ਅੰਗਰੇਜ਼ੀ ਲੈਕਚਰਾਰ ਦੀ ਸਟੇਸ਼ਨ ਚੋਣ ਸਮੇਂ ਸਾਰੇ ਖਾਲੀ ਪਏ ਸਟੇਸ਼ਨ ਸ਼ੋਅ ਨਾ ਕਰਨਾ ਪੇਂਡੂ ਵਿਦਿਆਰਥੀਆਂ ਨਾਲ ਘੋਰ ਵਿਤਕਰਾ : ਪ੍ਰੇਮ ਚਾਵਲਾ
ਕੋਟਕਪੂਰਾ,11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਮਾਸਟਰ ਕੇਡਰ ਤੋਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰ ਕੇਡਰ ਦੀਆਂ ਲਗਭਗ 2500 ਪਦ ਉਨਤੀਆਂ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪ੍ਰਮੋਟ ਹੋਏ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਵੱਖ ਵੱਖ ਮਿਤੀਆਂ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਦਫਤਰ ਮੋਹਾਲੀ ਵਿਖੇ ਸਟੇਸ਼ਨ ਚੋਣ ਕਰਨ ਲਈ ਬੁਲਾਇਆ ਗਿਆ ਸੀ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਧਿਆਨ ਵਿੱਚ ਆਇਆ ਹੈ ਕਿ ਵਿਭਾਗ ਨੇ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰਾਂ ਦੀ ਸਟੇਸ਼ਨ ਚੋਣ ਕਰਵਾਉਣ ਸਮੇਂ ਬਹੁਤ ਸਾਰੇ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਸ਼ੋਅ ਹੀ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਕਈ ਨਵੇਂ ਪਦ ਉਨਤ ਹੋਏ ਲੈਕਚਰਾਰ ਆਪਣੀ ਸਟੇਸ਼ਨ ਚੋਣ ਨਹੀਂ ਦੇ ਸਕੇ ਤੇ ਉਹਨਾਂ ਨੇ ਆਪਣੀ ਪਦਉਨਤ ਨੂੰ ਛੱਡਣਾ ਹੀ ਬਿਹਤਰ ਸਮਝਿਆ ਤੇ ਕਈ ਲੈਕਚਰਾਰਾਂ ਨੂੰ ਮੋਗਾ ਅਤੇ ਫਿਰੋਜਪੁਰ ਜਿਲਿਆਂ ਵਿੱਚ ਖਾਲੀ ਪਏ ਸਟੇਸ਼ਨਾਂ ਦੀ ਚੋਣ ਕਰਨ ਲਈ ਮਜਬੂਰ ਹੋਣਾ ਪਿਆ। ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ
ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਸਟੇਸ਼ਨ ਖਾਲੀ ਹੋਣ ਦੇ ਬਾਵਜੂਦ ਸ਼ੋਅ ਨਾ ਕਰਨ ਦੀ ਗੈਰ ਤਰਕ ਸੰਗਤ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅਧਿਆਪਕ ਆਗੂ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੱਤਾ, ਬਾਜਾਖਾਨਾ, ਰੋੜੀਕਪੂਰਾ, ਚੰਦਭਾਨ ਜੀਵਨ ਵਾਲਾ, ਝੱਖੜਵਾਲਾ, ਬਾਜਾਖਾਨਾ (ਕੁੜੀਆਂ) ਡੋਹਕ ਅਤੇ ਜੰਡ ਸਾਹਿਬ ਸਕੂਲ ਵਿੱਚ ਅੰਗਰੇਜ਼ੀ ਲੈਕਚਰਾਰਾਂ ਦੀਆਂ ਅਸਾਮੀਆਂ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਈਆਂ ਹਨ ਪਰ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰਾਂ ਦੀ ਸਟੇਸ਼ਨ ਚੋਣ ਸਮੇਂ ਆਸਾਮੀਆਂ ਸ਼ੋਅ ਨਾ ਕਰਨਾ ਜਿੱਥੇ ਪੇਂਡੂ ਵਿਦਿਆਰਥੀਆਂ ਨਾਲ ਵੱਡਾ ਵਿਤਕਰਾ ਕੀਤਾ ਗਿਆ ਹੈ ਉਸ ਦੇ ਨਾਲ ਨਾਲ ਤਰੱਕੀ ਦਾ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਅਧਿਆਪਕਾਂ ਨਾਲ ਵੀ ਵੱਡੀ ਧੱਕੇਸ਼ਾਹੀ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਪੇਂਡੂ ਵਿਦਿਆਰਥੀਆਂ ਦੀ ਗੁਣਾਤਮਕ ਸਿੱਖਿਆ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪਏ ਸਾਰੇ ਸਟੇਸ਼ਨ ਸ਼ੋਅ ਕਰਕੇ ਨਵੇਂ ਪਦਉਨਤ ਹੋਏ ਲੈਕਚਰਾਰਾਂ ਨੂੰ ਦੁਬਾਰਾ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਜਾਵੇ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਅਧਿਆਪਕ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀ ਇਸ ਕੁਤਾਹੀ ਦਾ ਨੋਟਿਸ ਲੈਂਦੇ ਹੋਏ ਤੁਰੰਤ ਪੇਂਡੂ ਵਿਦਿਆਰਥੀਆਂ ਨਾਲ ਨਿਆਂ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਨਜ਼ੂਰ ਸ਼ੁਦਾ ਸਾਰੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਕਈ ਅਧਿਆਪਕਾਂ ਦਾ ਨਾਮ ਅਲੱਗ ਅਲੱਗ ਵਿਸ਼ਿਆਂ ਦੀ ਸੂਚੀ ਵਿੱਚ ਆ ਗਏ ਸਨ। ਉਹਨਾਂ ਅਧਿਆਪਕਾਂ ਵੱਲੋਂ ਕੇਵਲ ਇੱਕ ਵਿਸ਼ੇ ਵਿੱਚ ਹੀ ਬਤੌਰ ਲੈਕਚਰਾਰ ਹਾਜ਼ਰ ਹੋਏ ਹਨ ਇਸ ਲਈ ਪ੍ਰਮੋਸ਼ਨਾਂ ਉਪਰੰਤ ਵੀ ਬਹੁਤ ਸਾਰੀਆਂ ਅਸਾਮੀਆਂ ਫਿਰ ਖਾਲੀ ਰਹਿ ਗਈਆਂ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੇਟਿੰਗ ਲਿਸਟ ਤਿਆਰ ਕਰਕੇ ਅਗਲੇ ਯੋਗ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਪਦ ਉਨਤ ਕੀਤਾ ਜਾਵੇ, ਕਿਉਂਕਿ ਅਜੇ ਵੀ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਲੈਕਚਰਾਰ ਕਾਡਰ ਅਤੇ ਹੋਰ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।
Leave a Comment
Your email address will not be published. Required fields are marked with *