728 x 90
Spread the love

*ਪਿਛਲੇ ਕਈ ਸਾਲਾਂ ਤੋਂ ਸੜਕ ਨਾ ਬਣਾਉਣ ਕਾਰਨ ਲੋਕਾਂ ’ਚ ਭਾਰੀ ਰੋਸ*

*ਪਿਛਲੇ ਕਈ ਸਾਲਾਂ ਤੋਂ ਸੜਕ ਨਾ ਬਣਾਉਣ ਕਾਰਨ ਲੋਕਾਂ ’ਚ ਭਾਰੀ ਰੋਸ*
Spread the love

ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਹਾਦਸਿਆਂ ਦੀ ਦਰ ਕਾਫੀ ਵਧੀ

ਕੋਟਕਪੂਰਾ/ਜੈਤੋ, 6 ਫਰਵਰੀ ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਠਿੰਡਾ-ਅੰਮ੍ਰਿਤਸਰ ਮਾਰਗ ’ਤੇ ਸਥਿੱਤ ਜੈਤੋ ਤੋਂ ਪਿੰਡ ਚੰਦਭਾਨ ਦਰਮਿਆਨ ਸੜਕ ਦਾ ਕਰੀਬ 8 ਕਿਲੋਮੀਟਰ ਦਾ ਟੋਟਾ ਕਈ ਸਾਲਾਂ ਤੋਂ ਥਾਂ-ਥਾਂ ਤੋਂ ਬੁਰੀ ਟੁੱਟਿਆ ਹੋਇਆ ਹੈ। ਰੋਜ਼ਾਨਾ ਹਜ਼ਾਰਾਂ ਵਾਹਨ ਇਸ ਸੜਕ ਤੋਂ ਲੰਘਦੇ ਹਨ। ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਇੱਥੇ ਹਾਦਸਿਆਂ ਦੀ ਦਰ ਕਾਫੀ ਵੱਧ ਚੁੱਕੀ ਹੈ ਅਤੇ ਅਣਮੁੱਲੀਆਂ ਜਾਨਾਂ ਜਾਣ ਕਾਰਣ ਲੋਕਾਂ ’ਚ ਸਰਕਾਰ ਪ੍ਰਤੀ ਰੋਹ ਦੀ ਭਾਵਨਾ ਹੈ। ਪਿੰਡ ਸੇਵੇਵਾਲਾ (ਗੁੰਮਟੀ ਖੁਰਦ) ਜੋ ਚੰਦਭਾਨ ਅਤੇ ਜੈਤੋ ਦੇ ਵਿਚਕਾਰ ਮੌਜੂਦ ਹੈ, ਦੇ ਵਿੱਚ ਕਣਕ ਝੋਨੇ ਦੇ ਭੰਡਾਰ ਲਈ ਦੋ ਵੱਡੇ ਸਰਕਾਰੀ ਗੁਦਾਮ ਬਣੇ ਹੋਣ ਕਾਰਨ ਟਰੱਕਾਂ ਟਰਾਲਿਆਂ ਦੀ ਆਮਦ ਇਸ ਸੜਕ ਉੱਤੇ ਵਹੀਕਲਾਂ ਦੀ ਆਵਾਜਾਈ ਨੂੰ ਹੋਰ ਵੀ ਵਧਾ ਦਿੰਦੀ ਹੈ। ਬੀਤੀ 1 ਫਰਵਰੀ ਨੂੰ ਪਿੰਡ ਸੇਵੇਵਾਲਾ ਦੇ ਮਜ਼ਦੂਰ ਪਰਮਜੀਤ ਸਿੰਘ ਦੀ ਨੌਜਵਾਨ ਲੜਕੀ ਰਣਬੀਰ ਕੌਰ ਦੇ ਇਸ ਸੜਕ ਉੱਤੇ ਇੱਕ ਸੀਮਿੰਟ ਨਾਲ ਭਰੇ ਟਰਾਲੇ ਹੇਠਾਂ ਆ ਕੇ ਮਾਰੇ ਜਾਣ ਪਿੱਛੋਂ ਇੱਕ ਵਾਰ ਫਿਰ ਇਸ ਖਸਤਾ ਹਾਲਤ ਸੜਕ ਦਾ ਮੁੱਦਾ ਚਰਚਾ ’ਚ ਆ ਗਿਆ ਹੈ। ਲੜਕੀ ਦੀ ਮੌਤ ਉਪਰੰਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਲੋਕਾਂ ਵੱਲੋਂ ਸੜਕ ਜਾਮ ਕੀਤੀ ਗਈ। ਮਜ਼ਦੂਰ ਆਗੂ ਸੇਵੇਵਾਲਾ ਨੇ ਸੜਕ ਦੀ ਖਸਤਾ ਹਾਲਤ ਕਾਰਨ ਹੁੰਦੇ ਹਾਦਸਿਆਂ ’ਚ ਜਾਂਦੀਆਂ ਮਨੁੱਖੀ ਜਾਨਾਂ ਦਾ ਮੁੱਦਾ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਦੇ ਧਿਆਨ ’ਚ ਲਿਆ ਕੇ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ। ਲਛਮਣ ਸਿੰਘ ਸੇਵੇਵਾਲਾ ਅਤੇ ਪੀਐਸਯੂ (ਸ਼ਹੀਦ ਰੰਧਾਵਾ) ਦੇ ਆਗੂ ਰਵਿੰਦਰ ਸਿੰਘ ਸੇਵੇਵਾਲਾ ਨੇ ਦੱਸਿਆ ਕਿ 19 ਸਤੰਬਰ 2022 ਨੂੰ ਸੜਕ ਖਰਾਬ ਹੋਣ ਕਾਰਨ ਇਸੇ ਪਿੰਡ ਦੇ ਮਜ਼ਦੂਰ ਚੂਹੜ ਸਿੰਘ ਪੁੱਤਰ ਦਾਰਾ ਸਿੰਘ ਦੀ ਮੌਤ ਹੋ ਗਈ ਸੀ। ਇਸੇ ਤਰਾਂ 18 ਫ਼ਰਵਰੀ 2023 ਨੂੰ ਸਰਾਵਾਂ ਵਾਸੀ ਗਿੰਦੂ ਕੌਰ ਪਤਨੀ ਲਖਵੀਰ ਸਿੰਘ ਨੂੰ ਵੀ ਇਸੇ ਟੁੱਟੀ ਸੜਕ ਨੇ ਨਿਗਲ ਲਿਆ। ਉਨਾਂ ਅੱਗੇ ਦੱਸਿਆ ਕਿ ਦਸੰਬਰ 2023 ਨੂੰ ਜੈਤੋ ਚੰਦਭਾਨ ਸੜਕ ’ਤੇ ਉੱਖਲੀ ’ਚ ਵੱਜਣ ਕਾਰਨ ਮੋਟਰਸਾਈਕਲ ’ਤੇ ਬੈਠੀ ਇੱਕ ਔਰਤ ਵੀ ਗੰਭੀਰ ਜ਼ਖ਼ਮੀ ਹੋ ਗਈ। ਇਸੇ ਤਰਾਂ ਜੂਨ 2023 ’ਚ ਸੜਕ ਖਰਾਬ ਕਾਰਨ ਬੱਸ ਦਾ ਪਟਾ ਟੁੱਟਣ ਕਾਰਨ ਬੱਸ ਕਾਰ ’ਚ ਵੱਜਣ ਕਾਰਨ ਕਾਰ ਚਾਲਕ ਬੁਰੀ ਤਰਾਂ ਨਾਲ ਜ਼ਖ਼ਮੀ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਇਸ ਸੜਕ ਦੀ ਮੁਰੰਮਤ ਹੋਣ ਬਾਰੇ ਵੱਡੀਆਂ ਆਸਾਂ ਬੱਝੀਆਂ ਸਨ ਪਰ ਲੋਕਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ। ਹੁਣ ਮੁੜ ਰਣਬੀਰ ਕੌਰ ਦੀ ਸੜਕ ਹਾਦਸੇ ’ਚ ਮੌਤ ਤੋਂ ਪਿੱਛੋਂ 2 ਫਰਵਰੀ ਨੂੰ ਪਿੰਡ ਵਾਸੀਆਂ ਵੱਲੋਂ ਸੜਕ ਜਾਮ ਕਰਕੇ ਜਿੱਥੇ ਪੁਲੀਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਦਿਖਾਈ ਜਾ ਰਹੀ ਕਥਿੱਤ ਢਿੱਲ ਮੱਠ ਵਿਰੁੱਧ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਮਜ਼ਦੂਰ ਅਤੇ ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਉਨਾਂ ਦੇ ਰੋਸ ਉਪਰੰਤ ਕੰਮ ਸ਼ੁਰੂ ਹੋ ਗਿਆ ਹੈ ਪਰ ਇਸ ਸੜਕ ’ਤੇ ਵਾਪਰੇ ਹਾਦਸਿਆਂ ’ਚ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਦੱਸਿਆ ਕਿ ਸੜਕ ਦੇ ਖੱਡੇ ਭਰਨ ਲਈ ਪੈਚ ਵਰਕ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜਿਉਂ ਹੀ ਮੌਸਮ ਖੁੱਲਦਾ ਹੈ ਤਾਂ ਅਗਲੇ ਚਾਰ-ਪੰਜ ਦਿਨਾਂ ਅੰਦਰ ਸੜਕ ’ਤੇ ਪ੍ਰੀ-ਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts