ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦੇ ਲਾਗੂ ਕਰਨ ਤੋਂ ਭੱਜ ਰਹੀ ਹੈ ਭਗਵੰਤ ਮਾਨ ਸਰਕਾਰ
ਚੋਣਾਂ ਵਿੱਚ ਖਮਿਆਜਾ ਭੁਗਤਣ ਲਈ ਤਿਆਰ ਰਹੇ ਆਮ ਆਦਮੀ ਪਾਰਟੀ : ਆਗੂ
ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਕੋਟਕਪੂਰਾ ਤਹਿਸੀਲ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਸਥਾਨਕ ਐਸ.ਡੀ.ਐਮ. ਦਫਤਰ ਸਾਹਮਣੇ ਮਿਉਂਸਪਲ ਪਾਰਕ ਵਿੱਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਫਰੀਦਕੋਟ ਦੇ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਕੁਲਵਿੰਦਰ ਸਿੰਘ ਮੌੜ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਪ੍ਰੀਤਮ ਸਿੰਘ ਖਜ਼ਾਨਾ ਦਫਤਰ, ਕੁਲਵੰਤ ਸਿੰਘ ਚਾਨੀ, ਹਰਪਾਲ ਸਿੰਘ ਮਚਾਕੀ, ਅਸ਼ੋਕ ਕੌਸ਼ਲ, ਹਰਵਿੰਦਰ ਸ਼ਰਮਾ, ਪ੍ਰਦੀਪ ਸਿੰਘ ਬਰਾੜ, ਜਗਵੰਤ ਸਿੰਘ ਬਰਾੜ, ਰਜਿੰਦਰ ਸਿੰਘ ਸਰਾਂ, ਇਕਬਾਲ ਸਿੰਘ ਢੁੱਡੀ ਜਿਲਾ ਪ੍ਰਧਾਨ ਕਲਾਸ ਫ਼ੋਰ ਯੂਨੀਅਨ ਤੇ ਭਰਾਤਰੀ ਜਥੇਬੰਦੀ ਦੇ ਆਗੂ ਸੁਖਜਿੰਦਰ ਸਿੰਘ ਤੁੰਬੜਭੰਨ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਇਸ ਸਰਕਾਰ ਨੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਏ ਸਮੂਹ ਪੈਨਸ਼ਨਰਾਂ, ਆਊਟ ਸੋਰਸ, ਕੱਚੇ, ਠੇਕਾ ਆਧਾਰਤ ਤੇ ਰੈਗੂਲਰ ਮੁਲਾਜ਼ਮਾਂ ਅਤੇ ਸਕੀਮ ਵਰਕਰਾਂ ਦੀ ਆਪਣੇ 21 ਮਹੀਨੇ ਦੇ ਕਾਰਜ ਕਾਲ ਦੌਰਾਨ ਇੱਕ ਮੰਗ ਵੀ ਪੂਰੀ ਨਹੀਂ ਕੀਤੀ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਸਮੂਹ ਦਫਤਰੀ ਕਾਮੇ 8 ਨਵੰਬਰ ਤੋਂ ਕਲਮ ਛੋੜ ਹੜਤਾਲ ‘ਤੇ ਚੱਲ ਰਹੇ ਹਨ ਪਰ ਮੁੱਖ ਮੰਤਰੀ ਪੰਜਾਬ ਕੋਲ ਸਮੂਹ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀ ਗੱਲ ਸੁਣਨ ਲਈ ਕੋਈ ਟਾਈਮ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਪੈਨਸ਼ਨਰ, ਪੰਜਾਬ ਦੇ ਸਮੂਹ ਦਰਜਾ ਚਾਰ ਮੁਲਾਜ਼ਮ ਤੋਂ ਦਰਜਾ ਇੱਕ ਤੱਕ ਦੇ ਅਧਿਕਾਰੀ ਇਸ ਸਮੇਂ ਕੇਂਦਰ ਸਰਕਾਰ ਤੇ ਕਈ ਰਾਜਾਂ ਦੇ ਹੋਰ ਮੁਲਾਜ਼ਮਾਂ ਨਾਲੋਂ 12 ਫੀਸਦੀ ਮਹਿੰਗਾਈ ਭੱਤਾ ਘੱਟ ਲੈ ਰਹੇ ਹਨ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲ ਸਾਢੇ ਪੰਜ ਸਾਲਾਂ ਦਾ ਤਨਖਾਹਾ, ਪੈਨਸ਼ਨਾਂ ‘ਤੇ ਲ਼ੀਵ ਇਨਕੈਸ਼ਮੈਂਟ ਦਾ ਬਕਾਇਆ ਪੈਂਡਿੰਗ ਪਿਆ ਹੈ, ਲਗਭਗ ਇੱਕ ਸਾਲ ਪਹਿਲਾਂ ਪੰਜਾਬ ਮੰਤਰੀ ਮੰਡਲ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਫੈਸਲਾ ਅਜੇ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਹੋਇਆ, ਪੰਜਾਬ ਸਰਕਾਰ ਨੇ ਅਜੇ ਤੱਕ ਇੱਕ ਵੀ ਠੇਕਾ ਆਧਾਰਤ ਅਤੇ ਆਊਟਸੋਰਸ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਤੇ ਨਾ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਅਜੇ ਤੱਕ ਕੋਈ ਵਾਧਾ ਕੀਤਾ ਹੈ। ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਘੱਟ ਉਜਰਤਾਂ ਦੇ ਕੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਇਹਨਾਂ ਨਾਲ ਕੀਤਾ ਇੱਕ ਵੀ ਚੋਣ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਮੂਹ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਪੰਜਾਬ ਦੇ ਪੈਨਸ਼ਨਰ ਅਤੇ ਮੁਲਾਜ਼ਮ ਪਿਛਲੀਆਂ ਹੁਕਮਰਾਨ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਨੂੰ ਵੀ ਸਬਕ ਸਿਖਾਉਣ ਲਈ ਮਜਬੂਰ ਹੋਣਗੇ। ਆਗੂਆਂ ਨੇ ਐਲਾਨ ਕੀਤਾ ਕਿ ਕੱਲ 15 ਦਸੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 11:00 ਵਜੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਸਾਹਮਣੇ ਰੋਸ ਰੈਲੀ ਕਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਮਨਾਥ ਅਰੋੜਾ, ਮਦਨ ਲਾਲ ਸ਼ਰਮਾ ਸੰਧਵਾਂ, ਕੁਲਬੀਰ ਸਿੰਘ ਸਰਾਵਾਂ ਪਸ਼ੂ ਪਾਲਣ ਵਿਭਾਗ, ਹੇਮ ਰਾਜ ਸ਼ਰਮਾ, ਪ੍ਰਿੰਸੀਪਲ ਜੁਗਰਾਜ ਸਿੰਘ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਤਾਰਾ ਸਿੰਘ ਖਜਾਨਾ ਦਫਤਰ, ਰਾਮ ਰਖਾ ਸਿੰਘ, ਗੁਰਦੀਪ ਸਿੰਘ, ਵਿਪਨ ਕੁਮਾਰ ਦਿਓੜਾ, ਬਲਵਿੰਦਰ ਸਿੰਘ ਗੋਸਵਾਮੀ, ਸੁਭਾਸ਼ ਕੁਮਾਰ ਸ਼ਰਮਾ, ਕ੍ਰਿਸ਼ਨ ਲਾਲ ਕਾਲੜਾ, ਵਿਸਾਖਾ ਸਿੰਘ ਸਰਾਂ, ਗੇਜ ਰਾਮ ਭੌਰਾ, ਨੰਦ ਲਾਲ, ਹਾਕਮ ਸਿੰਘ ਤੇ ਮੇਜਰ ਸਿੰਘ ਡੀ ਪੀ ਈ, ਅਮਰਜੀਤ ਸਿੰਘ ਵਾਲੀਆ, ਹਰਪ੍ਰੀਤ ਸਿੰਘ, ਬੰਤ ਸਿੰਘ, ਰਿੰਕੂ ਸਿੰਘ ਮੰਡੀ ਬੋਰਡ, ਹਰਪ੍ਰੀਤ ਸਿੰਘ ਬਿਜਲੀ ਬੋਰਡ ਤੇ ਪਰਮਿੰਦਰ ਸਿੰਘ ਜਟਾਣਾ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *