ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਬੇਟੇ ਅਨਮੋਲ ਸਿੰਘ ਸੇਖੋਂ ਨੇ ਦਿੱਤੀ ਹਰੀ ਝੰਡੀ
ਫ਼ਰੀਦਕੋਟ 28 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਬਲਾਕ ਫਰੀਦਕੋਟ ਦਿਹਾਤੀ ਤੋਂ ਪਿੰਡ ਸੁੱਖਣਵਾਲਾ ਤੋਂ ਆਨੰਦਪੁਰ ਸਾਹਿਬ ਅਤੇ ਵੱਖ-ਵੱਖ ਤੀਰਥ ਸਥਾਨਾਂ ਲਈ ਬੱਸ ਨੂੰ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਬੇਟੇ ਅਨਮੋਲ ਸਿੰਘ ਸੇਖੋਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸੂਬੇ ਭਰ ਤੋਂ ਲੋਕ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਜਿਸ ’ਚ ਉਨ੍ਹਾਂ ਦੇ ਸਫ਼ਰ, ਰਿਹਾਇਸ਼ ਅਤੇ ਖਾਣ-ਪੀਣ ਦੇ ਸਾਰੇ ਖ਼ਰਚੇ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ, ਜੋ ਬੁਢਾਪੇ ਜਾਂ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਪ੍ਰਧਾਨ ਸਿਮਰਤ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਜਗਮੀਤ ਸਿੰਘ ਸੰਧੂ, ਬਲਵਿੰਦਰ ਸ਼ਰਮਾ, ਗੁਰਜੰਟ ਸਿੰਘ, ਡਾ. ਜਗਰੂਪ ਸਿੰਘ, ਚਰਨ ਸ਼ਰਮਾ ਅਤੇ ਕਾਲਾ ਸਿੰਘ ਬੀਹਲੇਵਾਲਾ ਆਦਿ ਵੀ ਹਾਜ਼ਰ ਸਨ।