਵਹੀਰਾਂ ਘੱਤ ਰਹੇ ਨੇ | ਉਹਨਾਂ ਪਿੱਛੋਂ ਪੰਜਾਬ ਦੇ ਅਸਲੀ ਵਾਰਿਸ ਤਾਂ ਅਸੀਂ ਹੀ ਹਾਂ | ਬਹੁਤੇ ਪਰਵਾਸੀ ਕਾਮੇ ਹੁਣ ਦਾੜੀਆਂ ਵਧਾ ਪੱਗਾਂ ਵੀ ਬੰੰਨਣ ਲੱਗੇ ਨੇ |
ਅਜਿਹੇ ਵਰਤਾਰੇ ਨੂੰ ਤੱਕ ਕੇ ਇੰਝ ਲੱਗਦਾ ਹੈ ਕਿ ਪਰਵਾਸ ਵਿਚੋਂ ਉੱਪਜੇ ਇਹਨਾਂ ਤੌਖਲਿਆਂ ਦਾ ਸੇਕ ਹੁਣ ਸਾਡੀਆਂ ਬਰੂਹਾਂ ਤੱਕ ਆ ਚੁੱਕਾ ਹੈ | ਜੇ ਵੇਲੇ ਸਿਰ ਇਹਨਾਂ ਦਾ ਹੱਲ ਨਾ ਲੱਭਿਆ ਤਾਂ ਕਿਤੇ ਘਰਾਂ ਲਈ ਰਾਖੀ ਲਈ ਰੱਖੇ ਚੋਂਕੀਦਾਰ ਚੁਬਾਰਿਆਂ ਦੇ ਦਾਅਵੇਦਾਰ ਨਾ ਬਣ ਜਾਣ ਜਾਂ ਵਿਦੇਸ਼ ਗਏ ਬੱਚਿਆਂ ਦੇ ਮੁੱੜ ਕੇ ਆਉਣ ਤੱਕ ਚਾਵਾਂ ਨਾਲ ਬਣਾਏ ਆਸ਼ਿਆਨੇ ਖੰਡਰਾਂ ਚ ਤਬਦੀਲ ਨਾ ਹੋ ਜਾਣ | ਸਿਆਣੇ ਆਖਦੇ ਨੇ ਕਿ ਧਰਤੀ ਦੇ ਅਸਲ ਵਾਰਿਸ ਉਹੀ ਹੁੰਦੇ ਨੇ ਜਿਹੜੇ ਇਸ ਨੂੰ ਵਾਹ ਕੇ ਜ਼ਰਖੇਜ਼ ਬਣਾਉਂਦੇ ਨੇ ਤੇ ਕਿਰਤ ਦੇ ਸੂਹੇ ਫੁੱਲ ਪੈਦਾ ਕਰਦੇ ਨੇ ਅਤੇ ਈਂਉ ਧਰਤੀ ਦਾ ਬੋਝ ਆਪਣੇ ਪਿੰਡੇ ਤੇ ਚੁੱਕ ਕੇ ਇਸ ਨੂੰ ਜਿਉਂਣਯੋਗ ਬਣਾਉਂਦੇ ਨੇ | ਇਹ ਲਿਖਤ ਪੰਜਾਬੀਆਂ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਹਰਾ ਹੈ , ਉਹਨਾਂ ਦੀ ਵੇਦਨਾ ਵੀ ਹੈ , ਉਹਨਾਂ ਦੀ ਸੰਵੇਦਨਾ ਵੀ ਹੈ ਤੇ ਅੱਖਾਂ ਖੋਲਣ ਵਾਲੀ ਵੀ ਹੈ | ਆਓ ਜਾਗੀਏ |
ਪ੍ਰੋ ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ , ਸੰਗਰੂਰ
9417665241
Leave a Comment
Your email address will not be published. Required fields are marked with *