ਬਠਿੰਡਾ 14 ਦਸੰਬਰ,( ਅੰਜੂ ਅਮਨਦੀਪ ਗਰੋਵਰ/ ਮੰਗਤ ਕੁਲਜਿੰਦ/ਵਰਲਡ ਪੰਜਾਬੀ ਟਾਈਮਜ਼)
ਜ਼ੂਮ ਦੇ ਸਾਗਰ ਚੋਂ ਨਿਕਲ, ਮਾਂ ਧਰਤੀ ਦੀ ਗੋਦ ਵਿੱਚ ਬਹਿੰਦਿਆਂ , ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਨੇ ਆਪਣੇ ਜ਼ਜਬਾਤਾਂ ਰਾਹੀਂ ਅੰਬਰੀਂ ਉਡਾਰੀਆਂ ਲਾਉਣ ਅਤੇ ਮਾਂ ਬੋਲੀ ਪੰਜਾਬੀ ਦੇ ਝੰਡੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਬਠਿੰਡਾ ਦੀ ਸਰ-ਜ਼ਮੀ
ਤੇ ‘ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ’ ਵਿੱਚ ਇਕ ਪ੍ਰਭਾਵਸ਼ਾਲੀ ‘ਅੰਤਰਰਾਸ਼ਟਰੀ ਸਾਹਿਤਕ ਸਮਾਗਮ’ ਦਿਸੰਬਰ 10,2023 ਨੂੰ ਆਯੋਜਿਤ ਕੀਤਾ।ਪੁੰਗਰਦੇ ਹਰਫ਼ ਦੀ ਸੰਸਥਾਪਿਕਾ ਰਮਨਦੀਪ ਕੌਰ ਰੰਮੀ,ਪ੍ਰਧਾਨ ਅਮਨਬੀਰ ਸਿੰਘ ਧਾਮੀ (ਸਾਊਥ ਕੋਰੀਆ) ਅਤੇ ਸਲਾਹਕਾਰ ਵਿਅੰਗਕਾਰ ਮੰਗਤ ਕੁਲਜਿੰਦ ਨੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ।ਇਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ, ਪੁੰਗਰਦੇ ਹਰਫ਼ ਗਰੁੱਪ ਦੇ ਮੈਂਬਰਜ਼ ਆਪਣੀਆਂ ਵੱਖੋ ਵੱਖਰੇ ਰੰਗ ਦੀਆਂ ਰਚਨਾਵਾਂ ਲੈ ਕੇ ਪਹੁੰਚੇ।ਇਟਲੀ ਤੋਂ ਵਿਸ਼ੇਸ਼ ਤੌਰ ਤੇ ਆਏ, ਸ਼ਬਦਾਂ ਦੇ ਜਾਦੂਗਰ ਦਲਜਿੰਦਰ ਰਹਿਲ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸਨ ਜਦੋਂ ਕਿ ਕੈਨੇਡਾ ਤੋਂ ਆਏ ਬਹੁ-ਵਿਧਾਵੀ ਲੇਖਕ ਬਿਕਰਮਜੀਤ ਨੂਰ ਜੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।
ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸਰਵ ਸ਼੍ਰੀ ਪ੍ਰਿੰ.ਤਸ਼ਵਿੰਦਰ ਸਿੰਘ ਮਾਨ, (ਦਸ਼ਮੇਸ਼ ਪਬਲਿਕ ਸੀ.ਸੈ.