ਦਰਿਆਵਾਂ ਦੇ ਪਾਣੀ ਬਚਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ’
ਕੋਟਕਪੂਰਾ, 9 ਮਾਰਚ ( ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼ )
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਅਤੇ ਵਾਤਾਵਰਣ ਦੇ ਖੇਤਰ ਵਿੱਚ ਵੱਡਮੁੱਲੀਆਂ ਸੇਵਾਵਾਂ ਨਿਭਾਅ ਰਹੀ ਜਥੇਬੰਦੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਪੰਜਾਬ ਵਿਧਾਨ ਸਭਾ ਵਿੱਚ ਸੱਤਾਧਾਰੀ ਅਤੇ ਵਿਰੋਧੀਆਂ ਵਲੋਂ ਇਕ ਦੂਜੇ ਖਿਲਾਫ ਤਾਹਨੇ-ਮਿਹਣੇ ਦੇਣ ਦੇ ਨਾਲ ਨਾਲ ਅਸੱਭਿਅਕ ਸ਼ਬਦਾਵਲੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਬਿਆਨਬਾਜੀ ਦੀ ਨੁਕਤਾਚੀਨੀ ਕੀਤੀ ਹੈ। ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਈਮੇਲ ਰਾਹੀਂ ਸ਼ਿਕਾਇਤ ਪੱਤਰ ਭੇਜ ਕੇ ਆਖਿਆ ਹੈ ਕਿ ਪਿਛਲੇ ਕਰੀਬ ਡੇਢ ਦਹਾਕੇ ਤੋਂ ਸੁਸਾਇਟੀ ਨੇ ਪ੍ਰਦੂਸ਼ਤ ਹੋ ਰਹੇ ਦਰਿਆਵਾਂ ਦੇ ਪਾਣੀਆਂ ਸਮੇਤ ਮੱਤੇਵਾੜਾ ਦੇ ਜੰਗਲ ਦੇ ਉਜਾੜੇ ਨੂੰ ਬਚਾਉਣ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਸਬੰਧੀ ਸਮੇਂ-ਸਮੇਂ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਅਫਸਰਸ਼ਾਹੀ ਨੂੰ ਵੀ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਪਰ ਹੁਣ ਪੰਜਾਬ ਵਿਧਾਨ ਸਭਾ ਦਾ 1 ਮਾਰਚ ਤੋਂ 15 ਮਾਰਚ ਤੱਕ ਚੱਲਣ ਵਾਲੇ ਸ਼ੈਸ਼ਨ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦਰਮਿਆਨ ਤਲਖਕਲਾਮੀ, ਅਸੱਭਿਅਕ ਸ਼ਬਦਾਵਲੀ ਦੀ ਵਰਤੋਂ ਅਤੇ ਇਕ ਦੂਜੇ ਖਿਲਾਫ ਮਿਹਣੇ, ਤਾਹਨੇ, ਤੋਹਮਤਬਾਜੀ ਵਰਗੀਆਂ ਗੱਲਾਂ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬ ਪ੍ਰਸਤ ਅਤੇ ਇਨਸਾਫ ਪਸੰਦ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ। ਸੁਸਾਇਟੀ ਵੱਲੋਂ ਆਪਜੀ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਬੈਂਗਲੂਰੂ (ਬੰਗਲੌਰ) ਵਿੱਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ, ਘਟਦੇ ਜਮੀਨੀ ਪਾਣੀ ਅਤੇ ਸੁੱਕੇ ਬੌਰਵੈਲਾਂ ਕਾਰਨ ਟੈਂਕਰਾਂ ਰਾਹੀਂ ਪਾਣੀ ਸਪਲਾਈ ਕਰਨ ਦੀ ਨੌਬਤ ਆ ਗਈ ਹੈ। ਜੋ 12 ਹਜਾਰ ਲੀਟਰ ਪਾਣੀ ਵਾਲੇ ਟੈਂਕਰ ਦੀ ਕੀਮਤ 400-600 ਰੁਪਏ ਤੋਂ ਵੱਧ ਕੇ 800 ਤੋਂ 2000 ਰੁਪਏ ਤੱਕ ਪਹੁੰਚ ਗਈ ਹੈ, ਕਿਉਂਕਿ ਉੱਥੋਂ ਦੇ ਪਾਣੀ ਦੇ ਸਰੋਤ ਸੁੱਕ ਗਏ ਹਨ। ਜੇਕਰ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਨਾ ਬਚਾਇਆ ਗਿਆ, ਕੁਦਰਤੀ ਸਰੋਤਾਂ ਰਾਹੀਂ ਮਿਲਦੇ ਪਾਣੀਆਂ ਦੀ ਬੱਚਤ ਨਾ ਕੀਤੀ ਗਈ ਅਤੇ ਬਾਰਿਸ਼ਾਂ ਦਾ ਪਾਣੀ ਨਾ ਸੰਭਾਲਿਆ ਗਿਆ ਤਾਂ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਸਨੀਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੇ ਅਤੇ ਅਗਲੀ ਜੰਗ ਪਾਣੀਆਂ ਦੇ ਮੁੱਦੇ ’ਤੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੁਸਾਇਟੀ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਬੇਨਤੀ ਕਰਦੇ ਹਨ ਕਿ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਦਰਿਆਵਾਂ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ, ਅਣ ਟਰੀਟਡ ਪ੍ਰਦੂਸ਼ਿਤ ਪਾਣੀ ਧਰਤੀ ਹੇਠਾਂ ਸੁੱਟਣ ਤੋਂ ਰੋਕਣ ਅਤੇ ਬਾਰਿਸ਼ਾਂ ਦੇ ਪਾਣੀ ਨੂੰ ਬਚਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਅਤੇ ਦਰਦਨਾਕ ਹੋਵੇਗਾ।