ਗਰੀਬੀ ਕਹਿਣ ਨੂੰ ਤਾਂ ਬੜਾ ਨਿੱਕਾ ਸ਼ਬਦ ਹੈ, ਪਰ ਗਰੀਬੀ ਕੱਟਣੀ ਬਹੁਤ ਔਖੀ,
ਦਸੰਬਰ ਦਾ ਮਹੀਨਾ ਸੀ। ਸਰਦੀ ਦੀਆਂ ਛੁੱਟੀਆਂ ਹੋਣ ਦੇ ਨੇੜੇ ਸਨ।ਜਿਸ ਕਰਕੇ ਬੱਚਿਆਂ ਦੀ ਅਤੇ ਅਧਿਆਪਕਾਂ ਦੀ ਸਕੂਲ ਵਿੱਚ ਗਿਣਤੀ ਬਹੁਤ ਘੱਟ ਹੀ ਸੀ।ਜਿਸ ਕਰਕੇ ਜ਼ਿਆਦਾਤਰ ਪੀਰੀਅਡਾਂ ਦੀ ਅਡਜਸਟਮੈਂਟ ਜਾਂ ਖ਼ਾਲੀ ਸੀ। ਬੱਚਿਆਂ ਲਈ ਪੀਰੀਅਡਾਂ ਦਾ ਖ਼ਾਲੀ ਹੋਣਾ ਜਾਂ ਅਡਜਸਟਮੈਂਟ ਮਤਲਬ ਫੁੱਲ ਟਾਇਮ ਮਸਤੀ ਵਾਲ਼ਾ ਮਾਹੌਲ ਹੁੰਦਾ। ਬਾਕੀ ਸਿਆਣੇ ਕਹਿੰਦੇ ਹਨ ਕਿ ਪੜ੍ਹਾਕੂ ਤਾਂ ਬਾਂਦਰ ਹੁੰਦੇ ਨੇ। ਬਾਂਦਰ ਸੈਨਾ ਭਾਵ ਕੰਧਾਂ ਟੱਪਣ ਵਾਲ਼ੇ ਤਾਂ ਦੂਜੇ -ਤੀਜੇ ਪੀਰੀਅਡਾਂ ਤੋਂ ਬਾਅਦ ਹੀ ਡਾਰਵਿਨ ਦੀ ਥਿਊਰੀ ਨੂੰ ਸੱਚ ਕਰ ਦੇ ਨਿਕਲ ਗਏ। ਪਰ ਮੇਰੇ ਵਰਗੇ ਆਗਿਆਕਾਰੀ, ਸ਼ਰੀਫ ਕਹਾਉਣ ਦੇ ਚੱਕਰ ਚ ਜਾਂ ਫਿਰ ਇਹ ਕਹਿ ਲਈਏ ਕਿ ਡਰਪੋਕਾਂ ਦੀ ਅਕਲ ਘੱਟ ਹੀ ਕੰਮ ਕਰਦੀ ਹੈ।ਸੋ ਮੈਂ ਸਕੂਲ ਵਿੱਚ ਹੀ ਖੇਡਦਾ ਰਿਹਾ ।ਪਰ ਪਤਾ ਨਹੀਂ ਵਾਲੀਵਾਲ਼ ਖੇਡਦੇ ਕਿਵੇਂ ਪੈਂਟ ਪਾਟ ਗਈ। ਮੇਰੇ ਹਲਾਤ ਧੋਬੀ ਦੇ ਕੁੱਤੇ ਵਾਲ਼ੇ ਹੋ ਗਏ। ਜਮਾਤ ਵਿੱਚ ਜਾਵਾਂ ਤਾਂ ਕੁੜੀਆਂ ਸੀ। ਦੂਜੇ ਪਾਸੇ ਕਲਾਸ ਇੰਚਾਰਜ ਮੈਡਮ ।ਸਮਝ ਨਾ ਆਵੇ ਕੀ ਕਰਾਂ।”ਮਰਦੀ ਕੀ ਨਾ ਕਰਦੀ” ਜਾਂ ਇਹ ਕਹਿ ਲਈਏ ਕਿ “ਲੋੜ੍ਹ ਕਾਢ ਦੀ ਮਾਂ ਹੈ”, ਸੁਣਿਆ ਸੀ ਪਰ ਅੱਜ ਕਹਾਵਤ ਕੰਮ ਆਈ।