ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਜਾਣੀ-ਪਛਾਣੀ ਸਮਾਜਸੇਵੀ ਸਖਸੀਅਤ ਮਾ: ਬਿੱਕਰ ਸਿੰਘ ਹਾਂਗਕਾਂਗ ਹਮੇਸ਼ਾਂ ਪਿੰਡ ਦੀ ਭਲਾਈ ਬਾਰੇ ਸੋਚਦੇ ਰਹਿੰਦੇ ਹਨ। ਉਨਾਂ ਦੀ ਉੱਚੀ-ਸੁੱਚੀ ਸੋਚ ਕਰਕੇ ਪਿੰਡ ਭਲੂਰ ’ਚ ਇੱਕ ਬਹੁਤ ਹੀ ਸ਼ਾਨਦਾਰ ਮਾਡਰਨ ਧਰਮਸ਼ਾਲਾ ਬਣ ਰਹੀ ਹੈ। ਇਸ ਮਾਡਰਨ ਧਰਮਸ਼ਾਲਾ ਦਾ ਮੁੱਢ ਓਦੋਂ ਬੱਝਾ ਜਦੋਂ ਪਿੰਡ ਭਲੂਰ ਦੇ ਸਵ: ਦਲੀਪ ਸਿੰਘ ਜੈਲਦਾਰ ਦੇ ਪ੍ਰੀਵਾਰ ਵਲੋਂ ਲਗਭਗ 5 ਕਨਾਲ ਕੀਮਤੀ ਪਲਾਟ ਕਿਸੇ ਸੁਚੱਜੇ ਕਾਰਜ ਲਈ ਦਾਨ ਕਰ ਦਿੱਤਾ। ਉਸੇ ਵਕਤ ਮਾ: ਬਿੱਕਰ ਸਿੰਘ ਹਾਂਗਕਾਂਗ ਨੇ ਇੱਥੇ ਮਾਡਰਨ ਧਰਮਸ਼ਾਲਾ ਬਣਾਉਣ ਦਾ ਤਹੱਈਆ ਕਰ ਲਿਆ ਤੇ ਫਿਰ ਆਪਣੀ ਇੱਕ ਕਿੱਲਾ ਕੀਮਤੀ ਜਮੀਨ ਵੇਚ ਕੇ ਉਸਾਰੀ ਸ਼ੁਰੂ ਕਰ ਦਿੱਤੀ। ਹੁਣ ਗੁਰੂ ਹਰਕਿ੍ਰਸਨ ਵੈਲਫੇਅਰ ਸੁਸਾਇਟੀ ਅਤੇ ਭਾਈ ਦੇਸ ਰਾਜ ਵਿਕਾਸ ਕਮੇਟੀ ਦੀ ਸਹਾਇਤਾ ਨਾਲ ਉਸਾਰੀ ਦਾ ਕੰਮ ਜੋਰਸੋਰ ਨਾਲ ਚੱਲ ਰਿਹਾ ਹੈ। ਸਰੀ ਵਸਦੇ ਭਲੂਰ ਦੇ ਐਨ.ਆਰ.ਆਈ. ਨੇ ਵੀ ਇਸ ਬਹੁਮੰਤਵੀ ਕਾਰਜ ਵਿੱਚ ਹਿੱਸਾ ਪਾਉਦਿਆਂ 175000 ਰੁ: ਦੀ ਨਗਦ ਰਾਸੀ ਭੇਜੀ ਹੈ ਜੋ ਕਿ ਮਨਜੀਤ ਸਿੰਘ ਬਰਾੜ ਨੇ ਪਤਵੰਤਿਆਂ ਦੀ ਹਾਜਰੀ ’ਚ ਮਾ: ਬਿੱਕਰ ਸਿੰਘ ਜੀ ਦੇ ਸਪੁਰਦ ਕੀਤੀ। ਮਾ: ਬਿੱਕਰ ਸਿੰਘ ਅਤੇ ਪਤਵੰਤਿਆਂ ਨੇ ਸਰੀ ਦੇ ਐਨ.ਆਰ.ਆਈ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹਾਇਤਾ ਮਿਲਣ ਤੇ ਸਾਨੂੰ ਬਹੁਤ ਵੱਡਾ ਹੌਸਲਾ ਮਿਲਿਆ ਹੈ। ਮਾ: ਬਿੱਕਰ ਸਿੰਘ ਹਾਂਗਕਾਂਗ ਨੇ ਇਹ ਵੀ ਦੱਸਿਆ ਕਿ ਲੋਹੇ ਦੇ ਸਾਰੇ ਕੰਮ ਦੀ ਜਿੰਮੇਵਾਰੀ ਭਲੂਰ ਦੇ ਕੈਲਗਿਰੀ ਵਾਸੀ, ਪ੍ਰਸਿੱਧ ਖੇਡ ਪ੍ਰਮੋਟਰ ਮੇਜਰ ਸਿੰਘ ਬਰਾੜ ਨੇ ਲੈ ਲਈ ਹੈ। ਉਨਾਂ ਨੇ ਮੇਜਰ ਸਿੰਘ ਬਰਾੜ ਦਾ ਵੀ ਵਿਸੇਸ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਲਗਭਗ ਇੱਕ ਕਰੋੜ ਰੁ: ਦਾ ਹੈ, ਇਸ ਲਈ ਭਲੂਰ ਦੇ ਸਾਰੇ ਹੀ ਐਨ.ਆਰ.ਆਈ. ਨੂੰ ਇਸ ਮਹਾਨ ਕਾਰਜ ’ਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਹ ਇਲਾਕੇ ’ਚ ਨਿਵੇਕਲਾ ਪ੍ਰੋਜੈਕਟ ਹੋਵੇਗਾ ਜਿੱਥੇ ਵਿਆਹ-ਸਾਦੀ, ਪਾਰਟੀ ਅਤੇ ਹੋਰ ਜਨਤਕ ਪ੍ਰੋਗਰਾਮ ਨਾ ਮਾਤਰ ਕੀਮਤ ਤੇ ਕੀਤੇ ਜਾ ਸਕਣਗੇ। ਅਖੀਰ ਵਿੱਚ ਉਨਾਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ।