ਗਲੀ-ਗਲੀ ਦਿੱਤਾ ਹੋਕਾ! ਨਸ਼ਾ ਪਿੰਡ ’ਚ ਰਹਿਣ ਨਹੀਂ ਦੇਣਾ, ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ
ਸਾਦਿਕ/ਕੋਟਕਪੂਰਾ, 1 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਰ ਵਰਗ ਤੇ ਹਰ ਉਮਰ ਦੇ ਲੋਕਾਂ ਨੂੰ ਨਸ਼ੇ ਦੀ ਨਾਮੁਰਾਦ ਬਿਮਾਰੀ ਤੋਂ ਨਿਯਾਤ ਦਿਵਾਉਣ ਲਈ ਬਣਾਈ ਗਈ ਨਸ਼ਾ ਵਿਰੋਧੀ ਐਕਸਨ ਕਮੇਟੀ ਸਾਦਿਕ ਵੱਲੋਂ ਨਵੇਂ ਸਾਲ ਨੂੰ ਜੀ ਆਇਆ ਕਹਿਣ ’ਤੇ ਨਸ਼ਿਆਂ ਨੂੰ ਖਤਮ ਕਰਨ ਲਈ ਗੁਰਦਵਾਰਾ ਨਾਨਕ ਨਿਵਾਸ ਪਿੰਡ ਸਾਦਿਕ ਵਿਖੇ ਸਮਾਗਮ ਕਰਵਾਇਆ ਗਿਆ। ਪਹਿਲਾਂ ਪਾਠ ਦੇ ਭੋਗ ਪਾ ਕੇ ਕੀਰਤਨ ਕੀਤਾ ਗਿਆ। ਉਪਰੰਤ ਸਾਦਿਕ ਦੀਆਂ ਗਲੀਆਂ ’ਚ ਦੀ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਨੇ ਹੋਕਾ ਦਿੱਤਾ ਕਿ ਆਪਣੇ ਧੀਆਂ/ਪੁੱਤ ਬਚਾਉਣ ਲਈ ਘਰਾਂ ’ਚੋਂ ਬਾਹਰ ਨਿਕਲੋ। ਨੌਜਵਾਨਾਂ ਵੱਲੋਂ ਹੱਥਾਂ ’ਚ ਮਾਟੋ ਨਸ਼ੇ ਨਾਲੋਂ ਤੋੜੋ ਯਾਰੀ ਜੀਵਨ ਨਾਲ ਜੋੜਾ ਯਾਰੀ, ਟਿੱਕ ਟਾਕ ਵਾਂਗ ਨਸ਼ੇ ਬੰਦ ਕਰੋ, ਪੀ.ਜੀ.ਆਈ. ਦੀ ਰਿਪੋਰਟ 30 ਲੱਖ ਪੰਜਾਬੀ ਨਸ਼ੇ ਦੇ ਆਦੀ, ਨਸ਼ਾ ਪਿੰਡ ’ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ, ਸੁੱਤੇ ਲੋਕੀ ਜਾਗ ਪਏ ਨੇ, ਲੁਕਦੇ ਕਾਲੇ ਨਾਗ ਪਏ ਨੇ, ਨਸ਼ਾ ਵੇਚਣ ਵਾਲਿਓ ਕਰਲੋ ਕੰਨ ਨਹੀਂ ਤਾਂ ਥੋਨੂੰ ਪੈਣੀ ਭੰਨ ਆਦਿ ਫੜੇ ਹੋਏ ਸਨ। ਉਹਨਾਂ ਗਲੀਆਂ ’ਚ ਨਸ਼ੇ ਵੇਚਣ ਵਾਲਿਆਂ ਨੂੰ ਤਾੜਨਾ ਵੀ ਕੀਤੀ। ਇਸ ਮੌਕੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਢਿੱਲੋਂ, ਸੰਦੀਪ ਗੁਲਾਟੀ, ਜਸਵਿੰਦਰ ਸਿੰਘ ਸੋਨੂੰ, ਬਖਤੌਰ ਸਿੰਘ ਢਿੱਲੋਂ, ਪ੍ਰਗਟ ਸਿੰਘ, ਹਰਪ੍ਰੀਤ ਸਿੰਘ ਨੰਬਰਦਾਰ, ਜਗਦੇਵ ਸਿੰਘ ਢਿੱਲੋਂ, ਰੂਪ ਸਿੰਘ ਢਿੱਲੋਂ, ਗੁਰਸੇਵਕ ਸਿੰਘ ਮਾਨੀ ਸਿੰਘਵਾਲਾ, ਜਗਜੀਤ ਸਿੰਘ ਪੰਚ, ਪਰਮਪਾਲ ਸਿੰਘ ਔਲਖ, ਬਲਜਿੰਦਰ ਸਿੰਘ ਭੁੱਲਰ, ਰਛਪਾਲ ਸਿੰਘ, ਗੁਰਪ੍ਰੀਤ ਕੁਮਾਰ, ਸੰਜੀਵ ਚਾਵਲਾ, ਦਰਸ਼ਨ ਸਿੰਘ ਗਾਵੜੀ ਆਦਿ ਵੱਡੀ ਗਿਣਤੀ ’ਚ ਪਿੰਡ ਵਾਸੀ ਵੀ ਹਾਜਰ ਸਨ।