ਪਿਆਰ ਕੀ ਹੁੰਦਾ ਹੈ ? ਇਸ ਬਾਰੇ ਤਾਂ ਬਹੁਤਾ ਪਤਾ ਨਹੀਂ… ਪਰ ਪਿਆਰ ਕਿਸੇ ਨਾਲ਼ ਵੀ ਹੋ ਸਕਦਾ ਹੈ ਅਤੇ ਉਹ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਸਿਖਾ ਸਕਦਾ ਹੈ। ਪਿਆਰ ਰੁੱਖਾਂ, ਬੂਟਿਆਂ, ਕੁਦਰਤੀ ਨਜ਼ਾਰਿਆਂ ਨਾਲ਼ ਅਤੇ ਪਰਮਾਤਮਾ ਦੀ ਸਾਜ਼ੀ ਦੁਨੀਆਂ ਨਾਲ਼ ਹੋ ਸਕਦਾ ਹੈ। ਪਿਆਰ ਜੀਵਨ ਦਾ ਅਧਾਰ ਹੈ। ਸਾਰੇ ਰਿਸ਼ਤੇ ਨਾਤੇ ਇਸੇ ਨਾਲ਼ ਜੁੜੇ ਹੁੰਦੇ ਹਨ। ਪਿਆਰ ਦਾ ਮਤਲਬ ਸਿਰਫ਼ ਛੋਹ ਹੀ ਨਹੀਂ ਹੁੰਦਾ। ਪਿਆਰ ਲਾਲ਼ ਸੂਹੇ ਫੁੱਲਾਂ ਦਾ ਮੋਹਤਾਜ ਨਹੀਂ ਹੈ। ਇਹ ਤਾਂ ਚਿੱਟੇ ਫੁੱਲਾਂ ਵਰਗਾ ਵੀ ਹੁੰਦਾ ਹੈ, ਜੋ ਦੁਨੀਆਂ ਦੇ ਰੰਗਾਂ ਦੀਆਂ ਲਾਲਸਾਵਾਂ ਤੋਂ ਕੋਹਾਂ ਦੂਰ ਹੁੰਦਾ ਹੈ।
ਪਿਆਰ ਇੱਕ ਸੱਚਾ-ਸੁੱਚਾ ਅਹਿਸਾਸ ਹੈ, ਚੁੱਪ-ਚੁਪੀਤੇ ਕਿਸੇ ਤੋਂ ਕੁਰਬਾਨ ਹੋ ਜਾਣ ਲਈ, ਕਿਸੇ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਲਈ, ਕਿਸੇ ਨੂੰ ਇੱਕ ਪਲ਼ ਤੱਕਣ ਲਈ ਅਤੇ ਉਸ ਨੂੰ ਵੇਖਣ ਲਈ ਜਦੋਂ ਦਿਲ ਵਿੱਚ ਚਾਹ ਹੋਵੇ ਤਾਂ ਉਹ ਪਿਆਰ ਹੀ ਹੁੰਦਾ ਹੈ। ਇਹ ਪਿਆਰ ਭਾਵੇਂ ਇਸ਼ਕ ਮਜਾਜ਼ੀ ਹੋਵੇ ਜਾਂ ਇਸ਼ਕ ਹਕੀਕੀ ਹੋਵੇ। ਇਸ ਗਰੁੱਪ ਨਾਲ਼ ਅਤੇ ਇਸ ਗਰੁੱਪ ਦੇ ਸੁਹਿਰਦ ਇਨਸਾਨਾਂ ਦੀ ਚੰਗੀ ਸੋਚ ਨਾਲ਼ ਮੈਨੂੰ ਬਹੁਤ ਪਿਆਰ ਹੈ। ਉਂਝ ਵਧੀਆ ਸੋਚ ਵਾਲੇ ਲੋਕ ਮੈਨੂੰ ਬੜੇ ਭਾਉਂਦੇ ਹਨ। ਉਹ ਲੋਕ ਜੋ ਨਕਰਾਤਮਕ ਨਹੀਂ ਸੋਚਦੇ, ਜੋ ਗ਼ਲਤੀ ਵੀ ਬੜੇ ਪਿਆਰ ਨਾਲ਼ ਦੱਸਦੇ ਹਨ। ਲੋੜ ਵੇਲੇ ਤੁਹਾਡੀ ਮਦਦ ਕਰਦੇ ਹਨ, ਤੁਹਾਨੂੰ ਵੀ ਜ਼ਿੰਦਗੀ ਵਿੱਚ ਉਡਾਰੀਆਂ ਭਰਨ ਲਈ ਉਤਸ਼ਾਹਿਤ ਕਰਦੇ ਹਨ। ਅਜਿਹੇ ਲੋਕ ਮਿਲਦੇ ਤਾਂ ਬਹੁਤ ਘੱਟ ਹਨ, ਪਰ ਜੇ ਕੋਈ ਮਿਲ ਜਾਵੇ ਤਾਂ ਉਸ ਨੂੰ ਸਾਂਭਣਾ ਚਾਹੀਦਾ ਹੈ। ਬਹੁਤੇ ਤਾਂ ਗੱਲ-ਗੱਲ ‘ਤੇ ਕਮੀਆਂ ਲੱਭ ਕੇ ਭੰਡਣ ਦੀ ਕੋਸ਼ਿਸ਼ ਕਰਦੇ ਹਨ। ਪਰਮਾਤਮਾ ਅੱਗੇ ਇਹੀ ਦੁਆ ਹੈ ਕਿ ਪੂਰੀ ਦੁਨੀਆਂ ਪਿਆਰ ਦੇ ਪਵਿੱਤਰ ਬੰਧਨ ਨੂੰ ਸਮਝੇ ਅਤੇ ਸਾਰੇ ਸੁੱਖੀ ਵੱਸਣ। ਸ਼ਾਲਾ..! ਵਧੇ ਫੁੱਲੇ ਮੇਰਾ ਇਹ ਦੇਸ਼…! ਹੱਸਦੇ-ਵੱਸਦੇ ਰਹੋ ਪਿਆਰਿਓ..! ਬਹੁਤ ਦੁਆਵਾਂ, ਪਿਆਰ ਜੀਉ।

ਪਰਵੀਨ ਕੌਰ ਸਿੱਧੂ