ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਵੰਡੀਆਂ ਜਾਗਰੂਕਤਾ ਵਾਲੀਆਂ ਕਾਪੀਆਂ

ਕੋਟਕਪੂਰਾ, 19 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਰਾਲੀ, ਦੀਵਾਲੀ, ਉਦਯੋਗਿਕ ਇਕਾਈਆਂ ਅਤੇ ਵਾਹਨਾ ਦੇ ਪ੍ਰਦੂਸ਼ਣ ਵਿੱਚ ਉਲਝਿਆ ਆਮ ਨਾਗਰਿਕ ਅਤੇ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਵਿਅਕਤੀ ਇਹ ਸਮਝਣ ਦੀ ਕੌਸ਼ਿਸ਼ ਵਿੱਚ ਕਲਪਿਆ ਪਿਆ ਹੈ ਕਿ ਆਖਰ ਉਸਦਾ ਕਸੂਰ ਕੀ ਹੈ? ਨੇੜਲੇ ਪਿੰਡ ਵਾਂਦਰ ਜਟਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕੋਟਕਪੂਰਾ ਗਰੁੱਪ ਆਫ ਫੈਮਲੀਜ (ਕੈਨੇਡਾ) ਦੇ ਸਹਿਯੋਗ ਨਾਲ ਲਾਏ ਗਏ ਵਾਤਾਵਰਣ ਦੀ ਸੰਭਾਲ ਸਬੰਧੀ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਵਕਤਾ ਵਜੋਂ ਪੁੱਜੇ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਅੱਜ ਪਰਾਲੀ ਅਤੇ ਦੀਵਾਲੀ ਦਾ ਪ੍ਰਦੂਸ਼ਣ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਇਲਾਵਾ ਨੈਸ਼ਨਲ ਗਰੀਨ ਟਿ੍ਰਬਿਊਨਲ (ਐਨਜੀਟੀ) ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖਤੀ ਅਤੇ ਹਦਾਇਤਾਂ ਦੀ ਕੋਈ ਵੀ ਪਾਲਣਾ ਕਰਨ ਨੂੰ ਤਿਆਰ ਨਹੀਂ। ਇਸ ਤੋਂ ਇਲਾਵਾ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਅਤੇ ਹਾਈਕੋਰਟ ਦੀਆਂ ਹਦਾਇਤਾਂ ਦੀ ਵੀ ਪਾਲਣਾ ਨਹੀਂ ਕੀਤੀ ਜਾ ਰਹੀ। ਉਹਨਾਂ ਆਖਿਆ ਕਿ ਜੇਕਰ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਬਿਮਾਰੀਆਂ ਅਤੇ ਪੀੜਤਾਂ ਦੀ ਤਾਦਾਦ ਐਨੀ ਵੱਧ ਜਾਵੇਗੀ ਕਿ ਛੋਟੇ ਤੋਂ ਲੈ ਕੇ ਵੱਡੇ ਹਸਪਤਾਲ ਤੱਕ ਨਾ ਤਾਂ ਬੈੱਡ ਖਾਲੀ ਮਿਲੇਗਾ ਤੇ ਨਾ ਹੀ ਸਰਕਾਰਾਂ ਹਸਪਤਾਲਾਂ ’ਚ ਸਟਾਫ ਪੂਰਾ ਕਰ ਸਕਣਗੀਆਂ। ਇਸ ਲਈ ਵਾਤਾਵਰਣ ਦੀ ਸੰਭਾਲ ਬਹੁਤ ਜਰੂਰੀ ਹੈ। ਸੁਸਾਇਟੀ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਸੇਵਾਮੁਕਤ ਪ੍ਰੋ੍ਰ. ਕੇ.ਸੀ. ਸ਼ਰਮਾ, ਰਜਿੰਦਰ ਸਿੰਘ ਸਰਾਂ, ਅਸ਼ੌਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਮਨਦੀਪ ਸਿੰਘ ਮਿੰਟੂ ਗਿੱਲ, ਗੁਰਵੀਰਕਨ ਸਿੰਘ ਢਿੱਲੋਂ, ਸਰਨ ਕੁਮਾਰ, ਗੁਰਮੀਤ ਸਿੰਘ ਮੀਤਾ ਆਦਿ ਨੇ ਮੰਨਿਆ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀਆਂ ਕੌਸ਼ਿਸ਼ਾਂ ਨਾਲ ਲੋਕਾਂ ਵਿੱਚ ਜਾਗਿ੍ਰਤੀ ਆਉਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਲੋਕ ਹੁਣ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲੱਗ ਪਏ ਹਨ ਅਤੇ ਇਹ ਕਾਫਲਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਸਮੇਤ ਸਮੂਹ ਮਹਿਮਾਨਾ ਨੂੰ ਵੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੋਟਕਪੂਰਾ ਗਰੁੱਪ ਆਫ ਫੈਮਲੀਜ ਕੈਨੇਡਾ ਦੇ ਸਹਿਯੋਗ ਨਾਲ ਛਪਵਾਈਆਂ ਜਾਗਰੂਕਤਾ ਵਾਲੀਆਂ ਕਾਪੀਆਂ ਵੰਡੀਆਂ ਗਈਆਂ।