ਗੁਰਭਜਨ ਗਿੱਲ/ਵਰਲਡ ਪੰਜਾਬੀ ਟਾਈਮਜ਼)
2001 ਵਿੱਚ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਪਹਿਲੀ ਵਾਰ ਡਾਃ ਜਗਤਾਰ ਨੇ ਅਬਦੁਲ ਕਰੀਮ ਕੁਦਸੀ ਨਾਲ ਮਿਲਾਇਆ ਸੀ ਸਾਨੂੰ। ਉਸ ਨੂੰ ਨਾਲ ਲੈ ਕੇ ਹੀ ਡਾਃ ਜਗਤਾਰ ਮੈਨੂੰ ਤੇ ਡਾਃ ਸੁਖਦੇਵ ਸਿਰਸਾ ਨੂੰ ਨਾਲ ਲੈ ਕੇ ਨਨਕਾਣਾ ਸਾਹਿਬ ਤੇ ਜੰਡਿਆਲਾ ਸ਼ੇਰ ਖਾਂ ਲੈ ਕੇ ਗਿਆ ਸੀ। ਕੁਦਸੀ ਦਾ ਭਣੇਵੇਂ ਇਕਬਾਲ ਦੀ ਕਾਰ ਸੀ ਟਯੋਟਾ।
ਸਤਨਾਮ ਮਾਣਕ, ਵਰਿਆਮ ਤੇ ਸਰਵਣ ਸਿੰਘ ਸਾਨੂੰ ਨਾਲ ਨਹੀਂ ਸਨ ਲੈ ਕੇ ਗਏ। ਸੁਲ੍ਹਾ ਵੀ ਨਾ ਮਾਰਨ ਕਰਕੇ ਅਸੀਂ ਰੁੱਸੇ ਬੈਠੇ ਸਾਂ। ਸਾਨੂੰ ਡਾਃ ਜਗਤਾਰ ਨੇ ਵਰਚਾਇਆ।
ਖ਼ੈਰ! ਪੁੱਜ ਕੇ ਮੁਹੱਬਤੀ ਸੀ ਪਿਆਰਾ ਅਬਦੁਲ ਕਰੀਮ ਕੁਦਸੀ। ਡਾਃ ਜਗਤਾਰ ਦਾ ਮੂੰਹ ਬੋਲਿਆ ਭਰਾ ਸੀ ਉਹ। ਉਸ ਦੀ ਪਹਿਲੀ ਕਿਤਾਬ ਵੀ ਡਾਃ ਜਗਤਾਰ ਨੇ ਏਧਰ ਛਪਵਾਈ ਸੀ।
ਹੁਣ ਉਹ ਅਮਰੀਕਾ ਵੱਸਦਾ ਸੀ ਕਈ ਸਾਲਾਂ ਤੋਂ। ਮੇਰੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸੇ ਦੱਸਿਆ ਸੀ ਕਿ ਮੇਰੀਆਂ ਨਵੀਆਂ ਕਿਤਾਬਾਂ ਸਤੀਸ਼ ਗੁਲਾਟੀ ਛਾਪ ਰਿਹੈ।
ਅੱਜ ਸਵੇਰ ਸਾਰ ਸਤੀਸ਼ ਨੇ ਅਮਰੀਕਾ ਤੋਂ ਲਿਖ ਘੱਲਿਆ ਹੈ ਕਿ ਕੁਦਸੀ ਸਾਹਿਬ ਆਪਣੀਆਂ ਨਵੀਆਂ ਛਪੀਆਂ ਕਿਤਾਬਾਂ ਵੇਖੇ ਬਗੈਰ ਸੰਸਾਰ ਨੂੰ ਆਖ਼ਰੀ ਫ਼ਤਹਿ ਬੁਲਾ ਗਏ ਨੇ।
ਸਤੀਸ਼ ਦੀ ਲਿਖੀ ਇਬਾਰਤ ਇੰਜ ਹੈ।
ਅਬਦੁਲ ਕਰੀਮ ਕੁਦਸੀ ਦਾ ਵਿਛੋੜਾ….
