ਉਗੀ ਕਣਕ ਦੀ ਹਰਿਆਵਲ ਹੋਰਨਾਂ ਕਿਸਾਨਾਂ ਲਈ ਬਣ ਰਹੀ ਹੈ ਪ੍ਰੇਰਨਾ ਸ੍ਰੋਤ
ਹੈਪੀ ਸੀਡਰ ਨਾਲ 70 ਏਕੜ ਕਣਕ ਦੀ ਕਰ ਚੁੱਕੇ ਨੇ ਬਿਜਾਈ
ਬਠਿੰਡਾ, 24 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼))
ਜ਼ਿਲ੍ਹੇ ਦੇ ਪਿੰਡ ਪੂਹਲੀ ਦਾ ਸੰਯੁਕਤ ਪਰਿਵਾਰ ਪਰਾਲੀ ਪ੍ਰਬੰਧਨ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਪਰਿਵਾਰ ਦੇ 3 ਸਕੇ ਭਰਾਵਾਂ ਦਰਸ਼ਨ ਸਿੰਘ, ਗੁਰਤੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕਰੀਬ 72 ਏਕੜ ਵਿੱਚ ਖੇਤੀ ਕੀਤੀ ਜਾ ਰਹੀ ਹੈ। ਤਿੰਨਾਂ ਭਰਾਵਾਂ ਵੱਲੋਂ ਹੈਪੀ ਸੀਡਰ ਵਰਗੀਆਂ ਆਧੁਨਿਕ ਸੁਧਰੀਆਂ ਮਸ਼ੀਨਾਂ ਨਾਲ ਕੀਤੀ ਗਈ ਕਣਕ ਦੀ ਬਿਜਾਈ ਦੀ ਮੁਢਲੀ ਹਰਿਆਵਲ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਬਣ ਰਹੀ ਹੈ।
ਇਸ ਪਰਿਵਾਰ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੰਯੁਕਤ ਪਰਿਵਾਰ ਵੱਲੋਂ ਖੁਦ ਪੂਰੀ ਮੇਹਨਤ ਨਾਲ 72 ਏਕੜ ਜ਼ਮੀਨ ਚ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਜੱਦੀ ਜ਼ਮੀਨ ਭਾਵੇਂ 18 ਏਕੜ ਹੈ ਅਤੇ ਬਾਕੀ ਜ਼ਮੀਨ ਠੇਕੇ ਤੇ ਲੈ ਕੇ ਉਹ ਵਾਹੀ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀ ਵਿਚ ਉਸ ਦੇ ਪੂਰੇ ਪਰਿਵਾਰਕ ਮੈਂਬਰਾਂ ਜਿੰਨ੍ਹਾਂ ਚ ਉਨ੍ਹਾਂ ਦੇ ਲੜਕੇ ਅਤੇ ਘਰ ਦੀਆਂ ਔਰਤਾਂ ਦਾ ਵੀ ਪੂਰਾ ਸਹਿਯੋਗ ਰਹਿੰਦਾ ਹੈ।
ਇਸ ਅਗਾਂਹ ਵਧੂ ਕਿਸਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾ ਅੱਗ ਲਗਾਏ ਆਧੁਨਿਕ ਮਸ਼ੀਨਰੀ ਵੀ ਵਰਤੋਂ ਕਰਦਿਆਂ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਸੀਜ਼ਨ ਦੌਰਾਨ ਵੀ ਉਨ੍ਹਾਂ ਵੱਲੋਂ 45-46 ਏਕੜ ਜ਼ਮੀਨ ਜਿਸ ਦੀ ਬਿਜਾਈ ਹੈਪੀ ਸੀਡਰ ਨਾਲ 28 ਅਕਤੂਬਰ ਤੋਂ 5 ਨਵੰਬਰ ਦਰਮਿਆਨ ਕੀਤੀ ਗਈ ਸੀ, ਜੋ ਕਿ ਹੁਣ ਤੱਕ ਪੂਰੀ ਤਰ੍ਹਾਂ ਉਗ ਚੁੱਕੀ ਹੈ, ਜਿਸ ਨੂੰ ਪਹਿਲਾ ਪਾਣੀ ਲਗਾਇਆ ਜਾ ਰਿਹਾ ਹੈ।
ਖੇਤੀਬਾੜੀ ਦੀ ਚੰਗੀ ਸੂਝ ਰੱਖਣ ਵਾਲੇ ਇਸ ਕਿਸਾਨ ਦਾ ਇਹ ਵੀ ਕਹਿਣਾ ਸੀ ਕਿ ਜੋ ਕਿਸਾਨ ਖੁਦ ਆਪਣੇ ਹੱਥੀਂ ਅਤੇ ਸ਼ੌਂਕ ਨਾਲ ਖੇਤੀ ਕਰਦੇ ਹਨ, ਉਨ੍ਹਾਂ ਲਈ ਖੇਤੀ ਕਦੇ ਵੀ ਘਾਟੇ ਵਾਲਾ ਸੌਦਾ ਨਹੀਂ ਹੁੰਦੀ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਬੀਜ ਬੀਜਣ ਅਤੇ ਨਵੀਂਆਂ ਤਕਨੀਕਾਂ ਰਾਹੀਂ ਕਣਕ ਦੀ ਬਿਜਾਈ ਕਰਨ ਨਾਲ ਕਿਸਾਨ ਦੀ ਫ਼ਸਲ ਦੇ ਉਤਪਾਦਨ ਤੇ ਕੋਈ ਅਸਰ ਨਹੀਂ ਪੈਂਦਾ, ਸਗੋਂ ਫ਼ਸਲ ਦਾ ਝਾੜ ਵੱਧ ਨਿਕਲਦਾ ਹੈ।
ਕਿਸਾਨ ਦਾ ਇਹ ਵੀ ਮੰਨਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦਾ ਕੋਈ ਫਾਇਦਾ ਨਹੀਂ ਸਗੋਂ ਵਾਤਾਵਰਣ ਨੂੰ ਗੰਧਲਾ ਕਰਕੇ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਉਸਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਸਰਕਾਰ ਵੱਲੋਂ ਪਰਾਲੀ ਦੇ ਸਹੀ ਪ੍ਰਬੰਧਨ ਸਬੰਧੀ ਜੋ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਲਾਹਾ ਲਿਆ ਜਾਵੇ।
ਇਸ ਮੌਕੇ ਖੇਤੀਬਾੜੀ ਅਫ਼ਸਰ ਬਲਾਕ ਨਥਾਣਾ, ਸ੍ਰੀ ਜਸਕਰਨ ਸਿੰਘ ਨੇ ਕਿਹਾ ਕਿ ਦੂਸਰੇ ਕਿਸਾਨਾਂ ਨੂੰ ਵੀ ਇਨ੍ਹਾਂ ਸਕੇ ਭਰਾਵਾਂ ਤੋਂ ਸੇਧ ਲੈ ਕੇ ਵਾਤਾਵਰਣ ਦੀ ਸਵੱਛਤਾ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦਿਆਂ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਕੇ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ।
Leave a Comment
Your email address will not be published. Required fields are marked with *