ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਪੁੱਡਾ, ਬੀ.ਡੀ.ਏ. ਬਠਿੰਡਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸਮੇਤ ਸਬੰਧਤ ਮਹਿਕਮਿਆਂ ਨੂੰ ਵਾਰ ਵਾਰ ਲਿਖਤੀ ਸ਼ਿਕਾਇਤਾਂ ਭੇਜ ਕੇ ਅੱਕ ਅਤੇ ਥੱਕ ਚੁੱਕੇ ਪੁੱਡਾ ਅਪਰੂਵਡ ਕਲੋਨੀ ਫਰੀਦ ਇਨਕਲੇਵ ਦੇ ਵਸਨੀਕਾਂ ਨੇ ਬਣਦੀਆਂ ਸਹੂਲਤਾਂ ਨਾ ਮਿਲਣ ਦੇ ਰੋਸ ਵਜੋਂ ਕੋਟਕਪੂਰਾ-ਫਰੀਦਕੋਟ ਰੋਡ ’ਤੇ 24 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਰੋਸ ਧਰਨਾ ਲਾਉਣ ਅਤੇ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ। ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਉਪ ਪ੍ਰਧਾਨ ਗਮਦੂਰ ਸਿੰਘ ਮੁਤਾਬਿਕ ਕਲੋਨੀ ਵਾਸੀ ਪਿਛਲੇ ਲੰਮੇ ਸਮੇਂ ਤੋਂ ਕਲੋਨੀ ਵਿੱਚ ਹੋਈਆਂ ਬੇਨਿਯਮੀਆਂ ਸਮੇਤ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਵਾਰ ਵਾਰ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਜਾਣੂ ਕਰਵਾਉਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਦੱਸਿਆ ਕਿ ਕਲੋਨੀ ਦੇ ਕੁਝ ਰਸੂਖਦਾਰ ਵਿਅਕਤੀਆਂ ਵਲੋਂ ਕਲੋਨਾਈਜਰਾਂ ਨਾਲ ਮਿਲ ਕੇ ਕਲੋਨੀ ਅੰਦਰ ਸਥਿੱਤ ਇਕੋ ਇਕ ਸਕੂਲ ਨੂੰ ਬੰਦ ਕਰਕੇ ਆਪਣੇ ਖਾਸਮਖਾਸ ਨੂੰ ਲਾਭ ਪਹੁੰਚਾਉਣ ਲਈ ਸਕੂਲ ਦੀ ਜਗਾ ਵਿੱਚ ਕਲੱਬ ਖੋਲਿਆ ਜਾ ਰਿਹਾ ਹੈ। ਸੁਸਾਇਟੀ ਦੇ ਉਪ ਸਕੱਤਰ ਕੁਲਜਿੰਦਰ ਸਿੰਘ ਰੋਡ ਮੁਤਾਬਿਕ ਕਲੋਨੀ ਦਾ ਸੀਵਰੇਜ ਟਰੀਟਮੈਂਟ ਪਲਾਂਟ ਲੰਮੇ ਸਮੇਂ ਤੋਂ ਬੰਦ ਪਿਆ ਹੈ, ਜਿਸ ਕਾਰਨ ਸੀਵਰੇਜ ਪ੍ਰਬੰਧਾਂ ਦਾ ਬੁਰਾ ਹਾਲਤ ਹੈ। ਕਮੇਟੀ ਮੈਂਬਰ ਗੁਰਸ਼ਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਰਾਂ ਨੇ ਇਲਾਕੇ ਦੀਆਂ ਇਨਸਾਫ ਪਸੰਦ ਸੰਸਥਾਵਾਂ ਤੇ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।