ਲੋਕੀ ਕਹਿਣ ਕਰੇ ਰੱਬ, ਮੈਂ ਤਾਂ ਆਖਨਾਂ ਸਬੱਬ,
ਹੋਣੀ ਤੇਰੀ ਮੇਰੀ ਪਹਿਲੀ ਤੇ ਅਖ਼ੀਰੀ ਮੁਲਾਕਾਤ।
ਓਸ ਦਿਨ ਪਿੱਛੋਂ ਅੰਬਰਾਂ ’ਤੇ ਪਈ ਨਹੀਂਓ ਰਾਤ।
ਜਿੱਥੇ ਸੂਰਜੇ ਤੇ ਧਰਤੀ ਦਾ ਹੁੰਦਾ ਏ ਸੁਮੇਲ।
ਪਿੱਛੋਂ ਕਿੰਨਾ ਚਿਰ ਲਾਲੀ, ਸਾਂਭੀ ਰੱਖਦੈ ਦੋਮੇਲ।
ਜੀਕੂੰ ਫੁੱਲਾਂ ਉੱਤੇ ਪਵੇ ਨੀਲੇ ਅੰਬਰੋਂ ਤਰੇਲ।
ਮੈਨੂੰ ਇੰਨ ਬਿੰਨ ਇਹੋ ਜਹੀ ਤੂੰ ਦਿੱਤੀ ਏ ਸੁਗਾਤ।
ਮੇਰੇ ਅੰਗ ਸੰਗ ਰਹੇ ਤੇਰੇ ਸਾਹਾਂ ਦੀ ਸੁਗੰਧ।
ਮੈਨੂੰ ਸੌਖਾ ਸੌਖਾ ਲੱਗਦਾ ਏ ਜ਼ਿੰਦਗੀ ਦਾ ਪੰਧ।
ਇਹ ਹੈ ਨਾਵਾਂ ਦੇ ਝਮੇਲਿਆਂ ਤੋਂ ਵੱਖਰਾ ਸੰਬੰਧ।
ਚੰਨ ਚਾਨਣੀ ਵਿਆਹੁਣ ਆਈ ਅੰਬਰੋਂ ਬਾਰਾਤ।
ਪਹੁੰਚੀ ਚੰਨ ਤੋਂ ਅਗੇਰੇ, ਤੇਰੇ ਹੱਥ ਮੇਰੀ ਡੋਰ।
ਮੈਨੂੰ ਧਰਤੀ ਤੇ ਲਾਹ ਲੈ, ਮੈਨੂੰ ਭੁੱਲ ਜੇ ਨਾ ਤੋਰ।
ਕਰੀ ਚੱਲ ਮੈਨੂੰ ਕੋਸੇ ਕੋਸੇ ਸਾਹਾਂ ਦੀ ਟਕੋਰ।
ਤੇਰੀ ਤੱਕਣੀ ਦਾ ਨਿੱਘ ਪਾਵੇ ਸੂਰਜੇ ਨੂੰ ਮਾਤ।
ਵੇ ਤੂੰ ਆਖ ਦੇ ਖ਼ੁਦਾ ਨੂੰ, ਹੁਣ ਸਮਾਂ ਰੁਕ ਜਾਵੇ।
ਜਦੋਂ ਤੀਕ ਮੇਰੇ ਤਨੋਂ ਨਾ ਸਵਾਸ ਮੁੱਕ ਜਾਵੇ।
ਜਦੋਂ ਤੀਕ ਨਾ ਮੁਹੱਬਤਾਂ ਦਾ ਨੀਰ ਸੁੱਕ ਜਾਵੇ।
ਉਦੋਂ ਤੀਕ ਨਾ ਮੁਕਾਵੀਂ, ਅਣਬੋਲੀ ਗੱਲਬਾਤ।
ਓਸ ਦਿਨ ਪਿੱਛੋਂ ਅੰਬਰਾਂ ‘ਤੇ ਪਈ ਨਹੀਓਂ ਰਾਤ।
🟪

🔹ਗੁਰਭਜਨ ਗਿੱਲ