ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫ਼ਰੀਦਕੋਟ, 6 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪਿੰਡ ਸੰਧਵਾਂ ਵਿਖੇ ਸੀਵਰੇਜ ਦੀ ਆ ਰਹੀ ਸਮੱਸਿਆ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਸੀਵਰੇਜ਼ ਸਿਸਟਮ ਦੇ ਰੱਖ-ਰਖਾਅ ਅਤੇ ਸਫ਼ਾਈ ਆਦਿ ਦੇ ਸਮੁੱਚੇ ਕਾਰਜ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕੱਲੇ-ਇਕੱਲੇ ਪੁਆਇੰਟ ’ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਜੇਕਰ ਸੀਵਰੇਜ ਸਬੰਧੀ ਫੰਡਾਂ ਦੀ ਘਾਟ ਹੈ ਤਾਂ ਲਿਖਤੀ ਰੂਪ ’ਚ ਦਿੱਤਾ ਜਾਵੇ, ਜਿਸ ਦੇ ਢੁੱਕਵੇਂ ਹੱਲ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕੰਮ ’ਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਸਬੰਧੀ ਕੰਮ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ ਤਾਂ ਪਿੰਡ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਇੱਕ ਹਫਤੇ ’ਚ ਰਿਪੋਰਟ ਸਬਮਿਟ ਕਰਨ ਦੀ ਹਦਾਇਤ ਕੀਤੀ ਤਾਂ ਜੋ ਆਉਣ ਵਾਲੇ ਦਿਨਾਂ ’ਚ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕੂੜਾ ਕਰਕਟ ਅਤੇ ਹੋਰ ਫਾਲਤੂ ਸਮਾਨ ਨਾਲਿਆਂ ’ਚ ਸੁੱਟਣ ਤੋਂ ਪ੍ਰਹੇਜ ਕਰਨ, ਆਪੋ-ਆਪਣੇ ਘਰਾਂ ’ਚ ਡਸਟਬੀਨ ਲਵਾਉਣ, ਸਫਾਈ ਕਰਮਚਾਰੀਆਂ ਦੀਆਂ ਰੇਹੜੀਆਂ ’ਚ ਗਿੱਲਾ-ਸੁੱਕਾ ਕੂੜਾ ਵੱਖੋ-ਵੱਖਰੇ ਢੰਗ ਨਾਲ ਪਾਉਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸੀਵਰੇਜ ਦੀ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਨੂੰ ਪਿੰਡਾਂ ’ਚ ਛੱਪੜਾਂ ਦੇ ਪਾਣੀ ਦੀ ਸਫਾਈ ਅਤੇ ਨਿਕਾਸੀ ਸਬੰਧੀ ਆ ਰਹੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ।
Leave a Comment
Your email address will not be published. Required fields are marked with *