ਵੱਖ ਵੱਖ ਜਿਲਿਆਂ ਦੇ ਏ.ਟੀ.ਐੱਮ. ਵਾਲੇ ਖਪਤਕਾਰ ਬਣਦੇ ਸਨ ਸ਼ਿਕਾਰ
ਬੱਚਿਆਂ, ਬਜੁਰਗਾਂ, ਔਰਤਾਂ ਅਤੇ ਅਣਜਾਣ ਵਿਅਕਤੀਆਂ ਨੂੰ ਬਣਾਉਂਦਾ ਸੀ ਆਪਣਾ ਨਿਸ਼ਾਨਾ
ਕੋਟਕਪੂਰਾ, 23 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੱਚਿਆਂ, ਬਜੁਰਗਾਂ, ਔਰਤਾਂ ਜਾਂ ਅਣਜਾਣ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਅੱਖ ਦੇ ਝਪੱਕੇ ਨਾਲ ਏ.ਟੀ.ਐੱਮ. ਬਦਲ ਕੇ ਠੱਗੀਆਂ ਮਾਰਨ ਵਿੱਚ ਮਾਹਰ ਲੜਕਾ ਆਖਰ ਪੁਲਿਸ ਦੇ ਅੜਿੱਕੇ ਚੜ ਹੀ ਗਿਆ। ਸੀਆਈਏ ਸਟਾਫ ਫਰੀਦਕੋਟ ਦੀ ਪੁਲਿਸ ਨੇ ਗਗਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਜਲਾਲਾਬਾਦ ਨੂੰ ਕਾਬੂ ਕਰਕੇ ਉਸ ਕੋਲੋਂ ਵੱਖ-ਵੱਖ ਬੈਂਕਾਂ ਦੇ ਅਨੇਕਾਂ ਏ.ਟੀ.ਐੱਮ. ਕਾਰਡ ਵੀ ਬਰਾਮਦ ਕੀਤੇ ਹਨ। ਪੈ੍ਰਸ ਕਾਨਫਰੰਸ ਦੌਰਾਨ ਵਰਿਆਮ ਸਿੰਘ ਡੀਐੱਸਪੀ ਨੇ ਦੱਸਿਆ ਕਿ ਉਕਤ ਨਟਵਰ ਲਾਲ ਕਿਸਮ ਦਾ ਲੜਕਾ ਅਕਸਰ ਅਣਜਾਣ ਵਿਅਕਤੀਆਂ ਜਾਂ ਬੱਚਿਆਂ ਮਗਰ ਏ.ਟੀ.ਐੱਮ. ਕੈਬਿਨ ਵਿੱਚ ਦਾਖਲ ਹੋ ਕੇ ਪੈਸੇ ਕਢਾਉਣ ਵਿੱਚ ਮੱਦਦ ਕਰਨ ਦਾ ਢੌਂਗ ਰਚਦਾ ਸੀ, ਹਮਦਰਦੀ ਦੀ ਆੜ ਵਿੱਚ ਖਪਤਕਾਰ ਦਾ ਪਾਸਵਰਡ ਪਤਾ ਲਾ ਕੇ ਚਲਾਕੀ ਨਾਲ ਏ.ਟੀ.ਐੱਮ. ਬਦਲ ਕੇ ਦੇ ਦਿੰਦਾ ਸੀ ਅਤੇ ਬਾਅਦ ਵਿੱਚ ਉਸਦਾ ਖਾਤਾ ਸਾਫ ਕਰ ਦਿੰਦਾ ਸੀ। ਉਹਨਾਂ ਦੱਸਿਆ ਕਿ ਗਗਨਦੀਪ ਖਿਲਾਫ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਤਹਿਤ ਛੇ ਮਾਮਲੇ ਦਰਜ ਹਨ ਅਤੇ ਉਕਤ ਲੜਕਾ ਜਿਲਾ ਫਰੀਦਕੋਟ ਤੋਂ ਇਲਾਵਾ ਨੇੜਲੇ ਅੱਧੀ ਦਰਜਨ ਤੋਂ ਜਿਆਦਾ ਜਿਲਿਆਂ ਦੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। ਉਹਨਾਂ ਦੱਸਿਆ ਕਿ ਉਸ ਖਿਲਾਫ ਸਿਟੀ ਥਾਣਾ ਫਰੀਦਕੋਟ ਵਿਖੇ ਆਈਪੀਸੀ ਦੀ ਧਾਰਾ 420/379 ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਂਝ ਉਹਨਾਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਵਾਪਰੀਆਂ ਹੋਰ ਅਜਿਹੀਆਂ ਠੱਗੀ ਠੋਰੀ ਜਾਂ ਚੋਰੀ ਦੀਆਂ ਘਟਨਾਵਾਂ ਦਾ ਸੁਰਾਗ ਲਾਇਆ ਜਾ ਸਕੇ।
Leave a Comment
Your email address will not be published. Required fields are marked with *