ਪਰਿਵਾਰ ਵੱਲੋਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸਾਸਨ ਤੋਂ ਵਿੱਤੀ ਮੱਦਦ ਦੀ ਮੰਗ
ਸਾਦਿਕ, 2 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਾਦਿਕ ਨੇੜੇ ਪਿੰਡ ਬੀਹਲੇਵਾਲਾ ਵਿਖੇ ਇੱਕ ਸਾਬਕਾ ਫੌਜੀ ਦੇ ਘਰ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਘਰ ਦਾ ਸਮਾਨ, ਸੋਨਾ ਤੇ ਨਗਦੀ ਸੜ ਕੇ ਸੁਆਹ ਹੋ ਜਾਣ ਦਾ ਖ਼ਬਰ ਮਿਲੀ ਹੈ। ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਸਾਬਕਾ ਫੌਜੀ ਪੁੱਤਰ ਬਲਦੇਵ ਸਿੰਘ ਜੋ ਪਿੰਡੋਂ ਬਾਹਰ ਢਾਣੀ ’ਚ ਰਹਿੰਦਾ ਹੈ। ਉਹ ਆਪਣੇ ਘਰ ਆਪਣੀ ਮਾਤਾ ਤੇ ਪਤਨੀ ਨਾਲ ਘਰ ’ਚ ਹਾਜਰ ਬਾਹਰਲੇ ਕਮਰਿਆਂ ’ਚ ਬੈਠੇ ਰੋਟੀ ਪਾਣੀ ਕਰ ਰਹੇ ਸਨ ਕਿ ਅਚਾਨਕ ਜੋਰਦਾਰ ਅਵਾਜ਼ ਆਈ ਤੇ ਘਰ ’ਚ ਧੂੰਆਂ ਹੀ ਧੂੰਆਂ ਫੈਲ ਗਿਆ। ਪੀੜਤ ਦਲਜੀਤ ਸਿੰਘ ਨੇ ਦੱਸਿਆ ਕਿ ਅਚਾਨਕ ਸਭ ਕੁਝ ਵਾਪਰਿਆ ਤਾਂ ਅਸੀਂ ਹੈਰਾਨ ਰਹਿ ਗਏ। ਸਾਰੇ ਘਰ ’ਚ ਅੱਗ ਹੀ ਅੱਗ ਤੇ ਧੁੂੰਆਂ ਫੈਲ ਗਿਆ। ਅਸੀਂ ਬੜੀ ਮੁਸ਼ੱਕਤ ਨਾਲ ਘਰ ਦਾ ਸਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਅੱਗ ਦਾ ਧੂੰਆਂ ਦੇਖ ਕੇ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਉਨਾਂ ਗੁਰਦਵਾਰਾ ਸਾਹਿਬ ਵਿਖੇ ਅਵਾਜ ਦਿੱਤੀ ਤਾਂ ਲੋਕ ਵੱਡੀ ਗਿਣਤੀ ’ਚ ਮੌਕੇ ’ਤੇ ਪੁੱਜ ਗਏ ਤੇ ਨਾਲ ਪਾਣੀ ਵਾਲੇ ਡਰੰਮ ਵੀ ਲੈ ਕੇ ਆਏ ਪਰ ਅੱਗ ਜ਼ਿਆਦਾ ਤੇਜ਼ ਹੋਣ ਕਰਕੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਸੀ। ਫਿਰ ਫਾਇਰ ਬਰਗੇਡ ਨੂੰ ਬੁਲਾਇਆ ਤੇ ਪੰਚਾਇਤ, ਨਗਰ ਨਿਵਾਸੀਆਂ ਤੇ ਫਾਇਰਬਿਗ੍ਰੇਡ ਨੇ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਮੇਰੀਆਂ ਅੱਖਾਂ ਸਾਹਮਣੇ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਤੇ ਅਸੀਂ ਕੁਝ ਨਹੀਂ ਕਰ ਸਕੇ। ਕਿਸਾਨ ਆਗੂ ਡਾ. ਕਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਘਰ ਦੇ ਕਮਰੇ ਦੀਆਂ ਛੱਤਾਂ ਡਿੱਗ ਪਈਆਂ, ਲੋਹੇ ਦੇ ਮੋਟੇ ਗਾਡਰ ਦੂਹਰੇ ਹੋ ਗਏ। ਅਲਮਾਰੀ, ਪੇਟੀਆਂ, ਪੱਖੇ, ਮੰਜੇ, ਸੰਦੂਕ ਤੇ ਘਰ ਦੇ ਲਗਭਗ ਸਾਰੇ ਕੱਪੜੇ ਸੜ ਗਏ ਤੇ ਗੌਦਰੇਜ਼ ’ਚ ਲੱਖਾਂ ਰੁਪਏ ਮੁੱਲ ਦਾ ਪਿਆ ਸੋਨਾ ਤੇ ਨਗਦੀ ਵੀ ਅੱਗ ਦੀ ਭੇਂਟ ਚੜ ਗਏ। ਪਿੰਡ ਵਾਸੀਆਂ ਨੇ ਕਿਹਾ ਕਿ ਦੇਸ ਦੀ ਸੇਵਾ ਕਰਕੇ ਸਾਰੀ ਉਮਰ ਦੀ ਕੀਤੀ ਕਮਾਈ ਇੱਕ ਪਲ ’ਚ ਖਤਮ ਹੋ ਗਈ। ਉਹਨਾਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸਾਸਨ ਫਰੀਦਕੋਟ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਤੁਰਤ ਵਿੱਤੀ ਮੱਦਦ ਕੀਤੀ ਜਾਵੇ। ਇਸ ਮੌਕੇ ਪਵਨਦੀਪ ਸੇਖੋਂ, ਲਖਵੀਰ ਸਿੰਘ, ਹਰਵੀਰ ਸਿੰਘ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਸੁਖਚੈਣ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ, ਕਸਮੀਰ ਸਿੰਘ, ਅੱਛਖ਼ਰ ਸਿੰਘ, ਮੰਦਰ ਸਿੰਘ ਤੇ ਬੋਹੜ ਸਿੰਘ ਵੀ ਹਾਜਰ ਸਨ।
Leave a Comment
Your email address will not be published. Required fields are marked with *