ਫਰੀਦਕੋਟ , 21 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪਿਛਲੇ 18 ਮਹੀਨਿਆਂ ਤੋਂ ਫਰੀਦਕੋਟ ਦੀ ਬਾਲ ਜੇਲ ’ਚ ਨਜਰਬੰਦ 16 ਸਾਲਾ ਪਾਕਿਸਤਾਨੀ ਬਾਲ ਕੈਦੀ ਨੂੰ ਸਰਕਾਰ ਨੇ ਤੁਰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਨਾਂ ਹੁਕਮਾਂ ਤੋਂ ਬਾਅਦ ਜਿਲਾ ਪ੍ਰਸ਼ਾਸਨ ਨੇ ਪਾਕਿਸਤਾਨੀ ਬਾਲ ਕੈਦੀ ਅੱਬਾਸ ਵਾਸੀ ਲਾਹੌਰ ਦੀ ਰਿਹਾਈ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ 28 ਮਾਰਚ ਨੂੰ ਵਾਹਘਾ ਬਾਰਡਰ ਰਾਹੀਂ ਉਸ ਨੂੰ ਵਾਪਸ ਉਸ ਦੇ ਮੁਲਕ ਭੇਜ ਦਿੱਤਾ ਜਾਵੇਗਾ। ਹਾਲਾਂਕਿ ਅੱਬਾਸ ਦੇ ਨਾਲ ਗਿ੍ਰਫ਼ਤਾਰ ਕੀਤੇ ਗਏ ਦੂਸਰੇ ਬਾਲ ਕੈਦੀ ਦੀ ਰਿਹਾਈ ਲਈ ਅਜੇ ਰਾਹ ਪੱਧਰਾ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਫਰਵਰੀ ਦੇ ਪਹਿਲੇ ਹਫ਼ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਪਾਕਿਸਤਾਨੀ ਬਾਲ ਕੈਦੀਆਂ ਦੇ ਬਰੀ ਹੋਣ ਤੋਂ ਬਾਅਦ ਵੀ ਉਹ ਜੇਲ ’ਚ ਨਜਰਬੰਦ ਕਿਉਂ ਹਨ। ਤਰਨਤਾਰਨ ਅਦਾਲਤ ਨੇ ਅੱਬਾਸ ਮੁਹੰਮਦ ਅਤੇ ਹਸਨ ਬਲੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਅੰਦਰ ਦਾਖਲ ਹੋਣ ਦੇ ਦੋਸ਼ ਤਹਿਤ ਦਰਜ ਹੋਏ ਕੇਸ ’ਚੋਂ ਬਰੀ ਕਰ ਦਿੱਤਾ ਸੀ। ਇਸ ਹੁਕਮ ਤੋਂ ਬਾਅਦ ਜਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਇਨਾਂ ਬੱਚਿਆਂ ਦੀ ਰਿਹਾਈ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਖ ਦਿੱਤਾ ਸੀ। ਸੂਤਰਾਂ ਅਨੁਸਾਰ ਪਾਕਿ ਹਾਈ ਕਮਿਸ਼ਨ ਇਹਨਾਂ ਦੀ ਨਾਗਰਿਕਤਾ ਦੀ ਪੜਤਾਲ ਕਰ ਰਿਹਾ ਸੀ ਅਤੇ ਇੱਕ ਬੱਚੇ ਦੀ ਨਾਗਰਿਕਤਾ ਦੀ ਪੁਸ਼ਟੀ ਹੋਣ ਮਗਰੋਂ ਉਸ ਦੀ 28 ਮਾਰਚ ਨੂੰ ਰਿਹਾਈ ਹੋ ਰਹੀ ਹੈ ਜਦਕਿ ਹਸਨ ਅਲੀ ਦੀ ਰਿਹਾਈ ਲਈ ਅਜੇ ਕੁਝ ਸਮਾਂ ਲੱਗ ਸਕਦਾ ਹੈ।