ਸਕੂਲ ਬਠਿੰਡਾ),ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ, ਅਮਰਜੀਤ ਸਿੰਘ ਪੇਂਟਰ ਸਟੇਟ ਐਵਾਰਡੀ, ਕਹਾਣੀਕਾਰ ਜਸਪਾਲ ਮਾਨਖੇੜਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਠਿੰਡਾ,ਪ੍ਰਿੰ.ਡਾ.ਕਮਲਪ੍ਰੀਤ ਕੌਰ ਸੰਧੂ ਮੰਚ ਦੇ ਸਲਾਹਕਾਰ, ਸੁਸ਼ੋਭਿਤ ਸਨ।ਪ੍ਰਧਾਨਗੀ ਮੰਡਲ ਵੱਲੋਂ ਸ਼ਮਾ ਰੋਸ਼ਨ ਕਰਨ ਤੋਂ ਬਾਅਦ ਸਟੇਜ ਸੰਚਾਲਿਕਾ ਕਿਰਨਜੀਤ ਕੌਰ ਨੇ ਮੰਚ ਦੀ ਸੰਸਥਾਪਿਕਾ ਨੂੰ ਆਏ ਹੋਏ ਕਵੀ-ਕਵਿੱਤਰੀਆਂ ਅਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਦਾ ਸੱਦਾ ਦਿੱਤਾ।ਖੂਬਸੂਰਤ ਸ਼ਬਦਾਂ ਦੀ ਵਾਕ-ਲੜੀ ਨਾਲ ਆਏ ਹੋਏ ਮਹਿਮਾਨਾਂ ਦੇ ਕਦਮਾਂ ਨੂੰ ਸਿਰ ਮੱਥੇ ਪ੍ਰਵਾਣ ਕਰਦਿਆਂ ਰਮਨਦੀਪ ਕੌਰ ਰੰਮੀ ਨੇ ਮੰਚ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ।ਅੱਜ ਦੇ ਸਮਾਗਮ ਦੇ ਮੁੱਖ-ਆਕਰਸ਼ਣ ‘ਅੰਤਰ ਰਾਸ਼ਟਰੀ ਕਵੀ ਦਰਬਾਰ’ ਵਿੱਚ- ਲੱਕੀ ਕਮਲ ਲੁਧਿਆਣਾ, ਗ਼ਜ਼ਲਗੋ ਅਮਰਜੀਤ ਸਿੰਘ ਜੀਤ ਬਠਿੰਡਾ, ਕੁਲਦੀਪ ਸਿੰਘ ਬੰਗੀ ਬਠਿੰਡਾ, ਡਾ.ਗੁਰਸ਼ਰਨ ਸਿੰਘ ਅੰਮ੍ਰਿਤਸਰ, ਮਾਸਟਰ ਜਗਨ ਨਾਥ ਬਠਿੰਡਾ,ਜਸਵਿੰਦਰ ਕੌਰ ਜੱਸੀ,ਮਨਦੀਪ ਕੌਰ ਭਦੌੜ, ਸਿਮਰਪਾਲ ਕੌਰ ਬਠਿੰਡਾ,ਰਾਜਦੇਵ ਕੌਰ ਬਠਿੰਡਾ, ਕਿਰਨਜੀਤ ਕੌਰ ਜੈਤੋ,ਮਨਦੀਪ ਸਿਧੂ,ਰਾਜਿੰਦਰ ਗੰਢੂਆ, ਕਸ਼ਮੀਰ ਸਿੰਘ ਸਰਾਵਾਂ, ਰਣਜੀਤ ਗੌਰਵ ਸਕੱਤਰ ਪੰ.ਸਾ.ਸਭਾ ਬਠਿੰਡਾ, ਕਿਰਨਜੀਤ ਕੌਰ, ਅੰਜੂ ਅਮਨਦੀਪ ਗਰੋਵਰ ਅਤੇ ਕੁਲਵੰਤ ਕੌਰ ਆਦਿ ਨੇ ਆਪਣੀਆਂ ਕਾਵਿਕ ਰਚਨਾਵਾਂ ਰਾਹੀਂ ਭਾਵਨਾਵਾਂ ਅਤੇ ਜ਼ਜਬਾਤਾਂ ਦੀ ਸਾਂਝ ਪਾਈ।ਬਿਕਰਮਜੀਤ ਨੂਰ ਜੀ ਨੇ ਮਿਲ ਬੈਠ ਅਜਿਹੇ ਪ੍ਰੋਗਰਾਮ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਸ਼ਬਦਾਂ ਸੰਗ ਸਾਂਝ ਪਾਉਣ ਦੀ ਵਕਾਲਤ ਕੀਤੀ ਅਤੇ ਆਪਣੀ ਨਜ਼ਮ ਸਰੋਤਿਆਂ ਨਾਲ ਸਾਂਝੀ ਕੀਤੀ ।ਜਸਪਾਲ ਮਾਨਖੇੜਾ ਜੀ ਨੇ ਕਵੀ ਦਰਬਾਰ ਦਾ ਹਿੱਸਾ ਬਣਦਿਆਂ ਲੇਖਕਾਂ ਨੂੰ ‘ਪਰ’ ਦੀ ਗੱਲ ਕਰਨ ਦੇ ਆਪਣੇ ਫ਼ਰਜ਼ਾਂ ਦੀ ਯਾਦ ਦਿਲਾਈ ।ਸੁਖਦਰਸ਼ਨ ਗਰਗ ਨੇ ਆਪਣੀਆ ਮਜ਼ਾਹੀਆਂ ਰੰਗ ਦੀਆਂ ਰੁਬਾਈਆਂ ਨਾਲ ਮਾਹੌਲ ਨੂੰ ਹਲਕਾ ਕੀਤਾ।ਸਦਾ ਹੀ ਬੁਰਸ਼ੀ-ਰੰਗਾਂ ਨਾਲ ਅਠਖੇਲੀਆਂ ਕਰਦੇ ਰਹਿਣ ਵਾਲੇ ਅਮਰਜੀਤ ਸਿੰਘ ਪੇਂਟਰ ਨੇ ਅੱਜ ਕਾਵਿ ਵਿੱਚ ਵੀ ਰੰਗ ਭਰਿਆ।ਯੁਗਾਂ ਯੁਗਾਂ ਤੋਂ ਚੱਲਦੇ ਆਉਂਦੇ ਪ੍ਰਵਾਸ ਦੇ ਵਹਿਣਾਂ ਦੀ ਗੱਲ ਕਰਦਿਆਂ ਦਲਜਿੰਦਰ ਰਹਿਲ ਜੀ ਨੇ ਮਾਂ ਬੋਲੀ ਪੰਜਾਬੀ ਨੂੰ ਨਾ ਭੁੱਲਣ ਦੀ ਕਸਮ ਪਾਉਣ ਅਤੇ ਸ਼ਬਦ-ਸ਼ਕਤੀ ਸੰਗ ਚਿੰਤਕ ਬਣਕੇ ਵਿਚਰਨ ਦੀ ਗੱਲ ਕੀਤੀ। ‘ਪੰਜਾਬੀ ਸਦਾ ਜਿਉਂਦੀ ਰਹੇਗੀ’ ਦੇ ਸਮਰਥਕ ਰਹਿਲ ਜੀ ਨੇ ਤਿੰਨ ਕਵਿਤਾਵਾਂ ‘ਪੰਜਾਬ’, ‘ਪਿਆਸ’ ਅਤੇ ‘ਪ੍ਰਵਾਸ’ ਦੇ ਅਦਬੀ ਸ਼ਬਦਾਂ ਦੀ ਮਹਿਕ ਵੰਡੀ। ਜਿੱਥੇ ਕਸ਼ਮੀਰ ਸਿੰਘ ਸਰਾਵਾਂ ਨੇ ਕਵੀਸ਼ਰੀ ਦੀ ਤਰਜ਼ ਤੇ ਰੰਗ ਬੰਨਿਆ ਤੇ ਮਲਵਈ ਗਿੱਧੇ ਦੀਆਂ ਕੁਝ ਬੋਲੀਆਂ ਸੁਣਾਈਆਂ ਉਥੇ ਰਮਨਦੀਪ ਰੰਮੀ ਨੇ ਆਪਣੀ ਚਰਚਿਤ ਗ਼ਜ਼ਲ ‘ਬਹੁਤੇ ਦੁੱਖ ਤੇ ਘੱਟ ਹਿਯਾਤੀ,
ਹੋ ਗੀ ਵੱਟੋ ਵਟ ਹਿਯਾਤੀ’ ਨੂੰ ਆਵਾਜ਼ ਦਿੱਤੀ।ਮਨੁੱਖੀ ਜ਼ਿੰਦਗੀ ਵਿੱਚ ਲੋੜੋਂ ਵੱਧ ਘੁਸਪੈਠ ਕਰ ਬੈਠੇ ਫੋਨ ਦੇ ਦੁਸ਼-ਪ੍ਰਭਾਵਾਂ ਦਾ ਜ਼ਿਕਰ ਮੰਗਤ ਕੁਲਜਿੰਦ ਨੇ ਆਪਣੇ ਕਾਵਿ-ਵਿਅੰਗ ‘ਸਮਾਰਟ ਫੋਨ’ ਵਿੱਚ ਕੀਤਾ ਅਤੇ ਨਾਲ ਦੀ ਨਾਲ ਉਹਨਾਂ ਬਾਹਰੋਂ ਆਏ ਮਹਿਮਾਨਾਂ ਦੀ ਜਾਣ-ਪਛਾਣ ਸਰੋਤਿਆਂ ਨੁੰ ਕਰਵਾਈ।ਆਪਣੀ ਬੁਲੰਦ ਆਵਾਜ਼ ਅਤੇ ਸੁਝਾਰੂ ਸ਼ਬਦਾਂ ਨਾਲ ਸਟੇਜ ਸੰਚਾਲਨ ਦੇ ਕੰਮ ਨੂੰ ਸਿਰੇ ਪਹੁੰਚਾਉਂਦਿਆਂ ਕਿਰਨਜੀਤ ਕੌਰ ਨੇ ਸਮੇਂ ਸਮੇਂ ਲੋੜ ਮੁਤਾਬਿਕ ਸ਼ੇਅਰ ਬੋਲੇ ਉਥੇ ਉਸਨੇ ਆਪਣੇ ਲਿਖੇ ਕਬਿਤ ਰਾਹੀਂ ਹਿੱਸਾ ਪਾਇਆ।