“ਅਪਣਾ ਹਰ ਦੁੱਖ ਲੋਕਾਂ ਨੂੰ ਨਹੀਂ ਦੱਸੀ ਦਾ।
ਲੋਕ ਤੇ ਸੱਪ ਬਣਾ ਲੈਂਦੇ ਨੇ ਰੱਸੀ ਦਾ।”
(ਅਬਦੁਲ ਕਰੀਮ ਕੁਦਸੀ)
ਉਰਦੂ ਅਤੇ ਪੰਜਾਬੀ ਦੇ ਸ਼ਾਇਰ ਅਬਦੁਲ ਕਰੀਮ ਕੁਦਸੀ ਇਹ ਨਾਮ ਸਾਡੇ ਚੇਤਿਆਂ ਵਿੱਚ ਡਾਕਟਰ ਜਗਤਾਰ ਨੇ ਸ਼ਾਮਿਲ ਕੀਤਾ ਜਦੋਂ ਵੀ ਡਾਕਟਰ ਸਾਹਿਬ ਗੱਲ ਕਰਦੇ ਤੇ ਅਬਦੁਲ ਕਰੀਮ ਕੁਦਸੀ ਦਾ ਜ਼ਿਕਰ ਬੜੇ ਖੂਬਸੂਰਤ ਅੰਦਾਜ਼ ਵਿੱਚ ਕਰਦੇ । ਉਨ੍ਹਾਂ ਅੱਠ ਕਿਤਾਬਾਂ ਚਾਰ ਉਰਦੂ ਸ਼ਾਇਰੀ ਅਤੇ ਚਾਰ ਪੰਜਾਬੀ ਸ਼ਾਇਰੀ ਦੀਆਂ ਪਾਠਕਾਂ ਨੂੰ ਦਿੱਤੀਆਂ।ਉਸਦੀ ਸ਼ਾਇਰੀ ਦੇ ਵੱਖੋ ਵੱਖਰੇ ਰੰਗ ਗਜ਼ਲ ਚਾਹੇ ਨਜ਼ਮ ਚਾਹੇ ਵਿਅੰਗ ਦੀ ਗੱਲ ਤੁਰਦੀ। ਅਬਦੁਲ ਕਰੀਮ ਕੁਦਸੀ ਦੀ ਇੱਛਾ ਸੀ ਕਿ ਉਹਨਾਂ ਦਾ ਕਲਾਮ ਗੁਰਮੁਖੀ ਦੇ ਵਿੱਚ ਪ੍ਰਕਾਸ਼ਿਤ ਹੋਵੇ ਤੇ ਪੰਜਾਬ ਦੇ ਵਿੱਚ ਪੜ੍ਹਿਆ ਜਾਵੇ। ਉਹਨਾਂ ਨੇ ਕੁਲਵਿੰਦਰ ਨਾਲ ਸੰਪਰਕ ਕੀਤਾ ਤੇ ਕੁਲਵਿੰਦਰ ਨੇ ਮੈਨੂੰ ਦੱਸਿਆ ਤੇ ਕਿਉਂਕਿ ਅਸੀਂ ਉਹਨਾਂ ਦੇ ਨਾਮ ਬਾਰੇ ਉਹਦੀ ਸ਼ਾਇਰੀ ਬਾਰੇ ਜਾਣਦੇ ਸੀ ਸੋ ਕੋਸ਼ਿਸ਼ ਕੀਤੀ ਕਿ ਉਹਨਾਂ ਦੀਆਂ ਦੋ ਕਿਤਾਬਾਂ ਪਬਲਿਸ਼ ਕੀਤੀਆਂ ਜਾਣ ਇੱਕ ਗੀਤਾਂ ਦੀ ਤੇ ਦੂਜੀ ਦੇ ਵਿੱਚ ਗਜ਼ਲਾਂ ,ਨਜ਼ਮਾਂ ਤੇ ਵਿਅੰਗ ਸ਼ਾਮਿਲ ਕਰੀਏ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਸਲਾਨਾ ਕਾਨਫਰੰਸ ਸੀ 28 ਅਤੇ 29 ਅਕਤੂਬਰ ਨੂੰ ਹੇਵਰਡ ( ਕੈਲੀਫੋਰਨੀਆ) ਅਮਰੀਕਾ ਤੇ ਸੋਚਿਆ ਕਿਉਂ ਨਾ ਉਦੋਂ ਤੱਕ ਕਿਤਾਬਾਂ ਤਿਆਰ ਹੋਣ ਤੇ ਇਹ ਕਿਤਾਬਾਂ ਰਿਲੀਜ਼ ਕਰੀਏ ਤਾਂ ਕਿ ਉਸ ਕਾਨਫਰੰਸ ਦੇ ਵਿੱਚ ਪਾਕਿਸਤਾਨ ਦੇ ਸ਼ਾਇਰ ਦੀ ਕਿਤਾਬ ਸ਼ਾਮਿਲ ਹੋ ਸਕੇ ਹੋਰ ਮਹੱਤਵਪੂਰਨ ਕਿਤਾਬਾਂ ਦੇ ਨਾਲ ਨਾਲ। ਇਹ ਕਿਤਾਬਾਂ ਵੀ ਰਿਲੀਜ਼ ਕੀਤੀਆਂ ਜਾਣ ।