ਕੋਟੀ ਲਾਹ ਕੇ ਅੱਗੇ ਬੰਨ੍ਹ ਲਈ, ਪਿੱਛੇ ਬੈਗ ਲਮਕਾ ਲਿਆ। ਔਖਾ ਸੌਖਾ ਮੈਡਮ ਕੋਲ਼ ਜਾ ਹਾਜ਼ਰ ਹੋਇਆ, ਅੱਗੋਂ ਮੈਡਮ ਵੀ ਅੱਗ ਬਬੂਲਾ ਹੋ ਗਈ, ਜਿਵੇਂ ਸਾਰੇ ਭੱਜੇ ਬੱਚਿਆਂ ਦਾ ਗੁੱਸਾ ਮੇਰੇ ਤੇ ਹੀ ਕੱਢਣਾ ਹੋਵੇ। ਮੈਂ ਪੈਂਟ ਦੀ ਮਜ਼ਬੂਰੀ ਦੱਸੀ, ਅੱਗੋਂ ਕਹਿੰਦੇ ਸੋਡੀਆਂ ਤਾਂ ਰੋਜ਼ ਹੀ ਪਾਟੀਆਂ ਰਹਿੰਦੀਆਂ ਨੇ, ਮੈਂ ਕੀ ਕਰਾਂ। ਮੈਂ ਛੁੱਟੀ ਨਹੀਂ ਦੇਣੀ। ਮੈਂ ਮੂੰਹ ਜਾ ਮਸੋਸ ਬਾਹਰ ਇੱਕ ਪਾਸੇ ਜਿਹੇ ਬਹਿ ਗਿਆ। ਕਦੇ ਪਾਟੀ ਪੈਂਟ ਤੇ ਕਦੇ ਘਰ ਦੀ ਗਰੀਬੀ ਤੇ ਝੂਰ ਰਿਹਾ ਸੀ।
ਫਿਰ ਅਚਾਨਕ ਖ਼ਿਆਲ ਆਇਆ ਕਿ ਚੱਲੋ ਅਗਲੇ ਪੀਰੀਅਡਾਂ ਵਾਲ਼ੇ ਕਿਸੇ ਅਧਿਆਪਕ ਤੋਂ ਛੁੱਟੀ ਲੈ ਲੈਂਦਾ ਹਾਂ। ਮੈਂ ਟੁੱਟੀ ਹੋਈ ਹਿੰਮਤ ਨੂੰ ਇੱਕ ਵਾਰ ਫੇਰ ਸਾਰੇ ਦਿਨ ਦੇ ਦਿਹਾੜੀ ਦੇ ਭੰਨੇ ਮਜ਼ਦੂਰ ਵਾਂਗ ਹੱਡਾਂ ਨੂੰ ਸਮੇਟਦੇ ਹੋਏ ਓਵਰ ਟਾਈਮ ਲਗਾਉਣ ਦੀ ਸੋਚਦਿਆਂ,ਜ਼ਰੂਰੀ ਕੰਮ ਦੀ ਅਰਜ਼ੀ ਲਿਖ ਜਾ ਹਾਜ਼ਰ ਹੋਇਆ।ਪਰ ਪਤਾ ਨਹੀਂ ਸੀ ਕਿ ਇੱਥੇ ਸਟਾਫ਼ਰੂਮ ਵਿੱਚ ਵੀ ਮੇਰੀ ਗਰੀਬੀ ਦਾ ਚੀਰ ਹਰਨ ਹੋਣ ਵਾਲ਼ਾ ਹੈ। ਉਨ੍ਹਾਂ ਨੇ ਜ਼ਰੂਰੀ ਕੰਮ ਅਰਜ਼ੀ ਦੀ ਥਾਂ ਪੈਂਟ ਪਾਟੀ ਹੋਣ ਦੀ ਅਰਜ਼ੀ ਲਿਖਣ ਦਾ ਹੁਕਮ ਚਾੜ੍ਹ ਦਿੱਤਾ। ਮੈਨੂੰ ਲੱਗਿਆ ਜਿਵੇਂ ਮੈਂ ਕਿਸੇ ਪੁਰਾਣੀ ਫਿਲਮ ਦੀ ਉਹ ਹੀਰੋਇਨ ਹਾਂ ਜੋ ਇੱਜਤ ਗਵਾਉਣ ਤੋਂ ਬਾਅਦ ਥਾਣੇ ਵਿੱਚ ਰਿਪੋਰਟ ਲਿਖਾਉਣ ਜਾਂਦੀ ਹੈ, ਅੱਗੋਂ ਥਾਣੇ ਦਾ ਵਿਕਾਊ ਥਾਣੇਦਾਰ ਰਿਪੋਰਟ ਲਿਖਣ ਦੀ ਥਾਂ ਬੇਹੂਦਾ ਸਵਾਲ ਪੁੱਛ ਕੇ ਸਵਾਦ ਲੈਂਦਾ ਹੈ। ਇੱਥੇ ਵੀ ਕੁਝ ਬਰੈਂਡਡ ਕੱਪੜਿਆਂ ਵਿੱਚ ਸਜੀਆਂ ਬੁੱਧੀਜੀਵੀ ਲੀਰਾਂ ਨੇ ਮੇਰੀ ਫਟੀ ਪੈਂਟ ਤੇ ਇੰਨੇ ਕੁ ਭੱਦੇ ਵਿਅੰਗ ਕਸੇ ਕਿ ਮੈਨੂੰ ਇੰਝ ਲੱਗਿਆ ਜਿਵੇਂ ਉਹ ਆਪਣੇ ਬੁੱਧੀਮਾਨ ਹੋਣ ਦੀ ਥਾਂ ਆਪਣੇ ਬੁੱਧੀਹੀਣ ਹੋਣ ਦਾ ਸਬੂਤ ਦੇ ਰਹੇ ਹੋਣ ਤੇ ਮੇਰੀ ਗਰੀਬੀ ਦਾ ਮੂੰਹ ਚਿੜਾ ਰਹੇ ਹੋਣ। ਮੇਰੇ ਲਈ ਇਹ ਦਿਨ ਸੁਕਰਾਤ ਦੇ ਜ਼ਹਿਰ ਪਿਆਲਾ ਪੀਣ ਘੱਟ ਨਹੀਂ ਸੀ। ਫੇਰ ਵੀ ਮੈਂ ਅੱਖ ਦੇ ਹੰਝੂਆਂ ਨੂੰ ਤਾਂ ਕਿਵੇਂ ਨਾ ਕਿਵੇਂ ਸੰਭਾਲ ਲਿਆ।ਪਰ ਦਿਲ ‘ਤੇ ਲੱਗੇ ਸ਼ਬਦ ਬਾਣਾਂ ਨੇ ਧੁਰ ਅੰਦਰ ਤੱਕ ਝੰਜੋੜ ਦਿੱਤਾ। ਮੈਂ ਹੰਝੂਆਂ ਦੇ ਘੁੱਟ ਭਰ ਕੇ ਰਹਿ ਗਿਆ।ਸਿਆਣੇ ਕਹਿੰਦੇ ਹਨ ਕਿ “ਤੀਰਾਂ, ਤਲਵਾਰਾਂ ਦੇ ਫ਼ੱਟ ਤਾਂ ਮੱਲ੍ਹਮ ਲਗਾਉਣ ਨਾਲ਼ ਮਿਟ ਜਾਂਦੇ, ਹਨ ਪਰ ਜ਼ੁਬਾਨ ਦੇ ਫ਼ੱਟ ਕਦੇ ਨਹੀਂ ਮਿਟਦੇ”! ਅੱਜ ਵੀ ਉਹ ਬੋਲ ਨਾਸੂਰ ਵਾਂਗ ਚੁੱਭਦੇ ਨੇ।
![](https://i0.wp.com/worldpunjabitimes.com/wp-content/uploads/2023/11/IMG_20230131_172136-1.jpg?resize=752%2C1024&ssl=1)
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613ਕਹਾਣੀ ਸੰਗ੍ਰਹਿ ਤੋਪਿਆਂ ਵਾਲ਼ੀ ਕਮੀਜ਼ ਵਿੱਚੋਂ
Leave a Comment
Your email address will not be published. Required fields are marked with *