ਕੋਟਕਪੂਰਾ, 28 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਸਥਾਨਕ ਸਦਰ ਥਾਣੇ ਦੀ ਪੁਲਿਸ ਵਲੋਂ ਪੁਲਿਸ ਅਤੇ ਜੁਡੀਸ਼ੀਅਰੀ ਵਿੱਚ ਨੌਕਰੀਆਂ ਦਿਵਾਉਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ ਗਿ੍ਰਫਤਾਰ ਕੀਤੇ ਗਏ ਮੈਂਬਰਾਂ ’ਚੋਂ ਗਿਰੋਹ ਦੇ ਸਰਗਨੇ ਦੀ ਕੇਂਦਰੀ ਮਾਡਰਨ ਜੇਲ ਫਰੀਦਕੋਟ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਫਿਲਹਾਲ ਪੁਲਿਸ ਉਕਤ ਮੁਲਜਮ ਦਾ ਪੋਸਟਮਾਰਟਮ ਕਰਵਾ ਰਹੀ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ। ਜਿਕਰਯੋਗ ਹੈ ਕਿ ਬੀਤੀ 16 ਦਸੰਬਰ ਨੂੰ ਜਿਲਾ ਪੁਲਿਸ ਵਲੋਂ ਉਕਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸ ਦੇ ਮੁੱਖ ਮੁਲਜਮ ਨੇੜਲੇ ਪਿੰਡ ਪੰਜਗਰਾਈਂ ਕਲਾਂ ਦੇ ਵਸਨੀਕ ਜਗਪਾਲ ਸਿੰਘ ਅਤੇ ਉਸਦੀ ਪਤਨੀ ਸਮੇਤ ਪੁਲਿਸ ਨੇ ਹੋਰ ਵੀ ਮੁਲਜਮਾ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਸੀ। ਉਕਤ ਮਾਮਲੇ ਦਾ ਮੁੱਖ ਮੁਲਜਮ ਜਗਪਾਲ ਸਿੰਘ ਇੰਨੀ ਦਿਨੀਂ ਜੁਡੀਸ਼ੀਅਲ ਰਿਮਾਂਡ ’ਤੇ ਸੀ ਅਤੇ ਬੀਤੀ ਸ਼ਾਮ ਉਸਦੀ ਜੇਲ ਵਿੱਚ ਅਚਾਨਕ ਤਬੀਅਤ ਵਿਗੜ ਗਈ, ਜਿਸ ਕਰਕੇ ਉਸਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਜੇਲ ਸੁਪਰਡੈਂਟ ਰਾਜੀਵ ਅਰੋੜਾ ਮੁਤਾਬਿਕ ਉਕਤ ਹਵਾਲਾਤੀ ਜਗਪਾਲ ਸਿੰਘ ਨੂੰ 20 ਦਸੰਬਰ ਨੂੰ ਜੇਲ ਵਿੱਚ ਲਿਆਂਦਾ ਗਿਆ ਸੀ, 24 ਦਸੰਬਰ ਨੂੰ ਉਸਦੀ ਅਚਾਨਕ ਤਬੀਅਤ ਖਰਾਬ ਹੋ ਗਈ, ਜੇਲ ਦੇ ਡਾਕਟਰਾਂ ਵਲੋਂ ਚੈੱਕਅਪ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸਦਾ ਬੀਪੀ ਲਗਾਤਾਰ ਵੱਧ-ਘੱਟ ਹੋ ਰਿਹਾ ਸੀ। ਹਾਲਤ ਵਿਗੜਦਿਆਂ ਦੇਖ ਕੇ ਉਸਨੂੰ ਤੁਰਤ ਹਸਪਤਾਲ ਵਿਖੇ ਭੇਜਿਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
Leave a Comment
Your email address will not be published. Required fields are marked with *