ਅਸੀਂ ਅਬਦੁਲ ਕਰੀਮ ਕੁਦਸੀ ਨਾਲ ਲਗਾਤਾਰ ਫੋਨ ‘ਤੇ ਰਾਬਤਾ ਬਣਾਈ ਰੱਖਿਆ ਤੇ ਉਹਨਾਂ ਨੇ ਕਿਹਾ ਵੀ ਕਿ ਉਹ ਹਰ ਹਾਲ ਦੇ ਵਿੱਚ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਗੇ ।ਜਦੋਂ ਕਾਨਫਰੰਸ ਹੋ ਰਹੀ ਸੀ ਤੇ ਅਸੀਂ ਉਹਨਾਂ ਦਾ ਉਡੀਕ ਕਰ ਰਹੇ ਸੀ ਕਿ ਅਬਦੁਲ ਕਰੀਮ ਕੁਦਸੀ ਨਾਲ ਡਾਕਟਰ ਜਗਤਾਰ ਨਾਲ ਬਿਤਾਏ ਪਲ ਅਤੇ ਪਾਕਿਸਤਾਨੀ ਸ਼ਾਇਰੀ ਬਾਰੇ ਗੱਲਬਾਤ ਕਰਾਂਗੇ। ਲੇਕਿਨ ਉਹਨਾਂ ਨੇ ਇਹ ਨਹੀਂ ਦੱਸਿਆ ਨਹੀਂ ਕਿ ਉਹ ਤਾਂ ਹਸਪਤਾਲ ਦੇ ਵਿੱਚ ਦਾਖਲ ਨੇ। ਅਸੀਂ ਹੁਣ ਲਗਾਤਾਰ ਮੈਂ ਤੇ ਕੁਲਵਿੰਦਰ ਉਹਨਾਂ ਨਾਲ ਸੰਪਰਕ ਕਰ ਰਹੇ ਸੀ ਪਰ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅੱਜ ਉਹਨਾਂ ਦੇ ਫਰਜ਼ੰਦ ਨੇ ਕੁਲਵਿੰਦਰ ਨੂੰ ਸੰਪਰਕ ਕੀਤਾ ਤੇ ਦੱਸਿਆ ਕਿ ਉਹ ਉਹ ਪਿਛਲੇ ਦਿਨੀਂ 8 ਨਵੰਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਉਹ ਕਾਫੀ ਲੰਮੇ ਸਮੇਂ ਤੋਂ ਹਸਪਤਾਲ ਵਿੱਚ ਜੇਰੇ ਇਲਾਜ ਸਨ।ਸਾਡੇ ਲਈ ਬੜੇ ਦੁੱਖ ਦੀ ਘੜੀ ਹੈ ਕਿ ਪਿਛਲੇ ਮਹੀਨੇ ਦੇ ਵਿੱਚ ਵਿੱਚ ਹੀ ਡਾਕਟਰ ਮਨੋਹਰ ਸਿੰਘ ਗਿੱਲ 15 ਅਕਤੂਬਰ ,ਅਬਦੁਲ ਕਰੀਮ ਕੁਰਸੀ 8 ਨਵੰਬਰ ਨੂੰ ਚਲੇ ਗਏ ਨਰਪਿੰਦਰ ਰਤਨ ਜੀ 11ਨਵੰਬਰ ਨੂੰ ਵਿਛੋੜਾ ਦੇ ਗਏ। ਅਸੀਂ ਹੁਣੇ ਹੀ ਕੁਦਸੀ ਸਾਹਿਬ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਤੇ ਰਿਲੀਜ਼ ਕਰਨ ਵਾਲਿਆਂ ਦੇ ਵਿੱਚ ਸ਼ਾਇਰ ਜਸਵਿੰਦਰ, ਸੁਸ਼ੀਲ ਦੁਸਾਂਝ, ਕੁਲਵਿੰਦਰ, ਸਤੀਸ਼ ਗੁਲਾਟੀ, ਡਾ ਆਤਮ ਰੰਧਾਵਾ ਜਗਜੀਤ ਸੰਧੂ ਤੇ ਜਸਵੀਰ ਗਿੱਲ ਸ਼ਾਮਿਲ ਸਨ। ਉਹਨਾਂ ਬਾਰੇ ਆਮ ਪਾਠਕਾਂ ਨੂੰ ਜਾਣੂ ਵੀ ਕਰਵਾਇਆ ਕਿ ਡਾਕਟਰ ਜਗਤਾਰ,ਨਜ਼ੂਰ ਵਜੀਰ ਆਬਾਦੀ, ਰਊਫ ਸ਼ੇਖ, ਤੇ ਹੋਰ ਬਹੁਤ ਸਾਰੇ ਲੇਖਕਾਂ ਨੇ ਉਹਨਾਂ ਬਾਰੇ ਖਾਸ ਕਰਕੇ ਇਜਾਜ਼ ਅਹਿਮਦ ਅਜ਼ਰ,ਅਬਦੁਲ ਕਰੀਮ ਖਾਲਦ, ਅਬਦੁਲ ਕਬੀਰ ਕਮਰ ਨੇ ਉਹਨਾਂ ਦੀ ਸ਼ਾਇਰੀ ਬਾਰੇ ਜਾਂ ਸਲੀਮ ਕਾਸ਼ਰ ਨੇ ਲਾਹੌਰ ਤੋਂ ਜਾਂ ਕਲੀਮ ਸ਼ਹਿਜ਼ਾਦ ਨੇ ਉਹਨਾਂ ਦੀ ਸ਼ਾਇਰੀ ਬਾਰੇ ਲਿਖਿਆ ਤੇ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਉਹਨਾਂ ਨੂੰ ਕਿਤਾਬਾਂ ਭੇਜ ਦਿੱਤੀਆਂ ਗਈਆਂ ਉਹਨਾਂ ਦਾ ਪਾਰਸਲ ਉਹਨਾਂ ਦੇ ਘਰ ਪਹੁੰਚ ਗਿਆ। ਅੱਜ ਉਹਨਾਂ ਦੇ ਫਰਜ਼ੰਦ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਹਨਾਂ ਦਾ ਪਾਰਸਲ ਆਇਆ ਹੋਇਆ ਸੀ, ਅਸੀਂ ਕਿਹਾ ਉਹ ਠੀਕ ਹੋ ਕੇ ਆਉਂਦੇ ਨੇ ਤੇ ਉਹ ਆਪਣੀਆਂ ਹੱਥੀਂ ਆਪਣੀਆਂ ਕਿਤਾਬਾਂ ਦੇਖਣਗੇ ,ਲੇਕਿਨ ਅੱਠ ਤਰੀਕ ਦੇ ਸਵੇਰੇ ਉਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਉਹ ਸਾਨੂੰ ਅਲਵਿਦਾ ਕਹਿ ਗਏ। ਇਸ ਦੁੱਖ ਦੀ ਇਸ ਘੜੀ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਨਾਲ ਸ਼ਰੀਕ ਹੁੰਦੇ ਹਾਂ।
Leave a Comment
Your email address will not be published. Required fields are marked with *