ਇੱਕ ਰਾਜਾ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ। ਰਾਜ ਵਿੱਚ ਅਚਾਨਕ ਚੋਰੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਕੋਸ਼ਿਸ਼ ਕਰਨ ਤੇ ਵੀ ਚੋਰ ਫੜਿਆ ਨਾ ਗਿਆ। ਹਾਰ ਕੇ ਰਾਜੇ ਨੇ ਮੁਨਾਦੀ ਕਰਵਾਈ ਕਿ ਜੋ ਚੋਰੀ ਕਰਦਾ ਫੜਿਆ ਜਾਵੇਗਾ, ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਸਾਰੀਆਂ ਥਾਂਵਾਂ ਤੇ ਸਿਪਾਹੀ ਤੈਨਾਤ ਕਰ ਦਿੱਤੇ ਗਏ। ਘੋਸ਼ਣਾ ਪਿੱਛੋਂ ਤਿੰਨ-ਚਾਰ ਦਿਨਾਂ ਤੱਕ ਚੋਰੀ ਦੀ ਕੋਈ ਸ਼ਿਕਾਇਤ ਨਾ ਆਈ।
ਉਸ ਰਾਜ ਵਿੱਚ ਇੱਕ ਚੋਰ ਸੀ, ਜਿਸਨੂੰ ਚੋਰੀ ਤੋਂ ਬਿਨਾਂ ਕੋਈ ਕੰਮ ਆਉਂਦਾ ਹੀ ਨਹੀਂ ਸੀ। ਉਹਨੇ ਸੋਚਿਆ – ‘ਮੇਰਾ ਤਾਂ ਕੰਮ ਹੀ ਚੋਰੀ ਕਰਨਾ ਹੈ। ਜੇ ਮੈਂ ਇਉਂ ਹੀ ਡਰਦਾ ਰਿਹਾ ਤਾਂ ਭੁੱਖਾ ਮਰ ਜਾਵਾਂਗਾ। ਚੋਰੀ ਕਰਦਾ ਫੜਿਆ ਗਿਆ ਤਾਂ ਵੀ ਮਰਾਂਗਾ।ਭੁੱਖੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਚੋਰੀ ਕੀਤੀ ਜਾਵੇ।’
ਉਹ ਉਸ ਰਾਤ ਨੂੰ ਇੱਕ ਘਰ ਚੋਰੀ ਕਰਨ ਗਿਆ। ਘਰ ਦੇ ਲੋਕ ਜਾਗ ਪਏ। ਲੋਕ ਰੌਲਾ ਪਾਉਣ ਲੱਗੇ ਤਾਂ ਚੋਰ ਦੌੜਿਆ। ਪਹਿਰੇ ਤੇ ਤੈਨਾਤ ਸਿਪਾਹੀਆਂ ਨੇ ਉਹਦਾ ਪਿੱਛਾ ਕੀਤਾ। ਚੋਰ ਜਾਨ ਬਚਾਉਣ ਲਈ ਸ਼ਹਿਰ ਤੋਂ ਬਾਹਰ ਨੂੰ ਭੱਜਿਆ। ਉਹਨੇ ਮੁੜ ਕੇ ਵੇਖਿਆ ਤਾਂ ਬਹੁਤ ਸਾਰੇ ਸਿਪਾਹੀ ਉਹਦਾ ਪਿੱਛਾ ਕਰ ਰਹੇ ਸਨ। ਉਹਨੇ ਸੋਚਿਆ – ‘ਇਨ੍ਹਾਂ ਸਾਰਿਆਂ ਨੂੰ ਧੋਖਾ ਦੇ ਕੇ ਭੱਜਣਾ ਸੰਭਵ ਨਹੀਂ ਹੈ। ਭੱਜਣ ਨਾਲ ਤਾਂ ਜਾਨ ਨਹੀਂ ਬਚੇਗੀ, ਕੋਈ ਤਰਕੀਬ ਸੋਚਣੀ ਪਵੇਗੀ।’ ਉਹ ਸ਼ਹਿਰੋਂ ਬਾਹਰ ਇੱਕ ਨਦੀ ਦੇ ਕਿਨਾਰੇ ਪੁੱਜਾ। ਸਾਰੇ ਕੱਪੜੇ ਲਾਹ ਕੇ ਨਦੀ ਵਿੱਚ ਸੁੱਟ ਦਿੱਤੇ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਇੱਕ ਬੋਹੜ ਦੇ ਰੁੱਖ ਹੇਠਾਂ ਜਾ ਬੈਠਾ। ਬੋਹੜ ਉੱਤੇ ਬਗਲਿਆਂ ਦਾ ਰੈਣ-ਬਸੇਰਾ ਸੀ। ਬੋਹੜ ਦੀਆਂ ਜੜ੍ਹਾਂ ਕੋਲ ਹੀ ਬਗਲਿਆਂ ਦੀਆਂ ਬਿੱਠਾਂ ਪਈਆਂ ਸਨ। ਉਹਨੇ ਬਿੱਠ ਚੁੱਕ ਕੇ ਉਹਦਾ ਤਿਲਕ ਲਾ ਲਿਆ ਅਤੇ ਅੱਖਾਂ ਮੀਚ ਕੇ ਇਉਂ ਸਾਂਗ ਕਰਨ ਲੱਗਿਆ ਜਿਵੇਂ ਭਗਤੀ ਵਿੱਚ ਲੀਨ ਹੋਵੇ।
ਲੱਭਦੇ-ਲੱਭਦੇ ਕੁਝ ਚਿਰ ਪਿੱਛੋਂ ਸਿਪਾਹੀ ਵੀ ਓਥੇ ਆ ਗਏ। ਚੋਰ ਕਿਤੇ ਨਾ ਦਿੱਸਿਆ। ਦਿਨ ਦੇ ਚਾਨਣ ਵਿੱਚ ਉਨ੍ਹਾਂ ਦੀ ਨਜ਼ਰ ਬਾਬਾ ਬਣੇ ਚੋਰ ਤੇ ਪਈ। ਸਿਪਾਹੀਆਂ ਨੇ ਪੁੱਛਿਆ – “ਬਾਬਾ, ਏਧਰ ਕਿਸੇ ਨੂੰ ਆਉਂਦੇ ਵੇਖਿਆ ਹੈ?” ਪਰ ਢੌਂਗੀ ਬਾਬਾ ਤਾਂ ਸਮਾਧੀ ਲਾਈ ਬੈਠਾ ਸੀ। ਉਹ ਜਾਣਦਾ ਸੀ ਕਿ ਜੇ ਬੋਲਾਂਗਾ ਤਾਂ ਫੜਿਆ ਜਾਵਾਂਗਾ। ਸੋ ਮੋਨੀ ਬਾਬਾ ਬਣ ਗਿਆ ਅਤੇ ਸਮਾਧੀ ਦਾ ਸਾਂਗ ਕਰਦਾ ਰਿਹਾ।
ਸਿਪਾਹੀਆਂ ਨੂੰ ਸ਼ੱਕ ਤਾਂ ਹੋਇਆ ਪਰ ਕੀ ਕਰਦੇ! ਕਿਤੇ ਸੱਚੀਂ ਹੀ ਸੰਤ ਨਿਕਲਿਆ ਤਾਂ…। ਆਖ਼ਰ ਉਨ੍ਹਾਂ ਨੇ ਛੁਪ ਕੇ ਉਸ ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਇਹ ਗੱਲ ਚੋਰ ਵੀ ਭਾਂਪ ਗਿਆ। ਜਾਨ ਬਚਾਉਣ ਲਈ ਉਹ ਵੀ ਚੁੱਪਚਾਪ ਬੈਠਾ ਰਿਹਾ। ਇੱਕ ਦਿਨ, ਦੋ ਦਿਨ, ਤਿੰਨ ਦਿਨ ਬੀਤ ਗਏ। ਬਾਬਾ ਬੈਠਾ ਰਿਹਾ। ਸ਼ਹਿਰ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਕੋਈ ਸਿੱਧ ਬਾਬਾ ਪਤਾ ਨਹੀਂ ਕਿੰਨੇ ਦਿਨਾਂ ਤੋਂ ਬਿਨਾਂ ਖਾਧੇ-ਪੀਤੇ ਸਮਾਧੀ ਲਾਈ ਬੈਠੇ ਹਨ। ਸਿਪਾਹੀਆਂ ਨੂੰ ਤਾਂ ਉਨ੍ਹਾਂ ਦੇ ਅਚਾਨਕ ਦਰਸ਼ਨ ਹੋਏ ਹਨ। ਸ਼ਹਿਰ ਤੋਂ ਲੋਕ ਉਸ ਬਾਬੇ ਦੇ ਦਰਸ਼ਨਾਂ ਨੂੰ ਆਉਣ ਲੱਗੇ। ਭਗਤਾਂ ਦੀ ਕਾਫੀ ਭੀੜ ਲੱਗਣ ਲੱਗੀ। ਰਾਜੇ ਕੋਲ ਵੀ ਇਹ ਗੱਲ ਪਹੁੰਚ ਗਈ। ਰਾਜਾ ਆਪ ਦਰਸ਼ਨਾਂ ਲਈ ਆਇਆ। ਰਾਜੇ ਨੇ ਬੇਨਤੀ ਕੀਤੀ ਕਿ ਤੁਸੀਂ ਸ਼ਹਿਰ ਵਿੱਚ ਪਧਾਰੋ ਅਤੇ ਸਾਨੂੰ ਸੇਵਾ ਦਾ ਮੌਕਾ ਦਿਓ।
ਚੋਰ ਨੇ ਸੋਚਿਆ ਕਿ ਬਚਣ ਦਾ ਇਹੋ ਤਰੀਕਾ ਹੈ। ਉਹ ਸਰਕਾਰੀ ਮਹਿਮਾਨ ਬਣਨ ਲਈ ਤਿਆਰ ਹੋ ਗਿਆ। ਸਾਰੇ ਲੋਕ ਜੈ-ਜੈਕਾਰ ਕਰਦੇ ਹੋਏ ਸ਼ਹਿਰ ਵਿੱਚ ਲਿਜਾ ਕੇ ਉਹਦੇ ਸੇਵਾ-ਸਤਿਕਾਰ ਵਿੱਚ ਜੁਟ ਗਏ। ਲੋਕਾਂ ਦਾ ਪਿਆਰ ਅਤੇ ਸ਼ਰਧਾ ਵੇਖ ਕੇ ਢੌਂਗੀ ਦਾ ਮਨ ਬਦਲ ਗਿਆ। ਉਹਨੂੰ ਮਹਿਸੂਸ ਹੋਇਆ ਕਿ ਜੇ ਨਕਲੀ ਸੰਤ ਬਣ ਕੇ ਏਨਾ ਮਾਣ-ਸਨਮਾਨ ਮਿਲ ਰਿਹਾ ਹੈ ਤਾਂ ਅਸਲੀ ਸੰਤ ਬਣ ਕੇ ਕਿੰਨਾ ਸਨਮਾਨ ਮਿਲੇਗਾ! ਹੁਣ ਉਹਦਾ ਮਨ ਪੂਰੀ ਤਰ੍ਹਾਂ ਬਦਲ ਗਿਆ ਅਤੇ ਚੋਰੀ ਦਾ ਧੰਦਾ ਛੱਡ ਕੇ ਸੰਨਿਆਸੀ ਬਣ ਗਿਆ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.