ਇਸ ਕਵੀ ਦਰਬਾਰ ਵਿੱਚ ਕਵੀਆਂ ਨੂੰ ਸ਼ੁਭ ਇਛਾਵਾਂ ਦੇਣ ਲਈ ਆਪਣੇ ਕੀਮਤੀ ਸਮੇਂ `ਚੋਂ ਸਮਾਂ ਕੱਢ ਕੇ ਆਏ ਕੈਨੇਡਾ ਵਾਸੀ ਸ੍ਰ.ਦਲਜੀਤ ਸਿੰਘ ਗੈਦੂ (ਚੇਅਰਮੈਨ ਸਰਵ ਸਾਂਝਾਂ ਕਵੀ ਦਰਬਾਰ)ਵੀ ਪਹੁੰਚੇ। ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਸਮੇਤ ਪਹੁੰਚੀ ਅੰਜੂ ਗਰੋਵਰ ਅਤੇ ਆਪਣੇ ਪਰਿਵਾਰ ਸੰਗ ਪਹੁੰਚੇ ਲੱਕੀ ਕਮਲ ਨੇ, ਪ੍ਰਬੰਧਕਾਂ ਨੂੰ ਸਫਲ ਪ੍ਰੋਗਰਾਮ ਲਈ ਵਧਾਈ ਦਿੰਦਿਆਂ, ਉਹਨਾਂ ਦਾ ਸਨਮਾਨ ਕੀਤਾ।ਪ੍ਰਧਾਨਗੀ ਭਾਸ਼ਨ ਵਿੱਚ ਬਿਕਰਮਜੀਤ ਨੂਰ ਜੀ ਨੇ ਪੇਸ਼ ਕਵਿਤਾਵਾਂ ਦੀ ਸੰਖੇਪ ਸਮੀਖਿਆ ਕੀਤੀ।
ਤਜਿੰਦਰ ਝੀਡੇਕਲਾਂ,ਕਰਨਦੀਪ ਸਿੰਘ ਗਿੱਲ,ਜਸਵੀਰ ਸਿੰਘ, ਗੁਰਮੀਤ ਸਿੰਘ,ਪਰਮਿੰਦਰ ਸਿੰਘ,ਭੁਪਿੰਦਰ ਕੌਰ,ਮਨਰਾਜ ਕੌਰ,ਸੁਨੀਤਾ ਰਾਨੀ,ਕਮਲ ਦੀਪ ਕੌਰ ਆਦਿ ਦੀ ਹਾਜ਼ਰੀ ਵੀ ਸਮਾਗਮ ਦੀ ਸ਼ੋਭਾ ਵਧਾ ਰਹੀ ਸੀ।
ਕਵੀ ਕਵਿਤਰੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਅਤੇ ਲੇਖਕਾਂ ਦੀਆਂ ਨਵੀਆਂ ਛਪੀਆਂ ਪੁਸਤਕਾਂ ਭੇੱਟ ਕੀਤੀਆਂ ਗਈਆਂ। ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣੀਆਂ ਸਾਰੀਆਂ ਸ਼ਖਸੀਅਤਾਂ ਦਾ ਅੰਤ ਵਿੱਚ ਅਦਬੀ ਸ਼ਬਦਾਂ ਨਾਲ ਧੰਨਵਾਦ ਕੀਤਾ ਗਿਆ। ਮੰਚ ਦੇ ਚੇਅਰਮੈਨ ਬਲਿਹਾਰ ਸਿੰਘ ਲਹਿਲ ਸਿਆਟਲ ਅਤੇ ਮੰਚ ਦੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਸਾਊਥ ਕੋਰੀਆ ਨੇ ਵੀ ਸੋਸ਼ਲ ਮੀਡੀਏ ਰਾਹੀਂ ਸ਼ਮੂਲੀਅਤ ਕੀਤੀ।ਸਾਰੇ ਸਮਾਗਮ ਨੂੰ ਜੀ.ਟੀ.ਵੀ.ਨੈਟਵਰਕ ਅਤੇ ਜੀਵਨ ਟੀ.ਵੀ. ਤੇ ਪੇਸ਼ ਕਰਨ ਲਈ ਇਸ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਨ ਦੀ ਡਿਊਟੀ ਕਿਰਨਜੀਤ ਕੌਰ ਨੇ ਨਿਭਾਈ।ਚਾਹ ਪਾਣੀ ਅਤੇ ਲੰਗਰ ਲਈ ਸੁਖਦੇਵ ਰਾਮ ਸ਼ਰਮਾ ਜੀ ਦੀਆਂ ਸੇਵਾਵਾਂ ਹਾਜ਼ਰ ਸਨ।
Leave a Comment
Your email address will not be published. Required fields are marked with *