ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਖਾਰਾ ਦੇ ਬੱਸ ਅੱਡੇ ’ਤੇ ਸ਼ਰਾਰਤੀ ਅਨਸਰਾਂ ਵਲੋਂ ‘ਖ਼ਾਲਿਸਤਾਨ’ ਦਾ ਝੰਡਾ ਲਾਏ ਜਾਣ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਵਲੋਂ ਇਸਨੂੰ ਤੁਰੰਤ ਉਤਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਵਲੋਂ ਨੇੜਲੇ ਪਿੰਡ ਖਾਰਾ ਦੇ ਬੱਸ ਅੱਡੇ ’ਤੇ ਕੇਸਰੀ ਰੰਗ ਦਾ ਝੰਡਾ ਲਾ ਦਿੱਤਾ ਗਿਆ, ਜਿਸ ’ਤੇ ਖ਼ਾਲਿਸਤਾਨ ਲਿਖਿਆ ਹੋਇਆ ਸੀ। ਅੱਜ ਸਵੇਰ ਸਮੇਂ ਜਦ ਕੁਝ ਲੋਕਾਂ ਨੇ ਇਸਨੂੰ ਵੇਖਿਆ ਤਾਂ ਉਨ੍ਹਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਜਾ ਕੇ ਇਸਨੂੰ ਉਤਾਰ ਦਿੱਤਾ। ਪੁਲਿਸ ਕਰਮਚਾਰੀਆਂ ਅਨੁਸਾਰ ਇਹ ਝੰਡਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਰਾਤ ਸਮੇਂ ਲਾਇਆ ਹੋ ਸਕਦਾ ਹੈ। ਜਤਿੰਦਰ ਸਿੰਘ ਡੀਐੱਸਪੀ ਕੋਟਕਪੂਰਾ ਅਤੇ ਚਮਕੌਰ ਸਿੰਘ ਐੱਸਐੱਚਓ ਥਾਣਾ ਸਦਰ ਮੁਤਾਬਿਕ ਉਕਤ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਉਕਤ ਝੰਡਾ ਲਾਉਣ ਵਾਲਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।